ਸੰਗਰੂਰ, 01 ਅਕਤੂਬਰ, 2021: ਪੰਜਾਬ ਦੇ ਬੱਸ ਸਟੈਂਡਾਂ ਦੀ ਸਮੱਸਿਆਵਾਂ ਅਤੇ ਟਰਾਂਸਪੋਰਟ ਵਿਭਾਗੀ ਦੀ ਕਾਰਗੁਜ਼ਾਰੀ ਨੂੰ ਹੋਰ ਸੁਖਾਵਾਂ ਅਤੇ ਪਾਰਦਰਸ਼ੀ ਬਣਾਉਣ ਲਈ ਟਰਾਂਸਪੋਰਟ ਮੰਤਰੀ ਪੰਜਾਬ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਸੰਗਰੂਰ ਬੱਸ ਸਟੈਂਡ ਦਾ ਦੌਰਾ ਕੀਤਾ। ਕੈਬਨਿਟ ਮੰਤਰੀ ਵੱਲੋਂ ਬੱਸ ਸਟੈਂਡ ਦੀ ਸਾਫ਼ ਸਫ਼ਾਈ, ਸਟਾਫ ਦੇ ਦਫ਼ਤਰ ਸਮੇਤ ਸਮੁੱਚੀ ਵਿਭਾਗੀ ਕਾਰਗੁਜ਼ਾਰੀ ਦਾ ਜਾਇਜ਼ਾ ਲਿਆ ਗਿਆ।
ਕੈਬਨਿਟ ਮੰਤਰੀ ਸ੍ਰੀ ਰਾਜਾ ਵੜਿੰਗ ਨੇ ਆਪਣੇ ਦੌਰੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਰਾਜ ਦੇ ਲੋਕਾਂ ਦੇ ਸੁਖਾਵੇਂ ਸਫ਼ਰ ਲਈ ਟਰਾਂਸਪੋਰਟ ਵਿਭਾਗ ਵੱਲੋਂ 800 ਨਵੀਆਂ ਬੱਸਾਂ ਦਾ ਟੈਂਡਰ ਮੁਕੰਮਲ ਕਰ ਲਿਆ ਗਿਆ ਹੈ, ਜਿਸ ਵਿਚੋਂ 400 ਬੱਸਾਂ ਇਕ ਮਹੀਨੇ ਦੇ ਅੰਦਰ ਅੰਦਰ ਪੰਜਾਬ ਦੀਆਂ ਸੜਕਾਂ ’ਤੇ ਦੌੜਣਗੀਆਂ ਜਿਸ ਨਾਲ ਬੰਦ ਪਏ ਰੂਟ ਚਾਲੂ ਹੋ ਜਾਣਗੇ। ਉਨਾਂ ਦੱਸਿਆ ਕਿ ਟਰਾਂਸਪੋਰਟ ਵਿਭਾਗ ਨੂੰ ਵਿੱਤੀ ਤੌਰ ‘ਤੇ ਮਜ਼ਬੂਤ ਕਰਨ ਲਈ ਰਾਜ ਦੇ ਬੱਸ ਸਟੈਂਡਾਂ ਅੰਦਰ ਖਾਲੀ ਪਈਆ ਦੁਕਾਨਾਂ ਨੂੰ ਕਿਰਾਏ ’ਤੇ ਚੜਾਉਣ ਲਈ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕੀਤੇ ਗਏ ਹਨ ਅਤੇ ਬਿਨਾਂ ਪਰਮਿਟ ਤੋਂ ਚੱਲ ਰਹੀਆਂ ਬੱਸਾਂ ’ਤੇੇ ਜਲਦ ਕਾਰਵਾਈ ਕਰਕੇ ਤਰੁੰਤ ਬੰਦ ਕੀਤਾ ਜਾਵੇ।
ਸ੍ਰੀ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਦੇ ਬੱਸ ਸਟੈਂਡਾਂ ਅੰਦਰ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਪਹਿਲਕਦਮੀ ਨਾਲ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਉਨਾਂ ਇਹ ਵੀ ਕਿਹਾ ਕਿ ਜਿਨ੍ਹਾਂ ਟਰਾਂਸਪੋਰਟਰਾਂ ਨੇ ਹਾਲੇ ਤੱਕ ਟੈਕਸ ਦੀ ਭਰਭਾਈ ਨਹੀਂ ਕੀਤੀ ਉਨਾਂ ਖਿਲਾਫ਼ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨਾਂ ਕਿਹਾ ਕਿ ਕਿਸੇ ਵੀ ਟਰਾਂਸਪੋਰਟਰ ਨੂੰ ਨਜ਼ਾਇਜ ਤੰਗ ਨਹੀ ਕੀਤਾ ਜਾਵੇਗਾ। ਉਨਾਂ ਕਿਹਾ ਕਿ ਟਰਾਂਸਪੋਰਟ ਵਿਭਾਗ ਅੰਦਰ ਭਿ੍ਰਸ਼ਟਾਚਾਰ ਨੂੰ ਕਿਸੇ ਕੀਮਤ ’ਤੇ ਬਰਦਾਸ਼ਤ ਨਹੀ ਕੀਤਾ ਜਾਵੇਗਾ।
ਕੈਬਨਿਟ ਮੰਤਰੀ ਨੇ ਆਪਣੇ ਦੌਰੇ ਦੌਰਾਨ ਬੱਸ ਸਟੈਂਡ ਵਿਖੇ ਵੱਖ ਵੱਖ ਕਾਊਂਟਰਾਂ ਦੇ ਪਹੁੰਚ ਕਰਕੇ ਸਵਾਰੀਆਂ ਨਾਲ ਬੱਸਾਂ ਅੰਦਰ ਆਉਣ ਵਾਲੀਆਂ ਦਿੱਕਤਾਂ ਬਾਰੇ ਜਾਣਕਾਰੀ ਲਈ। ਉਨਾ ਜਿੱਥੇ ਸੰਗਰੂਰ ਬੱਸ ਸਟੈਂਡ ਦੇ ਸਫ਼ਾਈ ਪ੍ਰਬੰਧਾਂ ’ਤੇ ਸੰਤੁਸ਼ਟੀ ਜਤਾਈ, ਉਥੇ ਜੀ.ਐਮ.ਪੀ.ਆਰ.ਟੀ. ਸੀ ਨੂੰ ਮੁਸਾਫਿਰਾਂ ਦੀ ਸੁਵਿਧਾ ਲਈ ਪੀਣ ਵਾਲੇ ਪਾਣੀ, ਬਾਥਰੂਮ, ਬੱਸ ਸਟੈਂਡ ਦੇ ਲੱਗੇ ਬਿਜਲੀ ਪੱਖਿਆ ਦੀ ਦੇਖਰੇਖ ਕਰਦੇ ਰਹਿਣ ਦੇ ਆਦੇਸ ਜਾਰੀ ਕੀਤੇ।
ਇਸ ਮੌਕੇ ਅਮਰਿੰਦਰ ਸਿੰਘ ਟਿਵਾਣਾ ਐਸ.ਡੀ.ਐਮ ਸੰਗਰੂਰ, ਨਰੇਸ਼ ਕੁਮਾਰ ਗਾਭਾ ਚੈਅਰਮੈਨ ਇੰਮਪਰੂਵਮੈਂਟ ਟਰੱਸਟ ਸੰਗਰੂਰ, ਮਹੇਸ ਕੁਮਾਰ ਮੇਸੀ ਵਾਈਸ ਚੇਅਰਮੈਨ ਸਮਾਲ ਸਕੇਲ ਇੰਡੀਸ਼ਟਰੀਜ਼ ਪੰਜਾਬ, ਸੁਭਾਸ ਗਰੋਵਰ, ਪਰਮਿੰਦਰ ਸ਼ਰਮਾ, ਬਲਬੀਰ ਕੌਰ ਸੈਣੀ ਜ਼ਿਲਾ ਪ੍ਰਧਾਨ ਮਹਿਲਾ ਕਾਂਗਰਸ, ਬਿੰਦਰ ਬਾਂਸਲ ਸਮੇਤ ਹੋਰ ਆਗੂ ਅਤੇ ਅਧਿਕਾਰੀ ਹਾਜ਼ਰ ਸਨ।