ਵਾਸ਼ਿੰਗਟਨ, 22 ਸਤੰਬਰ – ਅਮਰੀਕਾ ਵਿੱਚ ਕੋਰੋਨਾ ਵਾਇਰਸ ਨਾਲ ਮਾਰਚ ਦੇ ਬਾਅਦ ਤੋਂ ਪਹਿਲੀ ਵਾਰ 24 ਘੰਟਿਆਂ ਵਿੱਚ ਔਸਤਨ 1,900 ਤੋਂ ਵੱਧ ਮਰੀਜ਼ਾਂ ਦੀ ਮੌਤ ਹੋਈ। ਇਸ ਤੇ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਇਨਫੈਕਸ਼ਨ ਇਕ ਵੱਖਰੇ ਸਮੂਹ ਮਤਲਬ ਟੀਕੇ ਦੀ ਖੁਰਾਕ ਨਾ ਲੈਣ ਵਾਲੇ 7.1 ਕਰੋੜ ਅਮਰੀਕੀਆਂ ਨੂੰ ਆਪਣਾ ਨਿਸ਼ਾਨਾ ਬਣਾ ਰਿਹਾ ਹੈ। ਦੇਸ਼ ਦੇ ਰਾਸ਼ਟਰਪਤੀ ਜੋਅ ਬਾਈਡੇਨ ਕੋਵਿਡ-19 ਦੀ ਇਸ ਜਾਨਲੇਵਾ ਲਹਿਰ ਨਾਲ ਨਜਿੱਠਣ ਵਿਚ ਮਦਦ ਲਈ ਲੋਕਾਂ ਤੋਂ ਘਰ ਵਿਚ ਹੀ ਇਨਫੈਕਸ਼ਨ ਦੀ ਜਾਂਚ ਕਰਾਉਣ ਦੀ ਅਪੀਲ ਕਰ ਰਹੇ ਹਨ। ਮਹਾਮਾਰੀ ਕਾਰਨ ਹਸਪਤਾਲ ਸਮਰੱਥਾ ਤੋਂ ਵੱਧ ਭਰੇ ਪਏ ਹਨ ਅਤੇ ਦੇਸ਼ ਭਰ ਵਿਚ ਸਕੂਲਾਂ ਦੇ ਬੰਦ ਹੋਣ ਦਾ ਖਤਰਾ ਪੈਦਾ ਹੋ ਗਿਆ ਹੈ।
ਸਪ੍ਰਿੰਗਫੀਲਡ-ਬ੍ਰੈਨਸਨ ਇਲਾਕੇ ਵਿੱਚ ਕੌਕਸਹੈਲਥ ਹਸਪਤਾਲਾਂ ਵਿੱਚ ਇਕ ਹਫ਼ਤੇ ਵਿੱਚ ਹੀ 22 ਵਿਅਕਤੀਆਂ ਦੀ ਮੌਤ ਹੋ ਗਈ। ਪੱਛਮੀ ਵਰਜੀਨੀਆ ਵਿੱਚ ਸਤੰਬਰ ਦੇ ਪਹਿਲੇ 3 ਹਫ਼ਤਿਆਂ ਵਿੱਚ 340 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਜਾਰਜੀਆ ਵਿੱਚ ਰੋਜ਼ਾਨਾ 125 ਮਰੀਜ਼ ਜਾਨ ਗਵਾ ਰਹੇ ਹਨ ਜੋ ਕੈਲੀਫੋਰਨੀਆ ਜਾਂ ਕਿਸੇ ਹੋਰ ਸੰਘਣੀ ਆਬਾਦੀ ਵਾਲੇ ਰਾਜ ਤੋਂ ਵੱਧ ਹਨ। ਜੌਨਸ ਹਾਪਕਿੰਨਜ਼ ਯੂਨੀਵਰਸਿਟੀ ਦੇ ਅੰਕੜਿਆਂ ਮੁਤਾਬਕ ਹੁਣ ਅਮਰੀਕਾ ਦੀ ਕਰੀਬ 64 ਫੀਸਦੀ ਆਬਾਦੀ ਨੇ ਐਂਟੀ ਕੋਵਿਡ-19 ਟੀਕੇ ਦੀ ਘੱਟ ਤੋਂ ਘੱਟ ਇਕ ਖੁਰਾਕ ਲੈ ਲਈ ਹੈ। ਪਿਛਲੇ ਦੋ ਹਫ਼ਤਿਆਂ ਵਿੱਚ ਰੋਜ਼ ਔਸਤਨ ਜਾਨ ਗਵਾਉਣ ਵਾਲੇ ਮਰੀਜ਼ਾਂ ਦੀ ਗਿਣਤੀ 40 ਫੀਸਦੀ ਤੱਕ ਵੱਧ ਗਈ ਹੈ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਹਸਪਤਾਲ ਵਿੱਚ ਦਾਖਲ ਹੋਣ ਵਾਲੇ ਅਤੇ ਜਾਨ ਗਵਾਉਣ ਵਾਲੇ ਲੋਕਾਂ ਦੀ ਵੱਡੀ ਗਿਣਤੀ ਟੀਕਾ ਨਾ ਲਗਵਾਉਣ ਵਾਲੇ ਲੋਕਾਂ ਦੀ ਹੈ।
ਅਮਰੀਕਾ ਦੇ ਕਈ ਹਿੱਸਿਆਂ ਵਿੱਚ ਦਵਾਈਆਂ ਦੀਆਂ ਦੁਕਾਨਾਂ ਵਿੱਚ ਜਾਂਚ ਕਿੱਟ ਖ਼ਤਮ ਹੁੰਦੀ ਦਿਖਾਈ ਦੇ ਰਹੀ ਹੈ ਅਤੇ ਦਵਾਈ ਨਿਰਮਾਤਾਵਾਂ ਨੇ ਅਪੀਲ ਕੀਤੀ ਕਿ ਇਸ ਦਾ ਉਤਪਾਦਨ ਵਧਾਉਣ ਵਿੱਚ ਉਹਨਾਂ ਨੂੰ ਹਫ਼ਤਿਆਂ ਦਾ ਸਮਾਂ ਲੱਗੇਗਾ। ਮਾਹਿਰਾਂ ਦਾ ਕਹਿਣਾ ਹੈ ਕਿ ਗਰਮੀਆਂ ਦੇ ਬਾਅਦ ਤੋਂ ਹੀ ਜਾਂਚ ਦੀ ਘੱਟ ਹੁੰਦੀ ਭੂਮਿਕਾ, ਇਨਫੈਕਸ਼ਨ ਦੇ ਘੱਟ ਹੁੰਦੇ ਮਾਮਲਿਆਂ ਅਤੇ ਟੀਕਾਕਰਨ ਦੀ ਵੱਧਦੀ ਦਰ ਨੇ ਲੋਕਾਂ ਨੂੰ ਲਾਪਰਵਾਹ ਕਰ ਦਿੱਤਾ। ਨਾਲ ਹੀ ਸਿਹਤ ਅਧਿਕਾਰੀਆਂ ਨੇ ਇਹ ਸਲਾਹ ਦਿੱਤੀ ਕਿ ਟੀਕਾ ਲਗਵਾ ਚੁੱਕੇ ਲੋਕ ਜਾਂਚ ਤੋਂ ਬਚ ਸਕਦੇ ਹਨ।
ਅਧਿਕਾਰੀਆਂ ਨੇ ਡੈਲਟਾ ਵੈਰੀਐਂਟ ਕਾਰਨ ਇਨਫੈਕਸ਼ਨ ਅਤੇ ਮੌਤ ਦੇ ਮਾਮਲੇ ਵਧਣ ਤੇ ਇਸ ਸਲਾਹ ਨੂੰ ਵਾਪਸ ਲੈ ਲਿਆ ਸੀ। ਅਮਰੀਕਾ ਨੇ ਘਰ ਵਿੱਚ ਹੀ ਰੈਪਿਡ ਜਾਂਚ ਕਰਾਉਣ ਦੀ ਤਕਨੀਕ ਅਪਨਾਉਣ ਵਿੱਚ ਵਧੇਰੇ ਤੇਜ਼ੀ ਲਿਆਉਂਦੀ ਹੈ। ਜਦਕਿ ਬ੍ਰਿਟੇਨ ਜਿਹੇ ਦੇਸ਼ਾਂ ਨੇ ਇਸ ਨੂੰ ਵਿਆਪਕ ਰੂਪ ਨਾਲ ਲਾਗੂ ਕੀਤਾ ਹੈ।