ਸਮਾਜ ਸੇਵੀ ਸੰਸਥਾਵਾਂ ਨੂੰ ਰੁੱਖ ਲਾਉਣ ਲਈ ਲਗਾਤਾਰ ਕਾਰਜ ਕਰਨ ਦੀ ਅਪੀਲ
ਚੰਡੀਗੜ੍ਹ – ਪੰਜਾਬ ਦੇ ਜੰਗਲਾਤ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਨਰੋਏ ਵਾਤਾਵਰਣ ਦੀ ਸਿਰਜਣਾ ਲਈ ਵੱਧ ਤੋਂ ਵੱਧ ਰੁੱਖ ਲਾਉਣ ‘ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਦੁਨੀਆਂ ਦਾ ਹਰ ਨਾਗਰਿਕ ਇੱਕ ਰੁੱਖ ਲਾਵੇ ਅਤੇ ਉਸਦੀ ਸੰਭਾਲ ਕਰੇ ਤਾਂ ਵੱਡੀਆਂ ਵਾਤਾਵਰਣਿਕ ਤਬਦੀਲੀਆਂ ਤੋਂ ਨਿਜਾਤ ਪਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਅੱਜ ਦੁਨੀਆਂ ਦਾ ਹਰ ਦੇਸ਼ ਵਾਤਾਵਰਣ ਨਾਲ ਸਬੰਧਤ ਸਮੱਸਿਆਵਾਂ ਨਾਲ ਜੂਝ ਰਿਹਾ ਹੈ ਅਤੇ ਇਸ ਬਾਰੇ ਵਿਚਾਰਾਂ ਕਰਕੇ ਲੋੜੀਂਦੇ ਸੰਭਵ ਕਦਮ ਵੀ ਚੁੱਕ ਰਿਹਾ ਹੈ।ਪੰਜਾਬ ਦੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਵੱਧ ਤੋਂ ਵੱਧ ਰੁੱਖ ਲਾਉਣ ਲਈ ਲਗਾਤਾਰ ਕਾਰਜ ਕਰਨ ਦੀ ਅਪੀਲ ਕਰਦਿਆਂ ਸ. ਧਰਮਸੋਤ ਨੇ ਕਿਹਾ ਕਿ ਸੂਬਾ ਸਰਕਾਰ ਨੇ ਪਿਛਲੇ ਲਗਭਗ ਚਾਰ ਸਾਲਾਂ ਦੇ ਸਮੇਂ ਦੌਰਾਨ ‘ਘਰ-ਘਰ ਹਰਿਆਲੀ` ਸਕੀਮ ਤਹਿਤ 1 ਕਰੋੜ 23 ਲੱਖ ਤੋਂ ਵੱਧ ਰੁੱਖ ਸੂਬੇ ਭਰ ‘ਚ ਲਗਾਏ ਹਨ। ਇਸੇ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਲਗਭੱਗ 76 ਲੱਖ ਬੂਟੇ ਅਤੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਸਬੰਧੀ ਲਗਭੱਗ 66 ਲੱਖ ਬੂਟੇ ਸੂਬੇ ਭਰ ‘ਚ ਲਗਾਏ ਜਾ ਚੁੱਕੇ ਹਨ।ਉਨ੍ਹਾਂ ਸੂਬੇ ਦੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਯੋਗ ਸਥਾਨਾਂ ਦੀ ਸ਼ਨਾਖ਼ਤ ਕਰਕੇ ਵੱਧ ਤੋਂ ਵੱਧ ਬੂਟੇ ਲਾਉਣ ਲਈ ਕਿਹਾ।ਸ. ਧਰਮਸੋਤ ਨੇ ਅੱਜ ਇੱਥੇ ਸਮਾਜ ਸੇਵੀ ਸੰਸਥਾ ਗੋ ਗ੍ਰੀਨ ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ, ਸ਼ਹੀਦ ਭਗਤ ਸਿੰਘ ਨਗਰ ਵੱਲੋਂ ਹਰ ਵਰ੍ਹੇ ਜੁਲਾਈ ਦੇ ਆਖਰੀ ਐਤਵਾਰ ਨੂੰ ਮਨਾਏ ਜਾਂਦੇ ‘’ਅੰਤਰਾਸ਼ਟਰੀ ਮੇਰਾ ਰੁੱਖ ਦਿਵਸ’’ (ਇੰਟਰਨਨੇਸ਼ਨਲ ਮਾਈ ਟ੍ਰੀ ਡੇ) ਸਬੰਧੀ ਵਿਸ਼ੇਸ਼ ਬੈਨਰ ਜਾਰੀ ਕੀਤਾ। ਇਸ ਮੌਕੇ ਸ. ਧਰਮਸੋਤ ਨੇ ਸੂਬਾ ਵਾਸੀਆਂ ਨੂੰ ਆਪਣੇ ਪੱਧਰ ‘ਤੇ ਇੱਕ ਰੁੱਖ ਲਾਉਣ ਤੇ ਉਸਦੀ ਸੰਭਾਲ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਦੁਨੀਆਂ ਭਰ ਵਿੱਚ ਹਰ ਵਿਅਕਤੀ ਨੂੰ ਰੁੱਖਾਂ ਨਾਲ ਆਪਣੀ ਸਾਂਝ ਪਾਉਣੀ ਚਾਹੀਦੀ ਹੈ। ਜੰਗਲਾਤ ਮੰਤਰੀ ਨੇ ਸਮਾਜ ਸੇਵੀ ਸੰਸਥਾ ਦੇ ਸੰਸਥਾਪਕ ਸ੍ਰੀ ਅਸ਼ਵਨੀ ਜੋਸ਼ੀ ਤੇ ਉਨ੍ਹਾਂ ਦੇ ਸਾਥੀਆਂ ਦੀ ਹਰ ਵਰ੍ਹੇ ਇੱਕ ਵਿਸ਼ੇਸ਼ ਦਿਨ ਰੁੱਖ ਲਾਉਣ ਲਈ ਮਨਾਉਣ ਦੇ ਯਤਨਾਂ ਦੀ ਸ਼ਲਾਘਾ ਕੀਤੀ ਜੋ ਕਿ ਪਿਛਲੇ 11 ਸਾਲਾਂ ਤੋ ਇਹ ਕਾਰਜ ਕਰਦੇ ਆ ਰਹੇ ਹਨ।ਜੰਗਲਾਤ ਮੰਤਰੀ ਨੇ ਜੁਲਾਈ ਦੇ ਆਖਰੀ ਐਤਵਾਰ ਨੂੰ ‘ਅੰਤਰਰਾਸ਼ਟਰੀ ਰੁੱਖ ਦਿਵਸ’ ਨੂੰ ਸਰਕਾਰੀ ਅਦਾਰਿਆਂ ਵਿੱਚ ਮਨਾਉਣ ਅਤੇ ਯੋਗ ਸਥਾਨਾਂ ‘ਤੇ ਰੁੱਖ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਬੂਟੇ ਨੇੜਲੀਆਂ ਸਰਕਾਰੀ ਨਰਸਰੀਆਂ ਤੋਂ ਮੁਫ਼ਤ ਪ੍ਰਾਪਤ ਕੀਤੇ ਜਾ ਸਕਦੇ ਹਨ।