ਜਲੰਧਰ, 7 ਅਕਤੂਬਰ 2021 – ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਪ੍ਰੀਨਿਰਵਾਣ ਦਿਵਸ ਮੌਕੇ 9 ਅਕਤੂਬਰ ਨੂੰ ਜਲੰਧਰ ਦੀ ਡੀ.ਏ.ਵੀ ਯੂਨਿਵਰਸਿਟੀ ਨੇੜੇ ਬਹੁਜਨ ਸਮਾਜ ਪਾਰਟੀ ਵੱਲੋਂ ਕੀਤੀ ਜਾਣ ਵਾਲੀ ਭੁੱਲ ਸੁਧਾਰ ਰੈਲੀ ਦੀਆਂ ਤਿਆਰੀਆਂ ਦੀ ਸਮੀਖਿਆ ਲਈ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਵੱਲੋਂ ਜਲੰਧਰ ਵਿਖੇ ਸਾਂਝੇ ਤੌਰ ਤੇ ਪਾਰਟੀ ਆਗੂਆਂ ਨਾਲ ਮੀਟਿੰਗ ਕਰਕੇ ਰੈਲੀ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ ਗਈ।
ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਨੇ ਸਾਲ 2002 ਵਿੱਚ ਪੰਜਾਬ ‘ਚ ਪਹਿਲੀ ਵਾਰ ਭੁੱਲ ਸੁਧਾਰ ਰੈਲੀ ਕੀਤੀ ਸੀ ਜਿਸ ਵਿੱਚ ਸਾਹਿਬ ਕਾਂਸ਼ੀ ਰਾਮ ਜੀ ਨੇ ਕਿਹਾ ਸੀ ਕਿ ਸਮੇਂ ਸਮੇਂ ਤੇ ਅਨੇਕਾਂ ਮਹਾਂਪੁਰਸ਼ ਆਏ ਜਿਨ੍ਹਾਂ ਨੇ ਨਿਮਾਣੇ, ਨਿਆਸਰੇ ਬਹੁਜਨ ਸਮਾਜ ਨੂੰ ਸੱਤਾ ਦੀ ਚਾਬੀ ਆਪਣੇ ਹੱਥ ਵਿੱਚ ਲੈਣ ਲਈ ਪ੍ਰੇਰਿਆ। ਇਸ ਤਹਿਤ ਸ੍ਰੀ ਗੁਰੁ ਰਵਿਦਾਸ ਜੀ ਨੇ ‘ਐਸਾ ਚਾਹੂੰ ਰਾਜ ਮੈਂ’ ਅਤੇ ਬੇਗਮਪੁਰਾ ਦਾ ਸੰਕਲਪ ਦਿੱਤਾ, ਸ੍ਰੀ ਗੁਰੁ ਨਾਨਕ ਦੇਵ ਜੀ ਨੇ ਸ਼ੇਰਾਂ, ਬਘਿਆੜਾਂ ਵਰਗੇ ਹਾਕਮਾਂ ਨੂੰ ਬਦਲਕੇ ਲਾਇਕ ਹੁਕਮਰਾਨ ਪੈਦਾ ਕਰਨ ਲਈ ਲਾਮਬੰਦੀ ਕੀਤੀ, ਛੇਵੀਂ ਪਾਤਸ਼ਾਹੀ ਨੇ ਪੀਰੀ ਦੇ ਨਾਲ ਮੀਰੀ ਦੀ ਕਿਰਪਾਨ ਪਾ ਕੇ ਸੱਤਾ ਚੰਗੇ ਹੱਥਾਂ ਵਿੱਚ ਲੈਣ ਦੀ ਕੋਸ਼ਿਸ਼ ਕੀਤੀ, ਦਸ਼ਮੇਸ਼ ਪਿਤਾ ਨੇ ਇਨ ਗਰੀਬ ਸਿੱਖਨ ਕੋ ਦੂੰ ਪਾਤਸ਼ਾਹੀ ਦੇ ਸੰਕਲਪ ਤਹਿਤ 14 ਜੰਗਾਂ ਲੜੀਆਂ।
ਇਸ ਲੜੀ ਵਿਚ ਮਹਾਤਮਾ ਜੋਤੀਬਾ ਫੂਲੇ ਤੇ ਛੱਤਰਪਤੀ ਸਾਹੂ ਜੀ ਮਹਾਰਾਜ ਤੋਂ ਬਾਅਦ ਬਾਬਾ ਸਾਹਿਬ ਡਾ. ਅੰਬੇਦਕਰ ਨੇ ‘ਸੱਤਾ ਸਾਰੀਆਂ ਮੁਸ਼ਕਲਾਂ ਦੇ ਹੱਲ ਦੀ ਕੁੰਜੀ ਹੈ’ ਦਾ ਸੰਦੇਸ਼ ਦਿੱਤਾ ਅਤੇ ਦੇਸ਼ ਦੀ ਪਾਰਲੀਮੈਂਟ ਤੇ ਸੂਬਿਆਂ ਦੀਆਂ ਵਿਧਾਨਸਭਾਵਾਂ ਤੇ ਕਬਜਾਂ ਕਰਨ ਦਾ ਬਹੁਜਨ ਸਮਾਜ ਨੂੰ ਸੁਨੇਹਾ ਦਿੱਤਾ। ਪੰਜਾਬ ਵਿੱਚ ਵੀ ਦੁਆਬੇ ਦੀ ਧਰਤੀ ਤੇ ਬਾਬੂ ਮੰਗੂਰਾਮ ਮੰਗੋਵਾਲੀਆ ਜੀ ਨੇ ਆਦਿਧਰਮ ਅੰਦੋਲਨ ਦੇ ਮਾਧਿਅਮ ਤੋਂ ਸੱਤਾ ਦੇ ਭਾਗੀਦਾਰ ਬਣਨ ਦੀ ਪ੍ਰੇਰਣਾ ਦਿੱਤੀ।
ਸ. ਜਸਵੀਰ ਸਿੰਘ ਗੜ੍ਹੀ ਨੇ ਅੱਗੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਹਿਬ ਕਾਂਸ਼ੀ ਰਾਮ ਜੀ ਨੇ ਬਹੁਜਨ ਸਮਾਜ ਨੂੰ ਸੱਤਾ ਵਿੱਚ ਲਿਆਉਣ ਲਈ ਆਪਣਾ ਸਾਰਾ ਜੀਵਨ ਕੁਰਬਾਨ ਕਰ ਦਿੱਤਾ ਜਿਸ ਤਹਿਤ ਉਤਰ ਪ੍ਰਦੇਸ਼ ਵਿੱਚ ਬਹੁਜਨ ਸਮਾਜ ਪਾਰਟੀ ਨੇ 1995 ਤੋਂ ਬਾਦ ਚਾਰ ਵਾਰ ਆਪਣਾ ਮੁੱਖ ਮੰਤਰੀ ਭੈਣ ਕੁਮਾਰੀ ਮਾਇਆਵਤੀ ਜੀ ਦੇ ਰੂਪ ਵਿੱਚ ਬਣਾਇਆ ਅਤੇ 1993 ਵਿੱਚ ਉੱਤਰਪ੍ਰਦੇਸ਼ ਵਿੱਚ ਸਾਂਝੀ ਸਰਕਾਰ ਵਿੱਚ ਇੱਕ ਵਾਰ ਓ.ਬੀ.ਸੀ ਸਮਾਜ ਤੋਂ ਆਉਣ ਵਾਲੇ ਮੁਲਾਇਮ ਸਿੰਘ ਯਾਦਵ ਨੂੰ ਮੁੱਖ ਮੰਤਰੀ ਬਣਾਇਆ।
ਗੜ੍ਹੀ ਨੇ ਕਿਹਾ ਕਿ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਕਹਿੰਦੇ ਹੁੰਦੇ ਸੀ ਕਿ ਸਮੇਂ ਸਮੇਂ ਤੇ ਅਨੇਕਾਂ ਮਹਾਂਪੁਰਸ਼ ਆਏ ਪਰ ਅਸੀਂ ਉਨ੍ਹਾਂ ਦੀ ਗੱਲ ਨਾ ਮੰਨਕੇ ਹਮੇਸ਼ਾਂ ਸੱਤਾ ਦੇ ਹਿੱਸੇਦਾਰ ਬਣਨ ਦਾ ਮੌਕਾ ਗਵਾ ਲਿਆ ਤੇ ਸੱਤਾ ਦੀ ਚਾਬੀ ਆਪਣੇ ਹੱਥ ਵਿੱਚ ਲੈ ਨਾ ਸਕੇ ਪਰ 2022 ਵਿੱਚ ਜਿੱਥੇ ਬਹੁਜਨ ਸਮਾਜ ਕੋਲ ਸੱਤਾ ਦੇ ਭਾਗੀਦਾਰ ਬਣਨ ਦਾ ਮੌਕਾ ਆਇਆ ਹੈ ਉਥੇ ਹੀ ਸੱਤਾ ਦੀ ਕੁੰਜੀ ਤੇ ਵੀ ਕਬਜ਼ਾ ਕਰਨ ਦਾ ਮੌਕਾ ਆਇਆ ਹੈ। ਇਸੇ ਤਹਿਤ ਬਹੁਜਨ ਸਮਾਜ ਪਾਰਟੀ ਅਤੇ ਸ੍ਰੋਮਣੀ ਅਕਾਲੀ ਦਲ ਦਾ ਗੱਠਜੋੜ ਭੈਣ ਕੁਮਾਰੀ ਮਾਇਆਵਤੀ ਜੀ ਦੇ ਨਿਰਦੇਸ਼ਾਂ ਵਿੱਚ ਸਾਡੇ ਸਾਹਮਣੇ ਹੈ।
ਮੌਜੂਦਾ ਦੌਰ ਵਿੱਚ 2022 ਦੀਆਂ ਚੋਣਾਂ ਲਈ ਬਹੁਜਨ ਸਮਾਜ ਅੱਗੇ ਮਹਾਂਪੁਰਸ਼ਾਂ ਦੀ ਗੱਲ ਨਾ ਮੰਨਣ ਕਰਕੇ ਹੋਈਆਂ ਅਨੇਕਾਂ ਭੁੱਲਾਂ ਨੂੰ ਸੁਧਾਰਣ ਦਾ ਮੌਕਾ ਆਇਆ ਹੈ। ਇਸ ਭੁੱਲ ਨੂੰ ਸੁਧਾਰਨ ਲਈ ਹਰ ਪਿੰਡ ਵਿੱਚੋਂ ਆਪ ਮੁਹਾਰੇ ਆਪੋ ਆਪਣੀ ਗੱਡੀਆਂ ਅਤੇ ਸਾਧਨਾਂ ਰਾਹੀਂ ਹਜ਼ਾਰਾਂ ਵਰਕਰਾਂ ਦੀ ਸ਼ਮੂਲੀਅਤ ਨਾਲ ਭੁੱਲ ਸੁਧਾਰਨ ਦਾ ਸੰਕਲਪ ਲੈਣਾ ਚਾਹੀਦਾ ਅਤੇ 2022 ਦੀ ਤਿਆਰੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਭੁੱਲ ਸੁਧਾਰ ਰੈਲੀ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਪ੍ਰੀਨਿਰਵਾਣ ਦਿਵਸ ਮੌਕੇ ਜਲੰਧਰ ਵਿਖੇ ਹੋਣ ਜਾ ਰਹੀ ਹੈ, ਜਦੋਂਕਿ ਇਸਤੋਂ ਪਹਿਲਾਂ ਭੁੱਲ ਸੁਧਾਰ ਰੈਲੀ ਸਾਹਿਬ ਕਾਂਸ਼ੀ ਰਾਮ ਜੀ ਨੇ 2001 ਵਿੱਚ ਹੁਸ਼ਿਆਰਪੁਰ ਦੇ ਰੌਸ਼ਨ ਗਰਾਊਂਡ ਵਿੱਚ ਕੀਤੀ ਸੀ। ਇਸ ਮੌਕੇ ਸ਼ਿਰੋਮਣੀ ਅਕਾਲੀ ਦਲ ਤੋਂ ਵਿਧਾਇਕ ਸ਼੍ਰੀ ਪਵਨ ਕੁਮਾਰ ਟੀਨੂੰ, ਸ਼੍ਰੀ ਜਗਬੀਰ ਸਿੰਘ ਬਰਾੜ, ਸ਼੍ਰੀ ਚੰਦਨ ਗਰੇਵਾਲ ਜੀ ਹਾਜ਼ਿਰ ਸਨ।