ਚੰਡੀਗੜ, 22 ਸਤੰਬਰ, 2020 : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟਰ ਨੂੰ ਚਿੱਠੀ ਲਿਖੀ ਹੈ। ਪੱਤਰ ਵਿਚ ਉਨਾਂ ਕੇਂਦਰ ਸਰਕਾਰ ਦੁਆਰਾ ਲਿਆਂਦੇ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਖਿਲਾਫ 20 ਸਤੰਬਰ 2020 ਨੂੰ ਭਾਰਤ ਸਰਕਾਰ ਵਿਰੁੱਧ ਪ੍ਰਦਰਸ਼ਨ ਕਰਨ ਲਈ ਦਿੱਲੀ ਜਾ ਰਹੇ ਪੰਜਾਬੀਆਂ ਨੂੰ ਹਰਿਆਣਾ ਦੀ ਭਾਜਪਾ ਸਰਕਾਰ ਵੱਲੋਂ ਰੋਕੇ ਜਾਣ ਤੇ ਤਿੱਖੇ ਰੋਸ ਦਾ ਪ੍ਰਗਟਾਵਾ ਕੀਤਾ ਹੈ।
ਜਾਖੜ ਨੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਲਿਖੇ ਪੱਤਰ ਵਿਚ ਹਰਿਆਣਾ ਸਰਕਾਰ ਦੀ ਇਸ ਕਾਰਵਾਈ ਨੂੰ ਪੂਰੀ ਤਰਾਂ ਗੈਰ ਸੰਵਿਧਾਨਿਕ ਅਤੇ ਗੈਰ ਲੋਕਤਾਂਤਰਿਕ ਦੱਸਿਆ ਹੈ। ਉਨਾਂ ਨੇ ਲਿਖਿਆ, ‘‘ਪੰਜਾਬੀ ਕਿਸਾਨਾਂ ਨੇ ਕੇਂਦਰ ਦੀ ਬਹਿਰੀ ਸਰਕਾਰ ਤੱਕ ਆਪਣੀ ਅਵਾਜ ਪੁੱਜਦੀ ਕਰਨ ਲਈ ਦਿੱਲੀ ਜਾਣਾ ਸੀ, ਪਰ ਇਹ ਲਾਂਘਾ ਆਪ ਦੇ ਸੂਬੇ ਹਰਿਆਣਾ ਵਿਚ ਦੀ ਸੀ। ਪਰ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਆਪ ਦੀ ਸਰਕਾਰ ਵੱਲੋਂ ਬਹੁਤ ਹੀ ਗੈਰ ਲੋਕਤਾਂਤਰਿਕ ਤਰੀਕੇ ਨਾਲ ਲੋਕਾਂ ਨੂੰ ਹਰਿਆਣਾ ਵਿਚ ਦੀ ਲੰਘ ਕੇ ਦਿੱਲੀ ਜਾਣ ਤੋਂ ਰੋਕਿਆ ਗਿਆ।’’
ਜਾਖੜ ਨੇ ਕਿਹਾ ਕਿ ਭਾਰਤ ਇਕ ਅਜਾਦ ਮੁਲਕ ਹੈ ਅਤੇ ਇਹ ਅਜਾਦੀ ਹਾਸਲ ਕਰਨ ਲਈ ਸਮੂਹ ਭਾਰਤੀਆਂ ਨੇ ਵੱਡੀਆਂ ਕੁਰਬਾਨੀਆਂ ਦਿੱਤੀਆਂ ਸਨ। ਅਜਾਦੀ ਇਸੇ ਲਈ ਤਾਂ ਲਈ ਸੀ ਕਿ ਅਸੀਂ ਸ਼ਾਸਕ ਦੇ ਗਲਤ ਕੰਮਾਂ ਖਿਲਾਫ ਅਵਾਜ ਉਠਾ ਸਕੀਏ। ਹੁਣ ਜਦ ਕੇਂਦਰ ਸਰਕਾਰ ਨੇ ਦੇਸ਼ ਦੇ ਕਰੋੜਾਂ ਕਿਸਾਨਾਂ ਦੇ ਹਿੱਤਾਂ ਨੂੰ ਪ੍ਰਭਾਵਿਤ ਕਰਨ ਵਾਲੇ ਕਾਲੇ ਕਾਨੂੰਨ ਬਣਾਏ ਹਨ ਤਾਂ ਇਸ ਦਾ ਵਿਰੋਧ ਕਰਨ ਦਾ ਹੱਕ ਲੋਕਾਂ ਤੋਂ ਜਬਰੀ ਖੋਹ ਕੇ ਹਰਿਆਣਾ ਦੀ ਭਾਜਪਾ ਸਰਕਾਰ ਦੇਸ਼ ਦੀ ਅਜਾਦੀ ਲਈ ਕੁਰਬਾਨੀ ਕਰਨ ਵਾਲੇ ਉਨਾਂ ਮਹਾਨ ਅਜਾਦੀ ਘੁਲਾਟੀਆਂ ਦਾ ਅਪਮਾਨ ਕਰ ਰਹੀ ਹੈ।
ਜਾਖੜ ਨੇ ਚਿੱਠੀ ਵਿਚ ਸ੍ਰੀ ਖੱਟਰ ਨੂੰ ਇਹ ਵੀ ਯਾਦ ਕਰਵਾਇਆ ਕਿ ਇੰਨਾਂ ਕਾਲੇ ਕਾਨੂੰਨਾਂ ਦਾ ਸਭ ਤੋਂ ਵੱਧ ਅਸਰ ਤਾਂ ਪੰਜਾਬ ਦੇ ਨਾਲ ਨਾਲ ਹਰਿਆਣਾ ਦੇ ਕਿਸਾਨਾਂ ਤੇ ਹੀ ਪੈਣਾ ਹੈ। ਸੂਬਾ ਕਾਂਗਰਸ ਪ੍ਰਧਾਨ ਨੇ ਲਿਖਿਆ,‘‘ ਇਸ ਦੇਸ਼ ਦਾ ਸੰਵਿਧਾਨ ਸਮੂਹ ਨਾਗਰਿਕਾ ਨੂੰ ਬਿਨਾਂ ਰੋਕ ਟੋਕ ਦੇਸ਼ ਵਿਚ ਕਿਤੇ ਵੀ ਆਉਣ ਜਾਣ ਦੀ ਆਗਿਆ ਦਿੰਦਾ ਹੈ ਅਤੇ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕ ਤੁਸੀਂ ਰਾਸ਼ਟਰ ਦੇ ਸੰਵਿਧਾਨ ਦਾ ਵੀ ਘੋਰ ਅਪਮਾਨ ਕੀਤਾ ਹੈ।’’