ਰਾਜਪੁਰਾ, 27 ਅਗਸਤ 2021 – ਸਥਾਨਕ ਹਲਕਾ ਵਿਧਾਇਕ ਤੇ ਚੀਫ ਵਿੱਪ ਪੰਜਾਬ ਸਰਕਾਰ ਸ. ਹਰਦਿਆਲ ਸਿੰਘ ਕੰਬੋਜ ਨੂੰ ਪੰਜਾਬ ਸਰਕਾਰ ਵੱਲੋਂ ਪੰਜਾਬੀ ਯੂਨੀਵਰਸਿਟੀ ਦੇ ਸੈਨੇਟ ਮੈਂਬਰ ਨਿਯੁਕਤ ਕੀਤਾ ਗਿਆ ਹੈ ਜਿਸ ਨਾਲ ਰਾਜਪੁਰਾ ਹਲਕੇ ਵਿਚ ਖੁਸ਼ੀ ਦੀ ਲਹਿਰ ਦੌਡ਼ ਪਈ ਹੈ। ਵਿਧਾਇਕ ਕੰਬੋਜ ਦੀ ਸੈਨੇਟਰ ਵੱਜੋਂ ਨਿਯੁਕਤੀ ਨਾਲ ਜਿੱਥੇ ਰਾਜਪੁਰਾ ਹਲਕੇ ਤੇ ਜਿਲ੍ਹਾ ਪਟਿਆਲਾ ਦੇ ਪੰਜਾਬੀ ਯੂਨੀਵਰਸਿਟੀ ਵਿਚ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਨੂੰ ਵੱਡਾ ਲਾਭ ਮਿਲੇਗਾ ਉੱਥੇ ਹੀ ਵੱਖ ਵੱਖ ਕਾਲਜਾਂ ਦੇ ਸਟਾਫ਼ ਦੀਆਂ ਯੂਨੀਵਰਸਿਟੀ ਨਾਲ ਸਬੰਧਤ ਕੰਮਾਂ ‘ਚ ਆਸ਼ਾਨੀ ਆਵੇਗੀ।
ਵਿਧਾਇਕ ਸ. ਹਰਦਿਆਲ ਸਿੰਘ ਕੰਬੋਜ ਪਟੇਲ ਮੈਮੋਰੀਅਲ ਮੈਨੇਜਮੈਂਟ ਦੇ ਮੈਂਬਰ ਹਨ। ਸ. ਕੰਬੋਜ ਦੇ ਸੈਨੇਟ ਮੈਂਬਰ ਬਣਨ ‘ਤੇ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਵੱਲੋਂ ਪ੍ਰਿੰਸੀਪਲ ਡਾ. ਅਸ਼ਵਨੀ ਕੁਮਾਰ ਵਰਮਾ ਤੇ ਡਾਇਰੈਕਟਰ ਡਾ. ਸੁਖਬੀਰ ਸਿੰਘ ਥਿੰਦ ਦੀ ਅਗਵਾਈ ਹੇਠਲੇ ਵਫ਼ਦ ਵੱਲੋਂ ਵਿਸ਼ੇਸ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਜਿਸ ‘ਤੇ ਵਿਧਾਇਕ ਸ. ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਪੰਜਾਬ ਕਾਂਗਰਸ ਸਰਕਾਰ ਉੱਚ ਸਿੱਖਿਆ ਢਾਂਚੇ ਨੂੰ ਮਜ਼ਬੂਤ ਬਣਾਉਣ ਲਈ ਵਚਨਬੱਧ ਹੈ।
ਉਨ੍ਹਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ (ਸ. ਕੰਬੋਜ) ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਬਿਹਤਰੀ ਲਈ ਪੰਜਾਬ ਸਰਕਾਰ ਅਤੇ ਯੂਨੀਵਰਸਿਟੀ ਵਿਚਾਲੇ ਕੜੀ ਦਾ ਕੰਮ ਕਰਨਗੇ ਤੇ ਪੰਜਾਬੀ ਯੂਨੀਵਰਸਿਟੀ ਨਾਲ ਜੁੜੇ ਪ੍ਰੋਫੈਸਰ, ਵਿਦਿਆਰਥੀਆਂ ਤੇ ਹੋਰ ਅਮਲੇ ਦੀਆਂ ਸਮੱਸਿਆਵਾਂ ਪਹਿਲ ਦੇ ਅਧਾਰ ‘ਤੇ ਹੱਲ ਕਰਵਾਉਣ ਦਾ ਯਤਨ ਕਰਨਗੇ। ਇੱਥੇ ਦੱਸਣਯੋਗ ਹੈ ਕਿ ਪਟੇਲ ਕਾਲਜ ਦੇ ਪ੍ਰਿੰਸੀਪਲ ਡਾ. ਅਸ਼ਵਨੀ ਕੁਮਾਰ ਵਰਮਾ ਨੂੰ ਵੀ ਸੈਨੇਟ ਮੈਂਬਰ ਨਿਯੁਕਤ ਕੀਤਾ ਗਿਆ ਹੈ।