ਸੁਲਤਾਨਪੁਰ ਲੋਧੀ/ ਜਲੰਧਰ 12 ਅਕਤੂਬਰ 2021 – ਕੋਵਿਡ-19 ਨੂੰ ਮਾਤ ਦੇਣ ਲਈ ਕੋਰੋਨਾ ਟੀਕਾਕਰਨ ਕਰਵਾਉਣਾ ਜਰੂਰੀ ਹੈ ਅਤੇ ਇਸ ਮਨੋਰਥ ਨੂੰ ਪੂਰਾ ਕਰਨ ਲਈ ਸਿਹਤ ਵਿਭਾਗ ਲਗਾਤਾਰ ਯਤਨਸ਼ੀਲ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ ਵਲੋਂ ਦੱਸਿਆ ਗਿਆ ਕਿ ਭਾਰਤ ਜਲਦ ਹੀ 100 ਕਰੋੜ ਕੋਰੋਨਾ ਦੇ ਟੀਕੇ ਲਗਾਉਣ ਦਾ ਅੰਕੜਾ ਪੂਰਾ ਕਰਨ ਜਾ ਰਿਹਾ ਹੈ।ਇਸ ਮੌਕੇ ਨੂੰ ਸਿਹਤ ਵਿਭਾਗ ਵਲੋਂ ਇਤਿਹਾਸਕ ਬਣਾਉਣ ਲਈ ਵੱਖ-ਵੱਖ ਗਤੀਵਿਧੀਆਂ ਕਰ ਲੋਕਾਂ ਨੂੰ ਟੀਕਾਕਰਨ ਕਰਵਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਇਸੇ ਦੇ ਚੱਲਦਿਆਂ ਮੰਗਲਵਾਰ ਨੂੰ ਸਹੀਦ ਬਾਬੂ ਲਾਭ ਸਿੰਘ ਯਾਦਗਾਰੀ ਨਰਸਿੰਗ ਸਕੂਲ ਦੇ ਟੀਕਾਕਰਨ ਸੇੈਂਟਰ ਵਿੱਚ ਹੈਲਥ ਕੇਅਰ ਵਰਕਰਜ਼ ਅਤੇ ਫਰੰਟ ਲਾਈਨ ਵਰਕਰਜ਼ ਨੂੰ ਉਤਸਾਹਿਤ ਕਰਨ ਲਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਡਾ. ਇੰਦੂ ਬਾਲਾ, ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਕਿਰਪਾਲ ਸਿੰਘ ਝੱਲੀ, ਪ੍ਰਿੰਸੀਪਲ ਕੁਲਵਿੰਦਰ ਕੌਰ, ਡਾ. ਰੀਤੀਕਾ, ਬੀ.ਈ.ਈ. ਰਾਕੇਸ਼ ਸਿੰਘ ਬੀ.ਈ.ਈ. ਮਾਨਵ ਸ਼ਰਮਾ, ਐਲ.ਐਚ.ਵੀ. ਸਤਵਿੰਦਰ ਕੌਰ, ਏ.ਐਨ.ਐਮ. ਰਾਜਵਿੰਦਰ ਕੌਰ, ਜਸਕਮਲ ਕੌਰ ਅਤੇ ਨਰਸਿੰਗ ਸਕੂਲ ਦੇ ਬੱਚੇ ਵੀ ਮੌਜੂਦ ਸਨ।
ਡਾ. ਰਾਕੇਸ਼ ਚੋਪੜਾ ਵਲੋਂ ਇਸ ਮੌਕੇ ਕੋਰੋਨਾ ਟੀਕਾਕਰਨ ਮੁਹਿੰਮ ਵਿੱਚ ਤਨ-ਦੇਹੀ ਨਾਲ ਆਪਣਾ ਯੋਗਦਾਨ ਦੇਣ ਲਈ ਸਿਹਤ ਵਿਭਾਗ ਦੇ ਅਧਿਕਾਰੀਆਂ,ਕਰਮਚਾਰੀਆਂ, ਸਮਾਜ ਸੇਵੀ ਸੰਸਥਾਵਾਂ ਅਤੇ ਹੋਰ ਵਿਭਾਗਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਯੋਧਿਆਂ ਕਾਰਨ ਅੱਜ ਭਾਰਤ 100 ਕਰੋੜ ਡੋਜ਼ਾਂ ਲਗਾਉਣ ਦੇ ਅੰਕੜੇ ਨੂੰ ਸਫ਼ਲਤਪੂਰਵਕ ਪ੍ਰਾਪਤ ਕਰਨ ਜਾ ਰਿਹਾ ਹੈ।ਉਨ੍ਹਾਂ ਇਹ ਦੱਸਦਿਆਂ ਖੁਸ਼ੀ ਜ਼ਾਹਿਰ ਕੀਤੀ ਕਿ ਸਿਹਤ ਵਿਭਾਗ ਜਲੰਧਰ ਵਲੋਂ ਹੁਣ ਤੱਕ ਜ਼ਿਲ੍ਹੇ `ਚ 20 ਲੱਖ ਤੋਂ ਵੱਧ ਕੋਰੋਨਾ ਟੀਕੇ ਦੀਆਂ ਡੋਜ਼ਾਂ ਲਗਾਈਆਂ ਜਾ ਚੁੱਕੀਆਂ ਹਨ ਅਤੇ ਇਹ ਸਭ ਹੈਲਥ ਕੇਅਰ ਵਰਕਰਜ਼ ਅਤੇ ਫਰੰਟ ਲਾਇਨ ਵਰਕਰਜ਼ ਦੀ ਮਿਹਨਤ ਸਦਕਾ ਹੈ।