ਨਵੀਂ ਦਿੱਲੀ – 7 ਲੱਖ ਰੁਪਏ ਦੇ ਇਨਾਮੀ ਗੈਂਗਸਟਰ ਕਾਲਾ ਜਠੇੜੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਉਸ ਦੀ ਗਰਲਫਰੈਂਡ ਲੇਡੀ ਡਾਨ ਅਨੁਰਾਧਾ ਚੌਧਰੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਉਸ ਦੀ ਪਛਾਣ ਰਾਜਸਥਾਨ ਦੀ ਡਾਨ ਅਨੁਰਾਗ ਉਰਫ਼ ਅਨੁਰਾਧਾ ਚੌਧਰੀ ਉਰਫ਼ ਮੈਡਮ ਮਿੰਜ ਦੇ ਰੂਪ ਵਿੱਚ ਹੋਈ ਹੈ। ਅਨੁਰਾਧਾ ਪਹਿਲਾਂ ਰਾਜਸਥਾਨ ਦੇ ਡਾਨ ਆਨੰਦਪਾਲ ਸਿੰਘ ਦੀ ਸਾਥਣ ਰਹੀ ਹੈ।ਲੇਡੀ ਡਾਨ ਅਨੁਰਾਧਾ ਚੌਧਰੀ ਤੇ ਰਾਜਸਥਾਨ ਪੁਲੀਸ ਨੇ 10 ਹਜ਼ਾਰ ਰੁਪਏ ਦਾ ਇਨਾਮ ਰੱਖਿਆ ਸੀ। ਅਨੁਰਾਧਾ ਤੇ ਫਿਰੌਤੀ, ਅਗਵਾ ਤੇ ਹੱਤਿਆ ਦੀ ਸਾਜ਼ਿਸ਼ ਵਰਗੇ ਗੰਭੀਰ ਮੁਕੱਦਮੇ ਦਰਜ ਹਨ।ਇਹ ਵੀ ਖ਼ੁਲਾਸਾ ਹੋਇਆ ਹੈ ਕਿ ਆਨੰਦ ਪਾਲ ਦੇ ਐਨਕਾਊਂਟਰ ਦੌਰਾਨ ਅਨੁਰਾਧਾ ਰਾਜਸਥਾਨ ਪੁਲੀਸ ਦੀ ਗ੍ਰਿਫ਼ਤ ਤੋਂ ਫਰਾਰ ਸੀ। ਇਸ ਤੋਂ ਬਾਅਦ ਫਰਾਰੀ ਦੌਰਾਨ ਲਾਰੈਂਸ ਵਿਸ਼ਨੋਈ ਦੀ ਮਦਦ ਨਾਲ ਅਨੁਰਾਧਾ ਦੀ ਮੁਲਾਕਾਤ ਕਾਲਾ ਜਠੇੜੀ ਨਾਲ ਹੋਈ। ਪਿਛਲੇ 9 ਮਹੀਨਿਆਂ ਤੋਂ ਕਾਲਾ ਜਠੇੜੀ ਅਤੇ ਅਨੁਰਾਧਾ ਲਿਵ ਇਨ ਵਿੱਚ ਰਹਿ ਰਹੇ ਸਨ।ਜਿਕਰਯੋਗ ਹੈ ਕਿ ਕਾਲਾ ਜਠੇੜੀ ਨੂੰ ਦਿੱਲੀ ਸਪੈਸ਼ਲ ਸੈੱਲ ਵੱਲੋਂ ਬੀਤੇ ਦਿਨ ਸਹਾਰਨਪੁਰ, ਯੂ.ਪੀ. ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਦੋਸ਼ੀ ਨੇ ਪੁਲੀਸ ਹਿਰਾਸਤ ਤੋਂ ਫਰਾਰ ਹੋਣ ਦੀ ਅਸਫ਼ਲ ਕੋਸ਼ਿਸ਼ ਕੀਤੀ ਸੀ। ਕਾਲਾ ਜਠੇੜੀ ਤੇ 7 ਲੱਖ ਦਾ ਇਨਾਮ ਹੈ। ਗੈਂਗਸਟਰ ਤੇ ਦਿੱਲੀ, ਪੰਜਾਬ, ਹਰਿਆਣਾ, ਰਾਜਸਥਾਨ, ਵਿੱਚ ਕਈ ਮਾਮਲੇ ਦਰਜ ਹਨ। ਉਸ ਦੇ ਗੈਂਗ ਵਿੱਚ 200 ਤੋਂ ਵੱਧ ਸ਼ੂਟਰ ਸ਼ਾਮਲ ਹਨ। ਇਸ ਦੇ ਜ਼ਿਆਦਾਤਰ ਸ਼ੂਟਰ ਵਿਦੇਸ਼ ਵਿੱਚ ਹਨ ਅਤੇ ਉੱਥੇ ਬੈਠ ਕੇ ਇਸ ਗਿਰੋਹ ਨੂੰ ਚਲਾ ਰਹੇ ਹਨ। ਸਪੈਸ਼ਲ ਸੈੱਲ ਦੇ ਡੀ. ਸੀ. ਪੀ. ਮਨੀਸ਼ੀ ਚੰਦਰਾ ਨੇ ਦੱਸਿਆ ਕਿ ਟੀਮ ਕਾਫ਼ੀ ਲੰਬੇ ਸਮੇਂ ਤੋਂ ਕਾਲਾ ਜਠੇੜੀ ਦੇ ਪਿੱਛੇ ਲੱਗੀ ਹੋਈ ਸੀ। ਇਸ ਦੌਰਾਨ ਟੀਮ ਨੇ ਟੈਕਨੀਕਲ ਸਰਵਿਲਾਂਸ ਦੀ ਮਦਦ ਨਾਲ ਬੀਤੇ ਦਿਨ ਸਹਾਰਨਪੁਰ ਤੋਂ ਕਾਲਾ ਜਠੇੜੀ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਦੋਸ਼ੀ ਨੇ ਪੁਲੀਸ ਤੋਂ ਬਚ ਕੇ ਦੌੜਨ ਦੀ ਕੋਸ਼ਿਸ਼ ਕੀਤੀ ਪਰ ਟੀਮ ਨੇ ਉਸ ਨੂੰ ਪਿਸਟਲ ਨਾਲ ਮੌਕੇ ਤੇ ਹੀ ਫੜ ਲਿਆ।