ਡਾਕਟਰੀ ਸਿੱਖਿਆ ਅਤੇ ਖੋਜ ਵਿਭਾਗ ,ਪੰਜਾਬ ਡੈਂਟਲ ਕੌਂਸਲ ਅਤੇ ਸੂਬੇ ਦੇ ਮੰਨੇ-ਪ੍ਰਮੰਨੇ ਡੈਂਟਿਸਟਾਂ ਵਲੋਂ ਵਿਛੜੀ ਰੂਹ ਨੂੰ ਨਿੱਘੀ ਸ਼ਰਧਾਂਜਲੀ
ਚੰਡੀਗੜ – ਅਣ-ਵੰਡੇ ਭਾਰਤ ਦੀ ਪਹਿਲੀ ਡੈਂਟਿਸਟ ਡਾ: ਵਿਮਲਾ ਸੂਦ ਲਗਭਗ 100 ਸਾਲ ਦੀ ਉਮਰ ਭੋਗਕੇ 1 ਅਗਸਤ, 2021 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਈ । ਡਾਕਟਰੀ ਸਿੱਖਿਆ ਤੇ ਖੋਜ ਵਿਭਾਗ ਪੰਜਾਬ ਵਲੋਂ ਡਾ.ਪੁਨੀਤ ਗਿਰਧਰ, ਜੁਆਇੰਟ ਡਾਇਰੈਕਟਰ, ਡਾਕਟਰੀ ਸਿੱਖਿਆ ਤੇ ਖੋਜ ਵਿਭਾਗ ਪੰਜਾਬ, ਮੈਂਬਰ ਡੈਂਟਲ ਕੌਂਸਲ ਆਫ ਇੰਡੀਆ ਅਤੇ ਪੰਜਾਬ ਡੈਂਟਲ ਕੌਂਸਲ ਮੋਹਾਲੀ, ਨੇ ਸ਼ਰਧਾਂਜਲੀ ਦੀ ਰਸਮ ਨਿਭਾਈ ਅਤੇ ਦੱਸਿਆ ਕਿ ਡਾ. ਵਿਮਲਾ ਸੂਦ ਪੰਜਾਬ ਡੈਂਟਲ ਕੌਂਸਲ ਦੇ ਸਭ ਤੋਂ ਸੀਨੀਅਰ ਰਜਿਸਟਰਡ ਡੈਂਟਿਸਟ (ਦੰਦਾਂ ਦੇ ਡਾਕਟਰ) ਸਨ। ਉਨਾਂ ਦਾ ਜੀਵਨ ਸਾਰੇ ਮੌਜੂਦਾ ਡਾਕਟਰਾਂ ਅਤੇ ਉੱਭਰ ਰਹੇ ਡੈਂਟਿਸਟਾਂ ਖਾਸ ਕਰਕੇ ਦੇਸ਼ ਦੀਆਂ ਮਹਿਲਾ ਡੈਂਟਿਸਟਾਂ ਲਈ ਇੱਕ ਪ੍ਰੇਰਣਾ ਸਰੋਤ ਹੈ। ਉਹਨਾਂ ਨੇ ਆਪਣੇ ਕਿੱਤੇ ਵਿੱਚ ਮਾਹਰ ਤੇ ਲਾਸਾਨੀ ਸ਼ਖ਼ਸੀਅਤ ਵਾਲੀ ਡਾ. ਸੂਦ ਦੀ ਮੌਤ ਨੂੰ ਡਾਕਟਰੀ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ। ਇਸ ਮੌਕੇ ਵਿੱਛੜੀ ਰੂਹ ਨੂੰ ਅੰਤਿਮ ਸਰਧਾਂਜਲੀ ਦੇਣ ਲਈ ਰਾਜ ਦੇ ਕਈ ਪ੍ਰਮੁੱਖ ਡੈਂਟਿਸਟ (ਦੰਦਾਂ ਦੇ ਡਾਕਟਰ) ਮੌਜੂਦ ਸਨ। ਉਨਾਂ ਦਾ ਪੂਰੇ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ।ਡਾ. ਵਿਮਲਾ ਸੂਦ ਹਮੇਸ਼ਾਂ ਮੁਸਕਰਾਉਂਦੇ ਰਹਿਣ, ਸੰਗੀਤ ਨੂੰ ਪਿਆਰ ਕਰਨ ਵਾਲੇ ਅਤੇ ਕੁਦਰਤ -ਪ੍ਰੇਮੀ ਸ਼ਖ਼ਸੀਅਤ ਸਨ। ਉਹਨਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ।ਇਸ ਦੌਰਾਨ ਆਈ.ਡੀ.ਏ. ਪੰਜਾਬ ਰਾਜ ਦੇ ਸਕੱਤਰ ਅਤੇ ਡੈਂਟਲ ਕੌਂਸਲ ਆਫ ਇੰਡੀਆ ਦੇ ਮੈਂਬਰ ਡਾ. ਸਚਿਨ ਦੇਵ ਮਹਿਤਾ ਨੇ ਦੱਸਿਆ ਕਿ ਡਾ: ਵਿਮਲਾ ਸੂਦ ਦਾ ਜਨਮ 1922 ਵਿੱਚ ਹੋਇਆ ਸੀ ਅਤੇ 1944 ਵਿੱਚ ਡੀ ਮੌਂਟਮੋਰੇਂਸੀ ਕਾਲਜ ਆਫ ਡੈਂਟਿਸਟਰੀ, ਲਾਹੌਰ ਤੋਂ ਗ੍ਰੈਜੂਏਟ ਹੋਏ ਸਨ, ਜੋ ਹੁਣ ਪੰਜਾਬ ਡੈਂਟਲ ਕਾਲਜ, ਲਾਹੌਰ ਵਜੋਂ ਜਾਣਿਆ ਜਾਂਦਾ ਹੈ। ਡਾਕਟਰਾਂ ਦੇ ਪਰਿਵਾਰ ਨਾਲ ਸਬੰਧਤ ਹੋਣ ਕਰਕੇ ਉਹ ਡੈਂਟਿਸਟ ਬਨਣ ਲਈ ਪ੍ਰੇਰਿਤ ਅਤੇ ਉਤਸ਼ਾਹਿਤ ਹੋਏ, ਹਾਲਾਂਕਿ ਉਹ ਲਾਹੌਰ ਵਿੱਚ 30 ਵਿਦਿਆਰਥੀਆਂ ਦੇ ਆਪਣੇ ਬੈਚ ਵਿੱਚ ਉਹ ਇਕੱਲੀ ਔਰਤ ਸੀ। ਉਹ ਆਪਣੀ ਇੰਟਰਨਸ਼ਿਪ ਲਈ ਸੰਯੁਕਤ ਰਾਜ ਅਮਰੀਕਾ ਚਲੇ ਗਏ ਅਤੇ ਬਾਅਦ ਵਿੱਚ ਉਨਾਂ ਨੇ 1955 ਵਿੱਚ ਮਿਨੀਸੋਟਾ ਯੂਨੀਵਰਸਿਟੀ ਤੋਂ ਪੀਡੀਆਟਿ੍ਰਕ ਡੈਂਟਿਸਟਰੀ ਵਿੱਚ ਮਾਸਟਰਜ਼ ਪੂਰੀ ਕੀਤੀ। ਵੰਡ ਤੋਂ ਬਾਅਦ ਡਾ: ਵਿਮਲਾ ਸੂਦ ਚੰਡੀਗੜ ਚਲੇ ਗਏ। ਉਨਾਂ ਵੈਲਿੰਗਡਨ ਹਸਪਤਾਲ (ਹੁਣ ਰਾਮ ਮਨੋਹਰ ਲੋਹੀਆ ਹਸਪਤਾਲ) ਵਿੱਚ ਕੰਮ ਕੀਤਾ ਜਿੱਥੇ ਉਹ ਇੱਕ ਮੋਬਾਈਲ ਵੈਨ ਵਿੱਚ ਪਿੰਡਾਂ ਦਾ ਦੌਰਾ ਕਰਦੇ ਸਨ। ਬਾਅਦ ਵਿੱਚ ਉਨਾਂ ਨੇ ਜਵਾਹਰ ਲਾਲ ਇੰਸਟੀਚਿਟ ਆਫ ਪੋਸਟ ਗ੍ਰੈਜੂਏਟ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ, ਪੁੱਡੂਚੇਰੀ ਵਿੱਚ ਵੀ ਸੇਵਾ ਨਿਭਾਈ।ਭੋਜੀਆ ਡੈਂਟਲ ਕਾਲਜ ਅਤੇ ਹਸਪਤਾਲ, ਬੱਦੀ (ਹਿਮਾਚਲ ਪ੍ਰਦੇਸ਼) ਦੇ ਪਿ੍ਰੰਸੀਪਲ ਅਤੇ ਆਈ.ਡੀ.ਏ. ਪੰਜਾਬ ਰਾਜ ਦੇ ਨੁਮਾਇੰਦੇ ਡਾਕਟਰ ਤਰੁਨ ਕਾਲੜਾ ਨੇ ਇਸ ਮਹਾਨ ਤੇ ਮਾਹਰ ਡੈਂਟਿਸਟ ਨੂੰ ਅੰਤਿਮ ਸਰਧਾਂਜਲੀ ਦਿੰਦੇ ਹੋਏ ਕਿਹਾ ਕਿ ਇੰਡੀਅਨ ਡੈਂਟਲ ਐਸੋਸੀਏਸ਼ਨ ਵਲੋਂ 8 ਮਾਰਚ 2020 ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਮਹਿਲਾ ਡੈਂਟਲ ਕੌਂਸਲ ਸਮਾਗਮ ਦੌਰਾਨ ਡਾ. ਸੂਦ ਨੂੰ ਚੰਡੀਗੜ ਵਿਖੇ ਸਨਮਾਨਿਤ ਕੀਤਾ ਗਿਆ । ਉਨਾਂ ਦੱਸਿਆ ਕਿ ਉਹ ਬੜੀ ਹਸਮੁੱਖ ਅਤੇ ਦਿਲਦਾਰ ਔਰਤ ਸੀ ਅਤੇ ਜੀਵਨ ਪ੍ਰਤੀ ਬਹੁਤ ਸਕਾਰਾਤਮਕ ਪਹੁੰਚ ਰੱਖਦੀ ਸੀ। 10 ਦਿਨ ਪਹਿਲਾਂ ਹੀ ਡਾ.ਸੂਦ ਨੇ ਉਸ (ਡਾ. ਤਰੁਨ) ਤੋਂ ਆਪਣਾ ਇਲਾਜ ਕਰਵਾਇਆ ਸੀ ਅਤੇ ਉਹ ਹਾਲੇ ਵੀ ਡੈਂਟਿਸਟਰੀ ਦੇ ਖੇਤਰ ਵਿੱਚ ਹੋ ਆਧੁਨਿਕ ,ਵਿਗਿਆਨਕ ਵਿਕਾਸ ਬਾਰੇ ਪੁੱਛਗਿੱਛ ਕਰ ਰਹੀ ਸੀ।ਡਾ: ਨਿਤਿਨ ਵਰਮਾ, ਫੈਕਲਟੀ ,ਪੰਜਾਬ ਸਰਕਾਰੀ ਡੈਂਟਲ ਕਾਲਜ, ਅੰਮਿ੍ਰਤਸਰ (1952 ਵਿੱਚ ਸਥਾਪਿਤ), ਜੋ ਕਿ ਪੰਜਾਬ ਡੈਂਟਲ ਕਾਲਜ, ਲਾਹੌਰ (1935 ਵਿੱਚ ਸਥਾਪਿਤ) ਦਾ ਹੀ ਹਿੱਸਾ ਹੈ , ਜਿੱਥੋਂ ਡਾ: ਵਿਮਲਾ ਸੂਦ ਨੇ ਗ੍ਰੈਜੂਏਸ਼ਨ ਕੀਤੀ , ਨੇ ਵੀ ਕਾਲਜ ਦੇ ਪਿ੍ਰੰਸੀਪਲ, ਸਟਾਫ ਅਤੇ ਵਿਦਿਆਰਥੀ ਵਲੋਂ ਵਿਛੜੀ ਰੂਹ ਨੂੰ ਸ਼ਰਧਾਂਜਲੀ ਦੇਣ ਲਈ ਮੌਜੂਦ ਸਨ। ਡਾ: ਨਵਜੋਤ ਖੁਰਾਣਾ, ਜੋ ਕਿ ਪੰਜਾਬ ਸਰਕਾਰੀ ਡੈਂਟਲ ਕਾਲਜ, ਅੰਮਿ੍ਰਤਸਰ ਦੇ ਸਾਬਕਾ ਵਿਦਿਆਰਥੀ ਹਨ, ਨੇ ਸਰਕਾਰੀ ਡੈਂਟਲ ਕਾਲਜ, ਪਟਿਆਲਾ ਦੇ ਪਿ੍ਰੰਸੀਪਲ, ਸਟਾਫ ਅਤੇ ਵਿਦਿਆਰਥੀਆਂ ਦੀ ਤਰਫੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਅੰਤਿਮ ਸਰਧਾਂਜਲੀ ਦਿੱਤੀ।