ਸਰੀ, 11 ਜੂਨ 2020- ਸਰੀ ਸ਼ਹਿਰ ਵਿਚ ਕੁਝ ਥਾਵਾਂ ਤੇ ਲਾਅਨਾਂ ਵਿਚ ਇਹ ਸਾਈਨ ਲੱਗੇ ਸਨ ਕਿ “ਸਰੀ ਆਰਸੀਐਮਪੀ ਨੂੰ ਬਰਕਰਾਰ ਰੱਖਿਆ ਜਾਵੇ”। ਬੀਤੇ ਦਿਨ ਸਿਟੀ ਕਰਮਚਾਰੀਆਂ ਨੇ ਅਚਾਨਕ ਕਾਰਵਾਈ ਕਰਦਿਆਂ ਇਹ ਸਾਈਨ ਹਟਾ ਦਿੱਤੇ ਹਨ ਜਿਸ ਕਾਰਨ ਸ਼ਹਿਰ ਵਿਚ ਇਕ ਵਾਰ ਫੇਰ ਇਹ ਮੁੱਦਾ ਭਖ ਉੱਠਿਆ ਹੈ।
ਵਿਰੋਧੀ ਕੌਂਸਲਰ ਲਿੰਡਾ ਅੰਨੀਸ ਨੇ ਸਿਟੀ ਕਰਮਚਾਰੀਆਂ ਵੱਲੋਂ ਸਾਈਨ ਹਟਾਉਣ ਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਹੈ ਕਿ ਸਿਟੀ ਨੇ ਇਹ ਸਾਈਨ ਹਟਾਉਣ ਲਈ ਕੋਈ ਫੈਸਲਾ ਨਹੀਂ ਲਿਆ ਸਗੋਂ ਵਰਕਰਾਂ ਨੇ ਕਿਸੇ ਉਪਰਲੇ ਹੁਕਮਾਂ ਤਹਿਤ ਖ਼ੁਦ ਹੀ ਇਹ ਕਾਰਵਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਘਟੀਆ ਰਾਜਨੀਤੀ ਵਿਚ ਮੁਲਾਜ਼ਮਾਂ ਨੂੰ ਸ਼ਾਮਲ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਸਾਨੂੰ ਪੁਲਿਸ ਰੈਫਰੈਂਡਮ ਕਰਵਾਉਣਾ ਚਾਹੀਦਾ ਹੈ।
ਦੂਜੇ ਪਾਸੇ ਇੱਕ ਬਿਆਨ ਵਿਚ ਸਰੀ ਦੇ ਕਾਰਪੋਰੇਟ ਸੇਵਾਵਾਂ ਦੇ ਜਨਰਲ ਮੈਨੇਜਰ ਰੌਬ ਕੋਸਟਾਨਜ਼ੋ ਨੇ ਕਿਹਾ ਕਿ ਇਨ੍ਹਾਂ ਸਾਈਨਾਂ ਨੂੰ ਪਬਲਿਕ ਪਰਾਪਰਟੀ ਤੋਂ ਇਸ ਲਈ ਹਟਾ ਦਿੱਤਾ ਗਿਆ ਹੈ ਕਿਉਂਕਿ ਇਹ ਹਾਈਵੇਅ ਟ੍ਰੈਫਿਕ ਬਾਈਲਾਅ 13007 (ਸੈਕਸ਼ਨ 82) ਦੀ ਉਲੰਘਣਾ ਕਰਦੇ ਸਨ।
ਵਰਨਣਯੋਗ ਹੈ ਕਿ ਸਰੀ ਆਰਸੀਐਮਪੀ ਨੂੰ ਮਿਉਂਸਪਲ ਪੁਲਿਸ ਫੋਰਸ ਵਿਚ ਬਦਲਣਾ ਇੱਕ ਮਹੱਤਵਪੂਰਨ ਮੁੱਦਾ ਹੈ ਅਤੇ ਇਹ ਨਾਅਰਾ ਦੇ ਕੇ ਹੀ ਸਰੀ ਦੇ ਮੇਅਰ ਡੱਗ ਮੈਕੱਲਮ ਅਤੇ ਉਸ ਦੀ ਸੇਫ ਸਰੀ ਟੀਮ ਨੂੰ 2018 ਦੀਆਂ ਮਿਉਂਸਪਲ ਚੋਣਾਂ ਵਿੱਚ ਸੱਤਾ ਹਾਸਲ ਹੋਈ ਹੈ। ਇਸ ਮੁੱਦੇ ਨੂੰ ਲੈ ਕੇ ਬਾਅਦ ਵਿਚ ਸੱਤਾਧਾਰੀ ਟੀਮ ਵਿਚ ਫੁੱਟ ਪੈ ਗਈ ਅਤੇ ਕੁਝ ਕੌਂਸਲਰ ਸੱਤਾਧਾਰੀ ਧਿਰ ਨਾਲੋਂ ਆਪਣਾ ਨਾਤਾ ਵੀ ਤੋੜ ਚੁੱਕੇ ਹਨ।