ਪਟਿਆਲਾ, 19 ਅਗਸਤ 2021: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਾਹੀ ਸ਼ਹਿਰ ਪਟਿਆਲਾ ਵਿੱਚ ਪਿਛਲੇ 43 ਦਿਨਾਂ ਤੋਂ ਲਗਾਤਾਰ ਪੱਕੇ ਮੋਰਚੇ ਤੇ ਕਾਇਮ ਈ.ਟੀ.ਟੀ. ਟੈੱਟ ਪਾਸ 2364 ਅਧਿਆਪਕ ਯੂਨੀਅਨ ਦੇ ਆਗੂਆਂ ਵੱਲੋਂ ਅੱਜ ਮਿਤੀ 19 ਅਗਸਤ ਨੂੰ ਹੋਣ ਵਾਲੀ ਰੈਲੀ ਮਹਾਰਾਣੀ ਪ੍ਰਨੀਤ ਕੌਰ ਨਾਲ ਮੀਟਿੰਗ ਮਿਲਣ ਕਾਰਨ ਫਿਲਹਾਲ ਮੁਲਤਵੀ ਕਰ ਦਿੱਤੀ।
ਅੱਜ ਸਵੇਰੇ ਇੰਟੈਲੀਜੈਂਸ ਵਿਭਾਗ, ਇੰਚਾਰਜ ਸ਼ਪੈਸ਼ਲ ਬ੍ਰਾਂਚ ਦੇ ਇੰਸਪੈਕਟਰ ਹਰਮਨਪ੍ਰੀਤ ਸਿੰਘ ਚੀਮਾ ਵੱਲੋਂ ਰਾਬਤਾ ਬਣਾ ਕੇ ਮਹਾਰਾਣੀ ਪ੍ਰਨੀਤ ਕੌਰ ਨਾਲ ਯੂਨੀਅਨ ਦੀ ਮੀਟਿੰਗ ਕਰਵਾਈ ਗਈ। ਮੀਟਿੰਗ ਹੋਣ ਮਗਰੋਂ ਯੂਨੀਅਨ ਦੇ ਆਗੂ ਗੁਰਜੰਟ ਪਟਿਆਲਾ ਵੱਲੋਂ ਦੱਸਿਆ ਗਿਆ ਕਿ ਮਹਾਰਾਣੀ ਜੀ ਨਾਲ ਮੀਟਿੰਗ ਕਾਫੀ ਸਾਰਥਕ ਰਹੀ ਅਤੇ ਉਹਨਾਂ ਵੱਲੋਂ ਜੱਥੇਬੰਦੀ ਦੇ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਤੁਹਾਡਾ ਹੱਲ ਛੇਤੀ ਹੀ ਕਰ ਦਿੱਤਾ ਜਾਵੇਗਾ।
ਜਿਕਰਯੋਗ ਹੈ ਕਿ ਈ.ਟੀ.ਟੀ 2364 ਪੋਸਟਾਂ ਦਾ ਨੋਟੀਫਿਕੇਸ਼ਨ 6 ਮਾਰਚ 2020 ਵਿੱਚ ਆਇਆ ਸੀ , ਨਵੰਬਰ 2020 ਵਿੱਚ ਪ੍ਰੀਖਿਆ ਲੈਣ ਤੋਂ ਬਾਅਦ ਸਕਰੂਟਨੀ ਵੀ ਕਰਵਾ ਲਈ ਗਈ ਪਰ ਨਿਯੁਕਤੀ ਪੱਤਰ ਹਾਲੇ ਤੱਕ ਜਾਰੀ ਨਹੀ ਕੀਤੇ ਗਏ ਜਿਸਦੇ ਰੋਸ ਵਜੋਂ ਯੂਨੀਅਨ ਵੱਲੋਂ ਪਟਿਆਲੇ ਵਿਖੇ ਗੁਰੂਦੁਆਰਾ ਦੂਖ ਨਿਵਾਰਨ ਸਾਹਿਬ ਦੇ ਸਾਹਮਣੇ ਪਿਛਲੇ 43 ਦਿਨਾਂ ਤੋਂ ਪੱਕਾ ਮੋਰਚਾ ਵੀ ਲਾਇਆ ਹੋਇਆ ਹੈ , ਜਿਸ ‘ਤੇ ਭੁੱਖ-ਹੜਤਾਲ ਦਾ ਅੱਜ 38 ਵਾਂ ਦਿਨ ਸੀ ।
ਅੱਜ ਹੋਈ ਮੀਟਿੰਗ ਤੋਂ ਬਾਅਦ ਆਗੂਆਂ ਵੱਲੋਂ ਕਿਹਾ ਗਿਆ ਕਿ ਸਾਨੂੰ ਆਸ ਹੈ ਕਿ ਮਸਲੇ ਦਾ ਛੇਤੀ ਹੱਲ ਹੋ ਜਾਵੇਗਾ ਅਗਰ ਇਸਦਾ ਛੇਤੀ ਕੋਈ ਸਕਾਰਾਤਮਕ ਸਿੱਟਾ ਨਹੀਂ ਨਿੱਕਲਿਆ ਤਾਂ ਯੂਨੀਅਨ ਬਹੁਤ ਛੇਤੀ ਤਿੱਖਾ ਸੰਘਰਸ਼ ਕਰੇਗੀ, ਜਿਸਦਾ ਕਿ ਜਿੰਮੇਵਾਰ ਸੰਬੰਧਿਤ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਹੋਵੇਗੀ।
ਇਸ ਮੌਕੇ ਯੂਨੀਅਨ ਵੱਲੋਂ ਗੁਰਜੰਟ ਪਟਿਆਲਾ ਤੋਂ ਇਲਾਵਾ ਬੂਟਾ ਮੰਦਰਾਂ, ਅਮਰਜੀਤ ਗੁਲਾੜੀ, ਮਲੂਕ ਮਾਨਸਾ, ਨੈਬ ਪਟਿਆਲਾ, ਸੁਖਚੈਨ ਬੋਹਾ, ਗੁਰਜੀਤ ਉੱਡਤ ਆਦਿ ਬੇਰੁਜ਼ਗਾਰ ਅਧਿਆਪਕ ਆਗੂ ਮੌਜੂਦ ਸਨ।