ਐਸ ਏ ਐਸ ਨਗਰ, 2 ਸਤੰਬਰ – ਜ਼ਿਲ੍ਹੇ ਦੇ ਸਰਕਾਰੀ ਕੋਵਿਡ ਟੀਕਾਕਰਨ ਕੇਂਦਰਾਂ ਵਿੱਚ ਹੁਣ ਹਰ ਐਤਵਾਰ ਨੂੰ ਸਿਰਫ਼ ਦੂਜੀ ਖ਼ੁਰਾਕ ਹੀ ਦਿਤੀ ਜਾਵੇਗੀ ਜਦੋਂਕਿ ਪਹਿਲੀ ਖ਼ੁਰਾਕ ਦੇਣ ਦਾ ਕੰਮ ਐਤਵਾਰ ਨੂੰ ਛੱਡ ਕੇ ਬਾਕੀ ਸਾਰੇ ਦਿਨ ਪਹਿਲਾਂ ਵਾਂਗ ਜਾਰੀ ਰਹੇਗਾ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕੋਵਿਡ ਟੀਕਾਕਰਨ ਨੋਡਲ ਅਧਿਕਾਰੀ ਡਾ. ਵਿਕਰਾਂਤ ਨਾਗਰਾ ਨੇ ਦਸਿਆ ਕਿ ਪੰਜਾਬ ਸਰਕਾਰ ਵਲੋਂ ਤਾਜ਼ਾ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਹਰ ਐਤਵਾਰ ਨੂੰ ਲਾਭਪਾਤਰੀਆਂ ਨੂੰ ਸਿਰਫ਼ ਦੂਜਾ ਕੋਵਿਡ ਰੋਕੂ ਟੀਕਾ ਲੱਗੇਗਾ ਅਤੇ ਐਤਵਾਰ ਨੂੰ ਛੱਡ ਕੇ ਬਾਕੀ ਸਾਰੇ ਦਿਨ ਟੀਕਾਕਰਨ ਕੇਂਦਰਾਂ ਵਿੱਚ ਪਹਿਲਾ ਅਤੇ ਦੂਜਾ ਟੀਕਾ ਆਮ ਵਾਂਗ ਲਗਦਾ ਰਹੇਗਾ।
ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਭਾਰੀ ਗਿਣਤੀ ਵਿਚ ਲੋਕ ਦੂਜਾ ਟੀਕਾ ਲਗਵਾਉਣ ਵਿਚ ਦੇਰੀ ਕਰ ਰਹੇ ਹਨ ਜਿਸ ਕਾਰਨ ਐਤਵਾਰ ਦਾ ਦਿਨ ਵਿਸ਼ੇਸ਼ ਤੌਰ ਤੇ ਦੂਜੀ ਖ਼ੁਰਾਕ ਦੇਣ ਲਈ ਤੈਅ ਕਰ ਦਿਤਾ ਗਿਆ ਹੈ।
ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਨੇ ਦਸਿਆ ਕਿ ਸਕੂਲਾਂ ਅਤੇ ਕਾਲਜਾਂ ਜਾਂ ਹੋਰ ਵਿਦਿਅਕ ਅਦਾਰਿਆਂ ਦੇ ਅਧਿਆਪਕਾਂ ਨੂੰ ਕੋਵੈਕਸੀਨ ਦਾ ਦੂਜਾ ਟੀਕਾ ਪਹਿਲਾਂ ਹੀ ਤੈਅ 84 ਦਿਨਾਂ ਦੇ ਵਕਫ਼ੇ ਬਾਅਦ ਹੀ ਲੱਗੇਗਾ। ਉਨ੍ਹਾਂ ਕਿਹਾ ਕਿ ਕਈ ਅਧਿਆਪਕ 84 ਦਿਨਾਂ ਤੋਂ ਪਹਿਲਾਂ ਹੀ ਦੂਜਾ ਟੀਕਾ ਲਗਵਾਉਣ ਲਈ ਆ ਰਹੇ ਹਨ ਪਰ ਉਨ੍ਹਾਂ ਨੂੰ ਤੈਅ ਸਮੇਂ ਤੋਂ ਪਹਿਲਾਂ ਦੂਜਾ ਟੀਕਾ ਲਗਵਾਉਣ ਵਿੱਚ ਕੋਈ ਢਿੱਲ ਨਹੀਂ ਦਿਤੀ ਗਈ ਹੈ।
ਸਿਹਤ ਅਧਿਕਾਰੀਆਂ ਨੇ ਦਸਿਆ ਕਿ ਜ਼ਿਲ੍ਹੇ ਦੇ ਸਕੂਲਾਂ, ਕਾਲਜਾਂ, ਕੋਚਿੰਗ ਕੇਂਦਰਾਂ ਜਾਂ ਹੋਰ ਵਿਦਿਅਕ ਅਦਾਰਿਆਂ ਦੇ ਅਧਿਆਪਕਾਂ ਤੇ ਨਾਨ-ਟੀਚਿੰਗ ਸਟਾਫ਼ ਅਤੇ 18 ਸਾਲ ਤੋਂ ਉਪਰਲੇ ਵਿਦਿਆਰਥੀਆਂ ਦਾ ਟੀਕਾਕਰਨ 30 ਸਤੰਬਰ ਤਕ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਵਿਦਿਅਕ ਅਦਾਰਿਆਂ ਨੂੰ ਕੋਵਿਡ ਮਹਾਂਮਾਰੀ ਦੀ ਸੰਭਾਵੀ ਤੀਜੀ ਲਹਿਰ ਤੋਂ ਬਚਾਉਣ ਲਈ ਇਹ ਫ਼ੈਸਲਾ ਕੀਤਾ ਗਿਆ ਹੈ ਅਤੇ ਇਸ ਸਬੰਧ ਵਿਚ ਜ਼ਿਲ੍ਹਾ ਮੈਜਿਸਟਰੇਟ ਵਲੋਂ ਜ਼ਿਲ੍ਹਾ ਸਿਖਿਆ ਅਫ਼ਸਰ ਨੂੰ ਹਦਾਇਤਾਂ ਕਰ ਦਿਤੀਆਂ ਗਈਆਂ ਹਨ।