ਰੂਪਨਗਰ 27 ਅਗਸਤ 2021- ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੀਆਂ ਸ਼ਹਿਰੀ ਇਕਾਈਆਂ ਵੱਲੋਂ ਦੋਨਾਂ ਪਾਰਟੀ ਦੇ ਵਰਕਰਾਂ ਦੀ ਇੱਕ ਸਾਂਝੀ ਮੀਟਿੰਗ ਸਥਾਨਕ ਸਰਦਾਰ ਧਰਮ ਸਿੰਘ ਸਾਹਨੀ ਹਾਲ ਵਿਖੇ ਹੋਈ।
ਇਹ ਮੀਟਿੰਗ 29 ਅਗਸਤ ਨੂੰ ਬਹੁਜਨ ਸਮਾਜ ਪਾਰਟੀ ਵੱਲੋਂ ਫਗਵਾੜਾ ਵਿਖੇ ਕੀਤੀ ਜਾ ਰਹੀ ਅਲਖ ਜਗਾਓ ਰੈਲੀ ਦੀਆਂ ਤਿਆਰੀਆਂ ਦੇ ਸੰਬੰਧ ਵਿੱਚ ਇੱਕ ਵਿਸ਼ਾਲ ਮੀਟਿੰਗ ਸਬੰਧੀ ਆਯੋਜਿਤ ਕੀਤੀ ਗਈ। ਜਿਸ ਨੂੰ ਸੰਬੋਧਨ ਕਰਦਿਆਂ ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵਿੱਚ ਸਮਝੋਤਾ ਹੋਣ ਤੋਂ ਬਾਅਦ ਪੰਜਾਬ ਦੇ ਲੋਕਾਂ ਵਿੱਚ ਇੱਕ ਨਵਾਂ ਉਤਸ਼ਾਹ ਪੈਦਾ ਹੋਇਆ ਹੈ। ਅਤੇ ਇਸ ਗਠਜੋੜ ਨੂੰ ਕਿਸਾਨਾਂ ਅਤੇ ਮਜ਼ਦੂਰਾਂ ਦੀ ਏਕਤਾ ਵਜੋਂ ਦੇਖਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ 29 ਅਗਸਤ ਨੂੰ ਫਗਵਾੜੇ ਵਿਖੇ ਹੋਣ ਵਾਲੀ ਰੈਲੀ ਪ੍ਰਤੀ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ। ਉਹਨਾਂ ਦੱਸਿਆ ਕਿ ਉਹਨਾਂ ਨੇ ਅਤੇ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਨੇ ਹਲਕੇ ਦੇ ਸਾਰੇ ਸਰਕਲਾਂ ਵਿੱਚ ਇਸ ਸੰਬੰਧੀ ਮੀਟਿੰਗਾਂ ਮੁਕੰਮਲ ਕਰ ਲਈਆਂ ਹਨ ਅਤੇ ਰੋਪੜ ਹਲਕੇ ਤੋਂ ਹਜਾਰਾਂ ਦੀ ਗਿਣਤੀ ਵਿੱਚ ਵਰਕਰ ਇਸ ਰੈਲੀ ਵਿੱਚ ਪਹੁੰਚਣਗੇ।
ਇਸ ਮੌਕੇ ਸੰਬੋਧਨ ਕਰਦਿਆਂ ਬਹੁਜਨ ਸਮਾਜ ਪਾਰਟੀ ਦੇ ਜਿਲ੍ਹਾ ਪ੍ਰਧਾਨ ਮਾਸਟਰ ਰਾਮਪਾਲ ਅਬਿਆਣਾ ਨੇ ਕਿਹਾ ਕਿ ਰੋਪੜ ਹਲਕਾ ਬਹੁਜਨ ਸਮਾਜ ਪਾਰਟੀ ਲਈ ਵਿਸ਼ੇਸ਼ ਹਲਕਾ ਹੈ ਕਿਉਂਕਿ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਸਾਹਿਬ ਸ਼੍ਰੀ ਕਾਸ਼ੀ ਰਾਮ ਦਾ ਪਿੰਡ ਵੀ ਇਸ ਹਲਕੇ ਵਿੱਚ ਪੈਂਦਾ ਹੈ। ਉਹਨਾਂ ਕਿਹਾ ਕਿ ਪਾਰਟੀ ਦੇ ਸੂਬਾ ਪ੍ਰਧਾਨ ਸ. ਜਸਵੀਰ ਸਿੰਘ ਗੜ੍ਹੀ ਦੇ ਨਿਰਦੇਸ਼ਾਂ ਮੁਤਾਬਿਕ ਬਹੁਜਨ ਸਮਾਜ ਪਾਰਟੀ ਦੇ ਵਰਕਰ ਦਿਨ ਰਾਤ ਮਿਹਨਤ ਕਰਕੇ ਇਸ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾਕਟਰ ਦਲਜੀਤ ਸਿੰਘ ਚੀਮਾ ਨੂੰ ਪੰਜਾਬ ਵਿੱਚ ਸਭ ਤੋਂ ਵੱਡੀ ਲੀਂਡ ਨਾਲ ਜਿਤਾਉਣਗੇ।
ਇਸ ਮੌਕੇ ਬਹੁਜਨ ਸਮਾਜ ਪਾਰਟੀ ਦੇ ਸੂਬਾ ਜਨਰਲ ਸਕੱਤਰ ਅਜੀਤ ਸਿੰਘ ਭੈਣੀ, ਸੀਨੀਅਰ ਆਗੂ ਚਰਨਜੀਤ ਸਿੰਘ ਘਈ ਐਡਵੋਕੇਟ, ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਗੁਰਿੰਦਰ ਸਿੰਘ ਗੋਗੀ, ਸ਼ਹਿਰੀ ਪ੍ਰਧਾਨ ਪਰਮਜੀਤ ਸਿੰਘ ਮੱਕੜ, ਇੰਜੀਨੀਅਰ ਜੇ.ਪੀ.ਹਾਂਡਾ, ਮੁਲਾਜ਼ਮ ਆਗੂ ਸੁਰਜੀਤ ਸਿੰਘ ਸੈਣੀ, ਸੀਨੀਅਰ ਅਕਾਲੀ ਆਗੂ ਮਨਿੰਦਰਪਾਲ ਸਿੰਘ ਸਾਹਨੀ ਅਤੇ ਬਸਪਾ ਆਗੂ ਮਾਸਟਰ ਜਗਦੀਸ਼ ਸਿੰਘ ਹਵੇਲੀ ਨੇ ਵੀ ਸੰਬੋਧਨ ਕੀਤਾ।