ਬੀਬੀ ਜਗੀਰ ਕੌਰ ਨੇ ਵਿਸ਼ੇਸ਼ ਰਾਸ਼ੀ ਦੇ ਚੈੱਕ ਦੇ ਕੇ ਕੀਤੀ ਹੌਂਸਲਾ ਅਫਜ਼ਾਈ
ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਸੰਗਤਾਂ ਨੂੰ ਗੁਰਮਤਿ ਨਾਲ ਜੋੜਣ ਲਈ ਸ਼ੁਰੂ ਕੀਤੇ ਗਏ ਸਿੱਖ ਧਰਮ ਅਧਿਐਨ ਪੱਤਰ ਵਿਹਾਰ ਕੋਰਸ ਵਿਚੋਂ ਸੈਸ਼ਨ 2018-20 ਦੇ ਅੱਵਲ ਆਏ ਸਿਖਿਆਰਥੀਆਂ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਵਿਸ਼ੇਸ਼ ਰਾਸ਼ੀ ਦੇ ਚੈੱਕ, ਸਨਮਾਨ ਚਿੰਨ੍ਹ ਅਤੇ ਸਿਰੋਪਾਓ ਦੇ ਕੇ ਹੌਂਸਲਾ ਅਫਜ਼ਾਈ ਕੀਤੀ। ਇਸ ਕੋਰਸ ਵਿਚੋਂ ਪਹਿਲੇ ਸਥਾਨ ’ਤੇ ਰਹੇ ਭਾਈ ਜਸਪਾਲ ਸਿੰਘ ਨੂੰ 5100 ਰੁਪਏ, ਦੂਸਰੇ ਸਥਾਨ ’ਤੇ ਰਹਿਣ ਵਾਲੀ ਬੀਬੀ ਮੋਹਨਪ੍ਰੀਤ ਕੌਰ 4100 ਰੁਪਏ ਅਤੇ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੀ ਦਿਵਿਆ ਚਤਰਥ ਨੂੰ 3100 ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ। ਦੱਸਣਯੋਗ ਹੈ ਕਿ ਪਹਿਲੇ ਤਿੰਨ ਸਥਾਨਾਂ ’ਤੇ ਰਹਿਣ ਵਾਲੇ ਇਹ ਸਿਖਿਆਰਥੀ ਅੰਮ੍ਰਿਤਸਰ ਨਾਲ ਸਬੰਧਤ ਹਨ। ਧਰਮ ਪ੍ਰਚਾਰ ਕਮੇਟੀ ਵੱਲੋਂ ਪੱਤਰ ਵਿਹਾਰ ਕੋਰਸ ਆਮ ਸੰਗਤਾਂ ਲਈ ਚਲਾਇਆ ਜਾਂਦਾ ਹੈ ਅਤੇ ਹਰ ਸਾਲ ਇਸ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਦਾਖਲਾ ਪ੍ਰਾਪਤ ਕਰਦੀਆਂ ਹਨ। ਸੈਸ਼ਨ 2018-20 ਲਈ 2922 ਸਿਖਿਆਰਥੀਆਂ ਨੇ ਦਾਖਲਾ ਪ੍ਰਾਪਤ ਕੀਤਾ ਸੀ, ਜਿਨ੍ਹਾਂ ਵਿਚੋਂ 41 ਸਿਖਿਆਰਥੀਆਂ ਨੇ 80 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਕੇ ਮੈਰਿਟ ਵਿਚ ਸਥਾਨ ਬਣਾਇਆ। ਇਨ੍ਹਾਂ 41 ਸਿਖਿਆਰਥੀਆਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ 1100-1100 ਰੁਪਏ ਅਤੇ ਸਰਟੀਫਿਕੇਟ ਭੇਜੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਕੋਰਸ ਕਰਨ ਵਾਲੇ ਹਰ ਸਿਖਿਆਰਥੀ ਨੂੰ ਵੀ ਸਰਟੀਫਿਕੇਟ ਦਿੱਤੇ ਗਏ ਹਨ। ਕੋਰਸ ਵਿਚੋਂ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੇ ਸਿਖਿਆਰਥੀਆਂ ਨੂੰ ਸਨਮਾਨਿਤ ਕਰਨ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਆਖਿਆ ਕਿ ਪੱਤਰ ਵਿਹਾਰ ਕੋਰਸ ਦਾ ਦਾਇਰਾ ਬਹੁਤ ਵਿਸ਼ਾਲ ਹੈ ਅਤੇ ਇਸ ਵਿਚ ਦਾਖਲਾ ਲੈਣ ਲਈ ਕੋਈ ਉਮਰ ਹੱਦ ਜ਼ਰੂਰੀ ਨਹੀਂ ਹੈ। ਇਹ ਕੋਰਸ ਹਰ ਕੋਈ ਡਾਕ ਰਾਹੀਂ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਕੋਰਸ ਨਾਲ ਗੁਰਬਾਣੀ, ਸਿੱਖ ਇਤਿਹਾਸ ਅਤੇ ਰਹਿਤ ਮਰਯਾਦਾ ਨਾਲ ਜੋੜਿਆ ਜਾਂਦਾ ਹੈ। ਬੀਬੀ ਜਗੀਰ ਕੌਰ ਨੇ ਸੰਗਤ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਸੰਗਤਾਂ ਇਸ ਕੋਰਸ ਵਿਚ ਦਾਖਲਾ ਲੈ ਕੇ ਗੁਰਮਤਿ ਜਾਣਕਾਰੀ ਪ੍ਰਾਪਤ ਕਰਨ।ਇਸ ਮੌਕੇ ਅੰਤ੍ਰਿੰਗ ਕਮੇਟੀ ਮੈਂਬਰ ਸ. ਸਤਵਿੰਦਰ ਸਿੰਘ ਟੌਹੜਾ, ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾ ਕੋਹਨਾ, ਸ. ਸੁਖਮਿੰਦਰ ਸਿੰਘ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਸ. ਸਿਮਰਜੀਤ ਸਿੰਘ, ਸ. ਬਲਵਿੰਦਰ ਸਿੰਘ ਕਾਹਲਵਾਂ, ਓਐਸਡੀ. ਡਾ. ਅਮਰੀਕ ਸਿੰਘ, ਡਾ. ਸੁਖਬੀਰ ਸਿੰਘ, ਸੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ ਬਹਿੜਵਾਲ, ਡਾ. ਅਮਰਜੀਤ ਕੌਰ ਇੰਚਾਰਜ ਪੱਤਰ ਵਿਹਾਰ ਕੋਰਸ ਆਦਿ ਮੌਜੂਦ ਸਨ।