ਫਾਜ਼ਿਲਕਾ, 12 ਜੂਨ-ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਮਿਸ਼ਨ ਫਤਿਹ ਤਹਿਤ ਡਿਪਟੀ ਕਮਿਸ਼ਨਰ ਸ੍ਰੀ ਅਰਵਿੰਦ ਪਾਲ ਸਿੰਘ ਸੰਧੂ ਦੀਆਂ ਹਦਾਇਤਾਂ ’ਤੇ ਜ਼ਿਲਾ ਵਾਸੀਆਂ ਨੂੰ ਮਿਆਰੀ ਖਾਦ ਪਦਾਰਥ ਮੁਹੱਈਆ ਕਰਵਾਉਣ ਲਈ ਵਿੱਢੀ ਮੁਹਿੰਮ ਤਹਿਤ ਸਿਹਤ ਵਿਭਾਗਾਂ ਦੀਆਂ ਟੀਮਾਂ ਵੱਲੋਂ ਰੈਸਟੋਰੈਂਟਾਂ, ਹੋਟਲ, ਹਲਵਾਈ ਅਤੇ ਕਰਿਆਣਾ ਦੁਕਾਨਾਂ ਦੀ ਚੈਕਿੰਗ ਕੀਤੀ ਗਈ। ਇਹ ਜਾਣਕਾਰੀ ਫੂਡ ਸੇਫਟੀ ਅਫ਼ਸਰ ਗਗਨਦੀਪ ਕੌਰ ਨੇ ਦਿੱਤੀ।
ਉਨਾਂ ਦੱਸਿਆ ਕਿ ਚੈਕਿੰਗ ਦੌਰਾਨ ਰੈਸਟੋਰੈਂਟਾਂ ਅੰਦਰ ਲੋਕਾਂ ਨੂੰ ਮੁਹੱਈਆ ਕਰਵਾਏ ਜਾ ਰਹੇ ਖਾਣੇ ਦੀ ਗੁਣਵੱਤਾ ਦਾ ਜਾਇਜ਼ਾ ਲਿਆ। ਵੱਖ-ਵੱਖ ਮਿਠਾਈ ਅਤੇ ਕਰਿਆਣਾ ਦੁਕਾਨਾਂ ’ਤੇ ਕੁਆਲਟੀ ਦੀ ਘਾਟ ਅਤੇ ਮਿਆਦ ਲੰਘ ਚੁੱਕੀਆਂ ਵਸਤਾਂ ਨੂੰ ਮੌਕੇ ’ਤੇ ਨਸ਼ਟ ਕਰਵਾ ਕੇ ਟੀਮ ਵੱਲੋਂ ਸਬੰਧਤ ਦੁਕਾਨਦਾਰਾਂ ਨੂੰ ਭਵਿੱਖ ਵਿੱਚ ਲੋਕਾਂ ਨੂੰ ਮਿਆਰੀ ਪਦਾਰਥਾਂ ਦੀ ਵਿਕਰੀ ਕਰਨ ਦੇ ਆਦੇਸ਼ ਜਾਰੀ ਕੀਤੇ ਗਏ। ਉਨਾਂ ਕਿਹਾ ਕਿ ਦਕੁਾਨਦਕਾਰਾਂ ਨੂੰ ਇਹ ਵੀ ਆਦੇਸ਼ ਦਿੱਤੇ ਗਏ ਹਨ ਕਿ ਰੋਜ਼ਾਨਾ ਦੀ ਵਿਕਰੀ ਅਨੁਸਾਰ ਹੀ ਸਮਾਨ ਤਿਆਰ ਕੀਤਾ ਜਾਵੇ।
ਉਨਾਂ ਦੁਕਾਨਦਾਰਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਭਵਿੱਖ ਅੰਦਰ ਅਜਿਹਾ ਮਾਮਲਾ ਮਿਲਣ ’ਤੇ ਫੂਡ ਸੇਫਟੀ ਐਕਟ ਤਹਿਤ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਉਨਾਂ ਕਿਹਾ ਕਿ ਭਵਿੱਖ ਅੰਦਰ ਅਜਿਹੀ ਚੈਕਿੰਗ ਪ੍ਰਕਿਰਿਆ ਜਾਰੀ ਰਹੇਗੀ ਅਤੇ ਉਲੰਘਣਾ ਕਰਨ ਵਾਲੇ ਨੂੰ ਜੁਰਮਾਨੇ ਦੇ ਨਾਲ ਐਕਟ ਮੁਤਾਬਿਕ ਕਾਨੂੰਨੀ ਕਾਰਵਾਈ ਦੇ ਦਾਇਰੇ ’ਚ ਲਿਆਂਦਾ ਜਾਵੇਗਾ।
ਉਨਾਂ ਕਿਹਾ ਕਿ ਸਿਹਤ ਟੀਮਾਂ ਵੱਲੋਂ ਖਾਦ ਪਦਾਰਥਾਂ ਦੀ ਜਾਂਚ ਮੌਕੇ ਹੋਟਲ, ਰੈਸਟੋਰੈਂਟ ਅਤੇ ਦੁਕਾਨਦਾਰਾਂ ਨੂੰ ਮਿਸ਼ਨ ਫਤਿਹ ਨੂੰ ਜਮੀਨੀ ਪੱਧਰ ਦੇ ਲਾਗੂ ਕਰਨ ਲਈ ਮਾਸਕ ਪਾਉਣ, ਸੋਸ਼ਲ ਡਿਸਟੈਂਸ ਮੈਨਟੇਨ ਅਤੇ ਸਾਫ-ਸਫਾਈ ਦਾ ਵਿਸ਼ੇਸ਼ ਧਿਆਨ ਰੱਖਣ ਲਈ ਪ੍ਰੇਰਿਤ ਕੀਤਾ ਗਿਆ। ਉਨਾਂ ਦੱਸਿਆ ਕਿ ਦੁਕਾਨਦਾਰਾਂ ਨੂੰ ਬਕਾਇਦਾ ਦੁਕਾਨ ਜਾਂ ਹੋਟਲ ’ਤੇ ਆਉਣ ਵਾਲੇ ਗ੍ਰਾਹਕ ਨੂੰ ਮਾਸਕ ਪਾਉਣ ਬਾਰੇ ਜਾਗਰੂਕ ਕਰਨ ਲਈ ਕਿਹਾ ਗਿਆ ਹੈ।