ਔਕਲੈਂਡ 12 ਜੂਨ 2020 – ਵਿਕਸਤ ਸਰਕਾਰਾਂ ਜਦੋਂ ਕਿਤੇ ਨਵੇਂ ਪ੍ਰਾਜੈਕਟ ਉਤੇ ਕੰਮ ਕਰਦੀਆਂ ਹਨ ਤਾਂ ਉਸ ਦੀ ਸਫਲਤਾ ਦੇ ਵਿਚ ਲੋਕਾਂ ਨੂੰ ਵੀ ਸ਼ਾਮਿਲ ਕਰਨ ਦੇ ਲਈ ਬਹੁਤ ਵਧੀਆ ਵਸੀਲੇ ਲੱਭ ਲੈਂਦੀਆਂ ਹਨ। ਕਈ ਵਾਰ ਨਵੀਂ ਇਜਾਦ ਕੀਤੀ ਗਈ ਮਸ਼ੀਨ ਦੇ ਨਾਂਅ ਜਾਂ ਉਸਦੇ ਨਾਮਕਰਣ ਨੂੰ ਲੈ ਕੇ ਵੱਡੀ ਕਹਾਣੀ ਹੁੰਦੀ ਹੈ। ਕਈ ਦੇਸ਼ਾਂ ਦੇ ਵਿਚ ਇਸ ਨੂੰ ਹੋਰ ਵੀ ਰੌਚਿਕ ਬਣਾ ਲਿਆ ਜਾਂਦਾ ਹੈ। ਹੁਣ ਨਿਊਜ਼ੀਲੈਂਡ ਦੇ ਸ਼ਹਿਰ ਔਕਲੈਂਡ ਦੀ ਸਮੁੰਦਰੀ ਬੰਦਰਗਾਹ ਉਤੇ ਵਿਸ਼ਵ ਦੀ ਪਹਿਲੀ ਬਿਜਲਈ ‘ਟੱਗਬੋਟ’ (ਜੋ ਕਿ ਵੱਡੇ ਸਮੁੰਦਰੀ ਜਹਾਜ਼ਾਂ ਨੂੰ ਖਿੱਚਣ ਲਈ ਕੰਮ ਆਉਂਦੀ ਹੈ) ਦੇ ਨਾਮਕਰਣ ਨੂੰ ਲੈ ਕੇ ਆਖਰੀ ਗੇੜ ਦੀਆਂ ਵੋਟਾਂ ਪੈ ਰਹੀਆਂ ਹਨ। ਪਹਿਲੇ ਗੇੜ ਦੇ ਵਿਚ ਆਲੀਸ਼ਾਨ ਲੱਗਣ ਵਾਲੀ ਟੱਗਬੋਟ ਦੇ ਨਾਂਅ ਲਈ ਹਜ਼ਾਰਾਂ ਨਾਂਅ ਸੁਝਾਏ ਗਏ ਫਿਰ ਹੌਲੀ -ਹੌਲੀ ਛਾਂਟੀ ਹੁੰਦੀ-ਹੁੰਦੀ ਹੁਣ ਚਾਰ ਨਾਂਅ ਅਖੀਰ ਵਿਚ ਰਹਿ ਗਏ ਹਨ ਜਿਸ ਦੇ ਵਿਚੋਂ ਹੁਣ ਵੋਟਾਂ ਦੇ ਰਾਹੀਂ ਇਕ ਨਾਂਅ ਚੁਣਿਆ ਜਾਣਾ ਹੈ। ਕਈਆਂ ਨੇ ਕਰੋਨਾ ਉਤੇ ਬੜੇ ਤਰੀਕੇ ਨਾਲ ਕਾਬੂ ਪਾਉਣ ਵਾਲੇ ਸਿਹਤ ਡਾਇਰੈਕਟਰ ਡਾ. ਐਸ਼ਲੇ ਬਲੂਮਫੀਲਡ ਦਾ ਨਾਂਅ ਲਿਖ ਭੇਜਿਆ, ਕਿਸੇ ਨੇ ‘ਇਲੈਟ੍ਰਿਕ ਡਿਸਕੋ ਬਿਸਕੁ, ਕਿਸੇ ਨੇ ‘ਦਾ ਫਾਈਟਿੰਗ ਕੂਈਨ ਆਫ ਕੋਵਿਡ’ ਅਤੇ ਕਿਸੇ ਨੇ ‘ਟੱਗੀ ਟੱਗਫੇਸ’ ਆਦਿ ਦੇ ਨਾਂਅ ਸੁਲਝਾਏ। ਪਰ ਹੁਣ ਅਖੀਰ ਦੇ ਵਿਚ ਚਾਰ ਨਾਂਅ ਰਹਿ ਗਏ ਹਨ ਜਿਨ੍ਹਾਂ ਵਿਚ ਪਹਿਲਾ ਹੈ ‘ਅਰਾਹੀ’-ਮਾਓਰੀ ਭਾਸ਼ਾ ਵਿਚ ਇਸਦਾ ਮਤਲਬ ਹੈ ਮੋਹਰੀ, ਮਾਰਗ ਰਖਵਾਲਾ, ਸੰਚਾਲਨ ਅਤੇ ਤੋਰਨਾ। ਦੂਜਾ ਨਾਂਅ ਹੈ ‘ਈ. ਟੀ.’ ਮਤਲਬ ਕਿ ਇਲੈਕਟ੍ਰਿਕ ਟੱਗ (ਬਿਜਲਈ ਬੋਟ), ਤੀਜਾ ਹੈ ‘ਹਿਕੋ’ ਮਾਓਰੀ ਭਾਸ਼ਾ ਵਿਚ ਜਿਸਦਾ ਮਤਲਬ ਹੈ ਬਿਜਲਈ ਸ਼ਕਤੀ, ਇਲੈਕਟ੍ਰੋਨਿਕ, ਇਲੈਕਟ੍ਰਿਕ ਅਤੇ ਲਾਈਟਿੰਗ। ਚੌਥਾ ਨਾਂਅ ਆਇਆ ਹੈ ‘ਸਪਾਰਕੀ’ ਜਿਸਦਾ ਮਤਲਬ ਹੈ ਛੋਟਾ ਜਿਹਾ ਚੰਗਿਆੜਾ। ਸੋ ਹੁਣ ਲੋਕਾਂ ਨੇ 14 ਜੂਨ ਤੱਕ ਵੋਟਾਂ ਪਾ ਕੇ ਦੱਸਣਾ ਹੈ ਕਿ ਉਨ੍ਹਾਂ ਨੂੰ ਕਿਹੜਾ ਨਾਂਅ ਜਿਆਦਾ ਪ੍ਰਭਾਵਸ਼ਾਲੀ ਅਤੇ ਵਿਸ਼ਵ ਦੀ ਇਸ ਪਹਿਲੀ ਬਿਜਲਈ ‘ਟੱਗਬਾਰ’ ਉਤੇ ਖਰਾ ਉਤਰਦਾ ਹੈ। ਸੋ ਗੋਰਿਆਂ ਦੀਆਂ ਵੀ ਕਿਆ ਬਾਤਾਂ ਨਾਂਅ ਰੱਖਣ ਲਈ ਵੀ ਲੋਕਾਂ ਦੀ ਸਹਿਮਤੀ ਲਈ ਪੂਰਾ ਸਮਾਂ ਦਿੱਤਾ ਜਾ ਰਿਹੈ। ਦੇਸ਼ ਦੇ ਕਲਾਈਮੇਟ ਮੰਤਰੀ ਸ੍ਰੀ ਜੇਮਸ ਸ਼ਾਅ ਅਤੇ ਔਕਲੈਂਡ ਦੇ ਮੇਅਰ ਸ੍ਰੀ ਫਿਲ ਗੌਫ ਇਸ ਪ੍ਰਾਪਤੀ ਉਤੇ ਕਾਫੀ ਖੁਸ਼ ਹਨ। ਇਹ ਟੱਗਬੋਟ ਡੀਜ਼ਲ ਦੇ ਮੁਕਾਬਲੇ ਕਾਫੀ ਸਸਤੀ ਪਵੇਗੀ।
ਮੁੰਬਈ ਤੋਂ 2000 ਦੇ ਵਿਚ ਇਥੇ ਆਏ ਸ੍ਰੀ ਐਲਿਨ ਡਿਸੂਜਾ ਇਸ ਵੇਲੇ ਮਰੀਨ, ਇੰਜੀਨੀਅਰਿੰਗ ਅਤੇ ਜਨਰਲ ਵੌਰਫ ਆਪ੍ਰੇਸ਼ਨ ਦੇ ਜਨਰਲ ਮੈਨੇਜਰ ਹਨ। ਉਨ੍ਹਾਂ ਨੂੰ ਮੈਰੀਨ ਉਦਯੋਗ ਅਤੇ ਪੱਤਣ ਦਾ 30 ਸਾਲ ਤੋਂ ਉਪਰ ਦਾ ਤਜ਼ਰਬਾ ਹੈ। ਉਹ 28 ਸਾਲ ਦੀ ਉਮਰ ਤੋਂ ਸਮੁੰਦਰੀ ਜਹਾਜ਼ਾਂ ਦੀ ਕਪਤਾਨੀ ਕਰ ਰਹੇ ਹਨ। ਭਾਰਤੀਆਂ ਨੂੰ ਇਸ ਗੱਲ ਦਾ ਮਾਣ ਹੋਣਾ ਚਾਹੀਦਾ ਹੈ ਕਿ ਨਿਊਜ਼ੀਲੈਂਡ ਦੇ ਵੱਡੇ ਉਦਯੋਗਾਂ ਦੇ ਵਿਚ ਭਾਰਤੀਆਂ ਦੀ ਮੁੱਖ ਭੂਮਿਕਾ ਹੈ। ਸ੍ਰੀ ਐਲਿਨ ਡਿਸੂਜ਼ਾ ਦੀ ਇਸ ਵੇਲੇ ਪੂਰੀ ਬੱਲੇ-ਬੱਲੇ ਹੈ।