ਬਰਨਾਲਾ: 19 ਅਗਸਤ, 2021 – ਬੱਤੀ ਜਥੇਬੰਦੀਆਂ ‘ਤੇ ਅਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 323ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ। ਸੰਯਕੁਤ ਕਿਸਾਨ ਮੋਰਚੇ ਨੇ ਜਨਤਕ ਸਿਆਸੀ ਸਰਗਰਮੀਆਂ ਕਰਨ ਵਾਲੇ ਬੀਜੇਪੀ ਨੇਤਾਵਾਂ ਦਾ ਘਿਰਾਉ ਕਰਨ ਦਾ ਸੱਦਾ ਦਿੱਤਾ ਹੋਇਆ ਹੈ।
ਕਿਸਾਨ ਅੰਦੋਲਨ ਦੇ ਸ਼ੁਰੂ ਹੋਣ ਸਮੇਂ ਤੋਂ ਹੀ ਬੀਜੇਪੀ ਦੇ ਸੀਨੀਅਰ ਨੇਤਾਵਾਂ ਦੇ ਘਰਾਂ ਤੇ ਦਫਤਰਾਂ ਮੂਹਰੇ ਧਰਨੇ ਦਿੱਤੇ ਜਾ ਰਹੇ ਹਨ। ਪਿਛਲੇ ਤਕਰੀਬਨ 11 ਮਹੀਨਿਆਂ ਤੋਂ ਪੰਜਾਬ ਵਿੱਚ ਬੀਜੇਪੀ ਪਾਰਟੀ ਦੀ ਰਾਜਨੀਤਕ ਸਰਗਰਮੀ ਠੱਪ ਹੋਈ ਪਈ ਹੈ। ਗੈਰ-ਰਸਮੀ ਨਿੱਜੀ ਗੱਲਬਾਤ ਦੌਰਾਨ ਇਹ ਨੇਤਾ ਸਵੀਕਾਰ ਕਰਦੇ ਹਨ ਕਿ ਕਿਸਾਨਾਂ ਦੀਆਂ ਮੰਗਾਂ ਜ਼ਾਇਜ ਹਨ ਅਤੇ ਸਰਕਾਰ ਨੂੰ ਖੇਤੀ ਕਾਨੂੰਨ ਰੱਦ ਕਰ ਦੇਣੇ ਚਾਹੀਦੇ ਹਨ। ਪਿਛਲੇ ਦਿਨਾਂ ਦੌਰਾਨ ਕਈ ਸੂਬਾਈ ਨੇਤਾ ਪਾਰਟੀ ਛੱਡ ਚੁੱਕੇ ਹਨ ਅਤੇ ਅੱਗਲੇ ਦਿਨਾਂ ‘ਚ ਕਈ ਹੋਰ ਵੱਲੋਂ ਪਾਰਟੀ ਛੱਡਣ ਦੀਆਂ ਕਨਸੋਆਂ ਹਨ। ਇਹ ਕਿਸਾਨ ਅੰਦੋਲਨ ਦੀ ਇਖਲਾਕੀ ਜਿੱਤ ਹੈ ਅਤੇ ਜਲਦੀ ਹੀ ਕਿਸਾਨ ਅੰਦੋਲਨ ਹਕੀਕੀ ਜਿੱਤ ਵੀ ਹਾਸਲ ਕਰ ਲਵੇਗਾ।
ਅੱਜ ਲੋਕਾਂ ਦੇ ਨਾਟਕਕਾਰ ਅਜਮੇਰ ਸਿੰਘ ਦਾ ਜਨਮ ਦਿਨ ਸੀ ਔਲਖ ਨੇ ਤਾਉਮਰ ਲੋਕ ਘੋਲਾਂ ਦੇ ਲੇਖੇ ਲਾਈ। ਉਨ੍ਹਾਂ ਨੇ ਗਰੀਨ ਹੰਟ ਜਬਰ ਵਿਰੋਧੀ ਫਰੰਟ ਤੇ ਜਮਹੂਰੀ ਅਧਿਕਾਰ ਸਭਾ ਦੀ ਸਦਾਰਤ ਕੀਤੀ। ਅੱਜ ਧਰਨੇ ‘ਚ ਉਨ੍ਹਾਂ ਦੀ ਕੁਰਬਾਨੀ ਦਾ ਜ਼ਿਕਰ ਕਰਦੇ ਹੋਏ ਸਿਜਦਾ ਕੀਤਾ ਗਿਆ।
ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ, ਨਛੱਤਰ ਸਿੰਘ ਸਹੌਰ,ਬਾਬੂ ਸਿੰਘ ਖੁੱਡੀ ਕਲਾਂ, ਬਲਵੰਤ ਸਿੰਘ ਠੀਕਰੀਵਾਲਾ, ਨੇਕਦਰਸ਼ਨ ਸਿੰਘ, ਮੋਹਨ ਸਿੰਘ ਸਹਿਜੜਾ, ਹਰਚਰਨ ਸਿੰਘ ਚੰਨਾ, ਪ੍ਰੇਮਪਾਲ ਕੌਰ, ਮੇਲਾ ਸਿੰਘ ਕੱਟੂ, ਰਣਧੀਰ ਸਿੰਘ ਰਾਜਗੜ੍ਹ, ਜਸਪਾਲ ਚੀਮਾ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਲਾਲ ਕਿਲ੍ਹੇ ਦੀ ਫਸੀਲ ‘ਤੇ ਖੜ੍ਹ ਕੇ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ (ਪੀਐਮਐਫਬੀਵਾਈ ) ਬਾਰੇ ਕੋਰਾ ਝੂਠ ਬੋਲਿਆ।
ਪੀਐਮਐਫਬੀਵਾਈ ਵਿੱਚ ਤਾਜ਼ਾ ਅੰਕੜੇ ਦਰਸਾਉਂਦੇ ਹਨ ਕਿ ਪ੍ਰਾਈਵੇਟ ਬੀਮਾ ਕੰਪਨੀਆਂ ਨੇ 2018-19 ਅਤੇ 2019-20 ਵਿੱਚ 31905.51 ਕਰੋੜ ਰੁਪਏ ਕਿਸਾਨਾਂ, ਰਾਜ ਸਰਕਾਰਾਂ ਅਤੇ ਕੇਂਦਰ ਸਰਕਾਰ ਤੋਂ ਕੁੱਲ ਪ੍ਰੀਮੀਅਮ ਵਜੋਂ ਇਕੱਠੇ ਕੀਤੇ, ਜਦੋਂ ਕਿ ਦਾਅਵਿਆਂ ਦਾ ਭੁਗਤਾਨ ਸਿਰਫ 21937.95 ਕਰੋੜ ਰੁਪਏ ਸੀ। 2018 ਸਾਉਣੀ ਵਿੱਚ ਕਵਰ ਕੀਤੀਆਂ ਗਈਆਂ ਖੇਤੀਬਾੜੀ ਫਸਲਾਂ ਦੀ ਗਿਣਤੀ 38 ਸੀ, ਜੋ ਕਿ 2021 ਸਾਉਣੀ ਤੱਕ ਘਟ ਕੇ 28 ਫਸਲਾਂ ਰਹਿ ਗਈ ਹੈ। ਬਾਗਬਾਨੀ ਫਸਲਾਂ ਦੇ ਮਾਮਲੇ ਵਿੱਚ, ਇਹ 2018 ਵਿੱਚ 57 ਫਸਲਾਂ ਤੋਂ ਘਟ ਕੇ 2021 ਵਿੱਚ 45 ਨੰਬਰ ‘ਤੇ ਆ ਗਈ। ਸਾਉਣੀ 2018 ਦੌਰਾਨ ਬੀਮਾ ਖੇਤਰ 2.78 ਕਰੋੜ ਹੈਕਟੇਅਰ ਸੀ, ਜੋ ਕਿ ਸਾਉਣੀ 2021 ਵਿੱਚ ਮਹਿਜ਼ 1.71 ਕਰੋੜ ਹੈਕਟੇਅਰ ਰਹਿ ਗਿਆ। ਇਹ ਸਕੀਮ ਛੋਟੇ ਕਿਸਾਨਾਂ ਦੀ ਮਦਦ ਕਰਨ ਪੱਖੋਂ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ।
ਅੱਜ ਵਿਸ਼ਵ ਫੋਟੋਗ੍ਰਾਫੀ ਦਿਵਸ ਮੌਕੇ ਬਰਨਾਲਾ ਜਿਲ੍ਹੇ ਦੇ ਫੋਟੋਗ੍ਰਾਫਰ ਕਿਸਾਨ ਧਰਨੇ ‘ਚ ਸ਼ਾਮਲ ਹੋਏ। ਜਥੇਬੰਦੀ ਦੇ ਪ੍ਰਧਾਨ ਨਿਰਮਲ ਸਿੰਘ ਪੰਡੋਰੀ ਨੇ ਕਿਹਾ ਕਿ ਇਸ ਵਾਰ ਇਹ ਦਿਵਸ ਕਿਸਾਨ ਅੰਦੋਲਨ ਨੂੰ ਸਮਰਪਿਤ ਕੀਤਾ ਗਿਆ ਹੈ ਕਿਉਂਕਿ ਕਿਸਾਨਾਂ ਨੇ ਆਪਣੇ ਅੰਦੋਲਨ ਰਾਹੀਂ ਲੋਕਾਂ ਨੂੰ ਨਵੀਂ ਰਾਹ ਦਿਖਾਈ ਹੈ।