ਤਲਵੰਡੀ ਸਾਬੋ, 14 ਜੂਨ, 2020 : ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਖ਼ਾਲਿਸਤਾਨ ਬਾਰੇ 6 ਜੂਨ ਨੂੰ ਜ਼ਾਹਿਰ ਕੀਤੇ ਆਪਣੇ ਵਿਚਾਰ ਤੇ ਖੜ੍ਹੇ ਹੋਏ ਰੇੜਕੇ ਬਾਰੇ ਸਪਸ਼ਟ ਕਰਦੇ ਹੋਏ ਉਨ੍ਹਾਂ ਕਿਹਾ ਹੈ ਕਿ ਇਸ ਬਿਆਨ ਦੀ ਭਾਵਨਾ ਨੂੰ ਸਮਝਣਾ ਜ਼ਰੂਰੀ ਹੈ . ਉਨ੍ਹਾਂ ਜਿੱਥੇ ਸਿੱਖਾਂ ਦੇ ਹਲੇਮੀ ਰਾਜ ਦੇ ਸੰਕਲਪ ਦੇ ਹੱਕ ਦੀ ਵਕਾਲਤ ਕੀਤੀ ਉੱਥੇ ਖ਼ਾਲਿਸਤਾਨ ਦੇ ਨਾਮ ਤੇ ਹਿੰਸਾ ਲਈ ਨੌਜਵਾਨਾਂ ਨੂੰ ਭੜਕਾਉਣ ਦੀਆਂ ਕੁਝ ਲੋਕਾਂ ਦੀਆਂ ਕੋਸ਼ਿਸ਼ਾਂ ਨੂੰ ਵੀ ਨਕਾਰਿਆ . ਉਨ੍ਹਾਂ ਇੱਥੋਂ ਵੀ ਕਿਹਾ ਕਿ ” ਇਹ ਗੱਲ ਠੀਕ ਐ ਕਿ ਸਿੱਖਾਂ ਨੂੰ ਸਿਰਫ਼਼਼ ਅਤੇ ਸਿਰਫ ਖ਼ਾਲਿਸਤਾਨ ਦੇ ਵਿਚਾਰ ਨਾਲ ਪ੍ਰਭਾਵਿਤ ਨਹੀਂ ਕੀਤਾ ਜਾ ਸਕਦਾ। ਸਿੱਖੀ ਇਕ ਵਿਸ਼ਵ ਵਿਆਪੀ ਵਿਚਾਰ ਏ ਅਤੇ ਇਸ ਵਿਚਾਰ ਨੇ ਦੁਨੀਆ ਵਿੱਚ ਠੰਢ ਵਰਤਾਉਣੀ ਏ।”
ਆਪਣੇ ਵੱਲੋਂ ਜਾਰੀ ਕੀਤੇ ਲਿਖਤੀ ਬਿਆਨ ਵਿਚ ਉਨ੍ਹਾਂ ਕਿਹਾ , “ਅਸਲ ਵਿੱਚ ਮੇਰੇ ਬਿਆਨ ਤੋਂ ਉਨ੍ਹਾਂ ਲੋਕਾਂ ਨੂੰ ਜ਼ਿਆਦਾ ਤਕਲੀਫ਼ ਹੋਈ ਹੈ ਜੋ ਸਿੱਖਾਂ ਨੂੰ ਸਿਰਫ ਸਰਕਾਰੀ ਪ੍ਰਾਪੇਗੰਡਾ ਮਸ਼ੀਨਰੀ ਦੀ ਵਰਤੋਂ ਕਰਕੇ ਖ਼ਾਲਿਸਤਾਨ ਦੇ ਸਿਆਸੀ ਵਿਚਾਰ ਨਾਲ ਧੱਕੇ ਨਾਲ ਜੋੜੀਆਂ ਗਈਆਂ ਝੂਠੀਆਂ ਅਤੇ ਨਫ਼ਰਤ ਧਾਰਨਾਵਾਂ ਨਾਲ ਪ੍ਰਭਾਸ਼ਿਤ ਕਰਨਾ ਚਾਹੁੰਦੇ ਨੇ ਅਤੇ ਦੂਜੇ ਪਾਸੇ ਕੁਝ ਸਿੱਖ ਨੌਜਵਾਨੀ ਦੇ ਖ਼ੂਨ ਦੇ ਪਿਆਸੇ ਲੋਕ ਉਨ੍ਹਾਂ ਨੂੰ ਸੋਸ਼ਲ ਮੀਡੀਏ ਉੱਪਰ ਭੜਕਾ ਕੇ ਆਪਣੇ ਆਕਾਵਾਂ ਦੀ ਰਜ਼ਾ ਪੂਰਤੀ ਕਰਨਾ ਚਾਹੁੰਦੇ ਹਨ.
ਪੜ੍ਹੋ , ਪੂਰਾ ਬਿਆਨ :
ਕੀ ਸਿੱਖਾਂ ਦਾ ਵੱਡਾ ਗੁਨਾਹ ਇਹੀ ਹੈ ਕਿ ਅਸੀਂ ਆਪਣੇ ਨਾਲ ਹੋਏ ਧੱਕੇ ਬਾਰੇ ਸਿਆਸੀ ਤੌਰ ‘ਤੇ ਚੇਤਨ ਹਾਂ
ਕੇਂਦਰ ਦੀਆਂ ਸਰਕਾਰਾਂ ਵੱਲੋਂ ਸਿੱਖਾਂ ਨਾਲ ਕੀਤੀ ਜਾਂਦੀ ਵਿਤਕਰੇਬਾਜ਼ੀ ਅਤੇ ਸਿੱਖਾਂ ਨਾਲ ਆਜ਼ਾਦੀ ਉੱਪਰੰਤ ਕੀਤੇ ਗਏ ਵਿਸਾਹਘਾਤਾਂ ਤੋਂ ਬਾਅਦ ਸੁਹਿਰਦ ਸਿੱਖ ਆਗੂਆਂ ਨੇ ਦੇਸ਼ ਅੰਦਰ ਬੇਗਾਨਗੀ ਦੇ ਅਹਿਸਾਸ ਨੂੰ ਮਹਿਸੂਸ ਕਰਦੇ ਹੋਏ ਹਲੀਮੀ ਰਾਜ ਦੇ ਸੰਕਲਪ ਨੂੰ ਤਰਜ਼ੀਹ ਦਿੱਤੀ।ਇਹ ਸਿੱਖਾਂ ਅੰਦਰ ਪੈਦਾ ਹੋਇਆ ਆਪ ਮੁਹਾਰਾ ਸੰਘਰਸ਼ ਜਾਂ ਹਿੰਸਕ ਪ੍ਰਵਿਰਤੀ ਦਾ ਪ੍ਰਗਟਾਅ ਨਹੀਂ ਸੀ ਬਲਕਿ ਸਰਕਾਰੀ ਧੱਕੇਸ਼ਾਹੀਆਂ ਦਾ ਪ੍ਰਤੀਕਰਮ ਸੀ।ਜੇਕਰ ਪੰਜਾਬ ਨੇ ਏਨਾ ਲੰਮਾ ਸਮਾਂ ਸੰਤਾਪ ਹੰਢਾਇਆ ਹੈ ਤਾਂ ਅਤਿਵਾਦ ਦੇ ਨਾਮ ਹੇਠ ਹਕੂਮਤੀ ਜਬਰ ਦੁਆਰਾ ਕੀਤਾ ਗਿਆ ਸਿੱਖਾਂ ਦਾ ਨਸਲਘਾਤ ਇਸ ਦਾ ਪ੍ਰਮੁੱਖ ਜ਼ਿੰਮੇਵਾਰ ਹੈ।ਕੋਈ ਵੀ ਮਾਂ ਬਾਪ ਨਹੀਂ ਚਾਹੁੰਦਾ ਕਿ ਉਸ ਦੇ ਬੁਢਾਪੇ ਦੇ ਸਹਾਰੇ ਨੂੰ ਨਕਲੀ ਪੁਲਸ ਮੁਕਾਬਲਿਆਂ ਵਿਚ ਖ਼ਤਮ ਕਰਕੇ ਉਸ ਦੀ ਲਾਸ਼ ਤੱਕ ਨਾ ਦਿੱਤੀ ਜਾਵੇ ਅਤੇ ਅਣਪਛਾਤਾ ਅਤਿਵਾਦੀ ਕਹਿ ਕੇ ਸਮੇਂ ਦੀ ਧੂੜ ਵਿਚ ਦਫ਼ਨ ਕਰ ਦਿੱਤਾ ਜਾਵੇ।ਗੁਰਬਾਣੀ ਦੁਆਰਾ ਦਿੱਤੇ ਸੰਕਲਪ ਅਨੁਸਾਰ ਬੇਗਮਪੁਰਾ ਜਾਂ ਹਲੇਮੀ ਰਾਜ ਸਿੱਖ ਕੌਮ ਦਾ ਜਨਮ ਸਿੱਧ ਅਧਿਕਾਰ ਹੈ ਅਤੇ ਵੱਖ ਵੱਖ ਸਮਿਆਂ ਵਿੱਚ ਸਿੱਖ ਆਗੂਆਂ ਨੇ ਜਮਹੂਰੀ ਢਾਂਚੇ ਵਿੱਚ ਰਹਿ ਕੇ ਇਸ ਦੀ ਪ੍ਰਾਪਤੀ ਅਤੇ ਰੂਪਰੇਖਾ ਬਾਰੇ ਅਨੇਕਾਂ ਵਾਰ ਬਿਆਨ ਵੀ ਦਿੱਤੇ ਹਨ ਅਤੇ ਅਨੇਕਾਂ ਸੈਮੀਨਾਰ ਅਤੇ ਗੋਸ਼ਟੀਆਂ ਵੀ ਹੋ ਚੁੱਕੀਆਂ ਹਨ।
ਬੇਸ਼ੱਕ ਕਈ ਸਿਆਸੀ ਆਗੂ ਮੇਰੇ ਵੱਲੋਂ ਦਿੱਤੇ ਗਏ ਬਿਆਨ ਬਾਰੇ ਬੇਲੋੜੀ ਬਿਆਨਬਾਜ਼ੀ ਕਰ ਰਹੇ ਹਨ ਪਰ ਇਹਨਾਂ ਦੇ ਹੀ ਮੋਢੀ ਆਗੂਆਂ ਨੇ ਕਿਸੇ ਸਮੇ ਸਿੱਖ ਸਟੇਟ ਦੀ ਮੰਗ ਨੂੰ ਜਾਇਜ਼ ਠਹਿਰਾਇਆ ਸੀ।ਸਿੱਖਾਂ ਦੇ ਪ੍ਰਮੁੱਖ ਧਾਰਮਿਕ ਅਸਥਾਨ ਉੱਪਰ ਕਾਂਗਰਸ ਸਰਕਾਰ ਵੱਲੋਂ ਕੀਤੇ ਗਏ ਹਮਲੇ ਅਤੇ ਵਹਿਸ਼ੀ ਕਤਲੇਆਮ ਨੇ ਸਿੱਖਾਂ ਅੰਦਰ ਹਲੇਮੀ ਰਾਜ ਦੇ ਸੰਕਲਪ ਨੂੰ ਹੋਰ ਉਤਸ਼ਾਹਿਤ ਕੀਤਾ। ਭਾਵੇਂ ਕਿ ਕਈ ਗ਼ੈਰਸਿੱਖ ਰਾਜਨੀਤਕ ਆਗੂਆਂ ਨੇ ਵੀ ਇਸ ਸਰਕਾਰੀ ਹਮਲਾਵਰ ਨੀਤੀ ਦੀ ਵਿਰੋਧਤਾ ਕੀਤੀ ਪਰ ਅਜੇ ਤੱਕ ਕੇਂਦਰ ਹਕੂਮਤ ਵੱਲੋਂ ਕੋਈ ਸੁਹਿਰਦ ਉੱਪਰਾਲਾ ਨਹੀਂ ਕੀਤਾ ਗਿਆ ਕਿ ਸਿੱਖਾਂ ਦੀ ਹੱਕੀ ਮੰਗਾਂ ਨੂੰ ਪ੍ਰਵਾਨਗੀ ਦੇ ਕੇ ਉਨ੍ਹਾਂ ਦੇ ਰਿਸਦੇ ਜ਼ਖ਼ਮਾਂ ਉੱਪਰ ਮਲ੍ਹਮ ਲਗਾਈ ਜਾ ਸਕੇ।
ਗੁਰਮਤਿ ਵਿਚਾਰਧਾਰਾ ਅਨੁਸਾਰ ਹਲੇਮੀ ਰਾਜ ਜਾਂ ਬੇਗਮਪੁਰੇ ਦਾ ਸੰਕਲਪ ਸਿੱਖ ਭਾਵਨਾਵਾਂ ਦੀ ਪੂਰਨ ਤਰਜਮਾਨੀ ਕਰਦਾ ਹੈ ਅਤੇ ਭਾਰਤੀ ਸੰਵਿਧਾਨ ਵੀ ਹਰ ਸਿੱਖ ਨੂੰ ਇਹ ਹਕੂਮਤ ਪ੍ਰਦਾਨ ਕਰਦਾ ਹੈ ਕਿ ਜਮਹੂਰੀ ਢਾਂਚੇ ਅੰਦਰ ਅਸੀਂ ਇਸ ਸੰਘਰਸ਼ ਨੂੰ ਰਾਜਨੀਤਕ ਪੱਧਰ ਉੱਪਰ ਸ਼ਾਂਤਮਈ ਢੰਗ ਨਾਲ ਅੱਗੇ ਤੋਰੀਏ।
ਇਸ ਦੇ ਨਾਲ ਹੀ ਮੇਰੀ ਸਿੱਖ ਨੌਜਵਾਨੀ ਨੂੰ ਸਨਿਮਰ ਅਪੀਲ ਹੈ ਕਿ ਉਹ ਅਜਿਹਾ ਰਾਜਨੀਤਕ ਮੁਹਾਜ਼ ਸਿਰਜਣ ਜਿਸ ਨਾਲ ਪੰਜਾਬ ਨੂੰ ਹਕੂਮਤੀ ਜਬਰ, ਸਰਕਾਰੀ ਸਾਜ਼ਿਸ਼ਾਂ ਅਤੇ ਨੌਜਵਾਨੀ ਨੂੰ ਗੁਮਰਾਹ ਕਰਕੇ ਉਨ੍ਹਾਂ ਦਾ ਕਤਲੇਆਮ ਕਰਵਾਉਣ ਦੀ ਸਾਜਿਸ਼ ਰਚ ਰਹੀਆਂ ਤਾਕਤਾਂ ਤੋਂ ਬਚਾਇਆ ਜਾ ਸਕੇ।ਸਿੱਖ ਨੌਜਵਾਨ ਅਜਿਹੇ ਹੱਥਕੰਡਿਆਂ ਤੋਂ ਵਿਸ਼ੇਸ਼ ਰੂਪ ਵਿੱਚ ਸੁਚੇਤ ਰਹਿਣ ਜੋ ਹਿੰਸਕ ਪ੍ਰਵਿਰਤੀ ਨੂੰ ਉਕਸਾ ਕੇ ਇਹਨਾਂ ਦਾ ਕਤਲੇਆਮ ਕਰਵਾ ਕੇ ਆਪ ਰਾਜਸੀ ਗੱਦੀਆਂ ਅਤੇ ਸਸਤੀ ਸ਼ੁਹਰਤ ਦਾ ਆਨੰਦ ਮਾਨਣਾ ਚਾਹੁੰਦੇ ਹਨ। ਇਸ ਦੇ ਨਾਲ ਹੀ ਅਜੋਕੇ ਸਮੇ ਅੰਦਰ ਵਿਸ਼ਵ ਭਰ ਦੇ ਸਿੱਖ ਨੌਜਵਾਨਾਂ ਨੂੰ ਆਰਥਿਕ ਤੌਰ ਤੇ ਸੰਪੰਨ ਹੋਣ ਦੇ ਨਾਲ ਨਾਲ ਧਾਰਮਿਕ ਤੇ ਰਾਜਨੀਤਕ ਤੌਰ ਤੇ ਚੇਤੰਨ ਹੋਣ ਦੀ ਵਧੇਰੇ ਲੋੜ ਹੈ।
ਹੁਣ ਤੱਕ ਇਹ ਸਾਬਤ ਹੋ ਚੁੱਕਾ ਹੈ ਕਿ ਉਸ ਵੇਲੇ ਦੀ ਸਰਕਾਰ ਨੇ ਆਪਣੇ ਸਿਆਸੀ ਹਿੱਤਾਂ ਲਈ ਸਿੱਖਾਂ ਖ਼ਿਲਾਫ਼ ਨਫ਼ਰਤ ਬਿਆਨੀਆ ਮਾਹੌਲ ਸਿਰਜਿਆ ਤੇ ਉਨ੍ਹਾਂ ਦੀ ਨਸਲਕੁਸ਼ੀ ਕੀਤੀ |
ਇਕ ਪਾਸੇ ਜਿਹੜੇ ਹੁਣ ਵੀ ਸਿੱਖਾਂ ਖ਼ਿਲਾਫ਼ ਅੱਗ ਉਗਲ ਰਹੇ ਨੇ ਇਹ ਉਸੇ ਨਫ਼ਰਤ ਸਿਆਸਤ ਵਾਲੀ ਸਰਕਾਰੀ ਦਹਿਸ਼ਤਗਰਦੀ ਦੇ ਪੈਰੋਕਾਰ ਨੇ ਅਤੇ ਦੂਜੇ ਪਾਸੇ ਕਈ ਸਿੱਖ ਵਿਰੋਧੀ ਏਜੰਸੀਆਂ ਦੇ ਐਸੇ ਕਰਿੰਦੇ ਹਨ ਜੋ ਅਜਿਹੇ ਅਰਥ ਭਰਪੂਰ ਬਿਆਨਾਂ ਦੇ ਗ਼ਲਤ ਅਰਥ ਕਰਕੇ ਸਿੱਖ ਨੌਜਵਾਨੀ ਨੂੰ ਭੜਕਾ ਕੇ ਫਿਰ ਵਹਿਸ਼ਤ ਅਤੇ ਦਹਿਸ਼ਤ ਦੇ ਮਾਹੌਲ ਵਿਚ ਧਕੇਲ ਕੇ ਉਨ੍ਹਾਂ ਦੀ ਨਸਲਕੁਸ਼ੀ ਉਪਰ ਸਿਆਸੀ ਰੋਟੀਆਂ ਸੇਕਣੀਆਂ ਚਾਹੁੰਦੇ ਹਨ ਅਤੇ ਸੋਸ਼ਲ ਮੀਡੀਏ ਰਾਹੀਂ ਸਿੱਖ ਨੌਜਵਾਨੀ ਨੂੰ ਭੜਕਾ ਰਹੇ ਹਨ।
ਸਿੱਖਾਂ ਨੇ ਹਮੇਸ਼ਾ ਇਹੀ ਚਾਹਿਆ ਹੈ ਕਿ ਉਨ੍ਹਾਂ ਨਾਲ ਬਰਾਬਰੀ ਅਤੇ ਨਿਆਂ ਵਾਲਾ ਸਲੂਕ ਹੋਵੇ।ਕਿਉਂਕਿ ਕਿ ਉਹ ਵੀ ਦੂਜਿਆਂ ਨਾਲ ਅਜਿਹਾ ਸਲੂਕ ਕਰਨਾ ਚਾਹੁੰਦੇ ਨੇ। ਸਿੱਖਾਂ ਨੇ ਅਜਿਹਾ ਮਿਸਲਾਂ ਦੀ ਚੜ੍ਹਤ ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਕਰ ਕੇ ਦਿਖਾਇਆ ਹੈ ਪਰ ਇਸ ਵਿਚਾਰ ਨੂੰ ਵੱਖਵਾਦੀ ਅਤੇ ਅੱਤਵਾਦੀ ਲਕਬ ਦੇ ਕੇ ਸਿੱਖਾਂ ਨਾਲ ਨਸਲੀ ਵਿਤਕਰਾ ਸ਼ੁਰੂ ਤੋਂ ਕੀਤਾ ਗਿਆ ਹੈ। ਇਹ ਠੀਕ ਹੈ ਕਿ ਭਾਰਤ ਵਿੱਚ ਹੋਰ ਲੋਕਾਂ ਨਾਲ ਵੀ ਪੱਖਪਾਤ ਹੋ ਰਿਹਾ। ਅਜਿਹੇ ਵਿਚ ਕੀ ਸਿੱਖਾਂ ਦਾ ਵੱਡਾ ਗੁਨਾਹ ਇਹੀ ਹੈ ਕਿ ਅਸੀਂ ਆਪਣੇ ਨਾਲ ਹੋਏ ਧੱਕੇ ਬਾਰੇ ਸਿਆਸੀ ਤੌਰ ‘ਤੇ ਚੇਤਨ ਹਾਂ.
ਇਹ ਗੱਲ ਠੀਕ ਐ ਕਿ ਸਿੱਖਾਂ ਨੂੰ ਸਿਰਫ਼਼਼ ਅਤੇ ਸਿਰਫ ਖ਼ਾਲਿਸਤਾਨ ਦੇ ਵਿਚਾਰ ਨਾਲ ਪ੍ਰਭਾਸ਼ਿਤ ਨਹੀਂ ਕੀਤਾ ਜਾ ਸਕਦਾ। ਸਿੱਖੀ ਇਕ ਵਿਸ਼ਵ ਵਿਆਪੀ ਵਿਚਾਰ ਏ ਅਤੇ ਇਸ ਵਿਚਾਰ ਨੇ ਦੁਨੀਆ ਵਿੱਚ ਠੰਢ ਵਰਤਾਉਣੀ ਏ। ਅਸਲ ਵਿੱਚ ਮੇਰੇ ਬਿਆਨ ਤੋਂ ਉਨ੍ਹਾਂ ਲੋਕਾਂ ਨੂੰ ਜ਼ਿਆਦਾ ਤਕਲੀਫ਼ ਹੋਈ ਹੈ ਜੋ ਸਿੱਖਾਂ ਨੂੰ ਸਿਰਫ ਸਰਕਾਰੀ ਪ੍ਰਾਪੇਗੰਡਾ ਮਸ਼ੀਨਰੀ ਦੀ ਵਰਤੋਂ ਕਰਕੇ ਖ਼ਾਲਿਸਤਾਨ ਦੇ ਸਿਆਸੀ ਵਿਚਾਰ ਨਾਲ ਧੱਕੇ ਨਾਲ ਜੋੜੀਆਂ ਗਈਆਂ ਝੂਠੀਆਂ ਅਤੇ ਨਫ਼ਰਤੀ ਧਾਰਨਾਵਾਂ ਨਾਲ ਪ੍ਰਭਾਸ਼ਿਤ ਕਰਨਾ ਚਾਹੁੰਦੇ ਨੇ ਅਤੇ ਦੂਜੇ ਪਾਸੇ ਕੁਝ ਸਿੱਖ ਨੌਜਵਾਨੀ ਦੇ ਖ਼ੂਨ ਦੇ ਪਿਆਸੇ ਲੋਕ ਉਨ੍ਹਾਂ ਨੂੰ ਸੋਸ਼ਲ ਮੀਡੀਏ ਉਪਰ ਭੜਕਾ ਕੇ ਆਪਣੇ ਆਕਾਵਾਂ ਦੀ ਰਜ਼ਾ ਪੂਰਤੀ ਕਰਨਾ ਚਾਹੁੰਦੇ ਹਨ ।ਅਜਿਹੇ ਲੋਕਾਂ ਤੋਂ ਸੁਚੇਤ ਰਹਿ ਕੇ ਜਮਹੂਰੀ ਢਾਂਚੇ ਅੰਦਰ ਇਕ ਰਾਜਸੀ ਲਹਿਰ ਸਿਰਜਣ ਦੀ ਲੋੜ ਹੈ ਕਿ ਪੰਜਾਬ ਦੇ ਖ਼ਿੱਤੇ ਵਿੱਚ ਹਰ ਵਰਗ ਦੇ ਲੋਕ ਸ਼ੇਰ ਏ ਪੰਜਾਬ ਵਰਗੇ ਰਾਜ ਦਾ ਅਨੰਦ ਮਾਣ ਸਕਣ।