ਪੰਜਾਬ ਪੁਲਿਸ ਵੱਲੋਂ ਮੱਧ ਪ੍ਰਦੇਸ਼ ’ਚ ਚੱਲ ਰਹੇ ਇੱਕ ਹੋਰ ਗੈਰ ਕਾਨੂੰਨੀ ਹਥਿਆਰਾਂ ਦੀ ਸਪਲਾਈ ਦੇ ਨੈੱਟਵਰਕ ਦਾ ਪਰਦਾਫਾਸ਼; ਹਥਿਆਰਾਂ ਦੇ ਨਿਰਮਾਣ ਅਤੇ ਸਪਲਾਈ ਵਿੱਚ ਸ਼ਾਮਲ ਵਿਅਕਤੀ ਤਿੰਨ ਪਿਸਤੌਲਾਂ ਸਮੇਤ ਕਾਬੂ
ਚੰਡੀਗੜ – ਪੰਜਾਬ ਪੁਲਿਸ ਨੇ ਅੱਜ ਇਕ ਵੱਡੇ ਅੰਤਰ-ਰਾਜੀ ਅਪਰੇਸ਼ਨ ਵਿਚ ਮੱਧ ਪ੍ਰਦੇਸ਼ (ਐਮ.ਪੀ.) ਅਧਾਰਤ ਗੈਰਕਾਨੂੰਨੀ ਹਥਿਆਰਾਂ ਦੀ ਸਪਲਾਈ ਦੇ ਨੈਟਵਰਕ ਦਾ ਪਰਦਾਫਾਸ਼ ਕਰਕੇ ਇਸਦੇ ਮੁੱਖ ਸਪਲਾਇਰ ਨੂੰ ਗਿ੍ਰਫ਼ਤਾਰ ਕੀਤਾ ਹੈ ਜਿਸਦੀ ਪਹਿਚਾਣ ਬਲਜੀਤ ਸਿੰਘ ਉਰਫ਼ ਸਵੀਟੀ ਸਿੰਘ ਵਾਸੀ ਜ਼ਿਲਾ ਬੜਵਾਨੀ, ਮੱਧ ਪ੍ਰਦੇਸ਼ ਵਜੋਂ ਹੋਈ ਹੈ।ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਦਿਨਕਰ ਗੁਪਤਾ ਨੇ ਦੱਸਿਆ ਕਿ ਬੜਵਾਨੀ, ਮੱਧ ਪ੍ਰਦੇਸ਼ ਤੋਂ ਪਿੰਡ ਉਮਰਤੀ ਦਾ ਵਸਨੀਕ ਸਵੀਟੀ ਸਿੰਘ ਬਿਹਤਰ ਕੁਆਲਟੀ ਦੇ ਗੈਰ ਕਾਨੂੰਨੀ ਹਥਿਆਰਾਂ ਦੇ ਨਿਰਮਾਣ ਅਤੇ ਇਨਾਂ ਹਥਿਆਰਾਂ ਦੀ ਪੰਜਾਬ ਤੇ ਉੱਤਰੀ ਭਾਰਤ ਦੇ ਹੋਰਨਾਂ ਰਾਜਾਂ ਨੂੰ ਸਪਲਾਈ ਕਰਨ ਵਿੱਚ ਸ਼ਾਮਲ ਸੀ। ਉਨਾਂ ਦੱਸਿਆ ਕਿ ਕਪੂਰਥਲਾ ਪੁਲਿਸ ਨੇ ਉਸ ਕੋਲੋਂ ਤਿੰਨ .32 ਬੋਰ ਪਿਸਤੌਲ ਅਤੇ 3 ਮੈਗਜ਼ੀਨ ਵੀ ਬਰਾਮਦ ਕੀਤੇ ਹਨ।ਗੌਰਤਲਬ ਹੈ ਕਿ ਇਹ ਪੰਜਾਬ ਪੁਲਿਸ ਵੱਲੋਂ ਪਿਛਲੇ 8 ਮਹੀਨਿਆਂ ਦੌਰਾਨ ਬੇਨਕਾਬ ਕੀਤਾ ਗਿਆ ਗੈਰ ਕਾਨੂੰਨੀ ਹਥਿਆਰਾਂ ਦੇ ਨਿਰਮਾਣ ਅਤੇ ਸਪਲਾਈ ਵਿੱਚ ਸ਼ਾਮਲ ਮੱਧ ਪ੍ਰਦੇਸ਼ ਦਾ ਅਜਿਹਾ ਤੀਜਾ ਮਡਿਊਲ ਹੈ। ਇਸ ਤੋਂ ਪਹਿਲਾਂ, ਅੰਮਿ੍ਰਤਸਰ ਦਿਹਾਤੀ ਪੁਲਿਸ ਨੇ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ ਵਿਅਕਤੀਆਂ ਜੋ ਪੰਜਾਬ ਵਿੱਚ ਗੈਂਗਸਟਰਾਂ, ਅਪਰਾਧੀਆਂ ਅਤੇ ਕੱਟੜਪੰਥੀਆਂ ਨੂੰ ਹਥਿਆਰ ਸਪਲਾਈ ਕਰ ਰਹੇ ਸਨ, ਦੀ ਗਿ੍ਰਫ਼ਤਾਰੀ ਨਾਲ ਅਜਿਹੇ ਦੋ ਮਡਿਊਲਾਂ ਦਾ ਪਰਦਾਫਾਸ਼ ਕੀਤਾ ਸੀ, ਜਿਨਾਂ ਵਿੱਚ ਐਮ.ਪੀ. ਦੀ ਇੱਕ ਗੈਰ ਕਾਨੂੰਨੀ ਸਮਾਲ ਆਰਮਜ਼ ਮੈਨੂਫੈਕਚਰਿੰਗ ਇਕਾਈ ਵੀ ਸ਼ਾਮਲ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਐਸ.ਐਸ.ਪੀ. ਹਰਕਮਲਪ੍ਰੀਤ ਸਿੰਘ ਖੱਖ ਦੀ ਅਗਵਾਈ ਹੇਠ ਕਪੂਰਥਲਾ ਪੁਲਿਸ ਵੱਲੋਂ ਕੀਤੇ ਗਏ ਅਪਰੇਸ਼ਨਾਂ ਜਿਸ ਵਿੱਚ ਚਾਰ ਲੁਟੇਰਿਆਂ ਨੂੰ 10 ਪਿਸਤੌਲਾਂ ਅਤੇ ਇਕ ਰਾਈਫਲ ਤੇ ਗੋਲੀ ਸਿੱਕੇ ਸਮੇਤ ਗਿ੍ਰਫ਼ਤਾਰ ਕੀਤਾ ਗਿਆ ਸੀ, ਦੇ 10 ਦਿਨਾਂ ਬਾਅਦ ਇਹ ਸਫ਼ਲਤਾ ਹਾਸਲ ਹੋਈ ਹੈ।
ਉਨਾਂ ਦੱਸਿਆ ਕਿ ਫੜੇ ਗਏ ਲੁਟੇਰਿਆਂ ਨੇ ਖੁਲਾਸਾ ਕੀਤਾ ਕਿ ਉਹ ਮੱਧ ਪ੍ਰਦੇਸ਼ ਅਧਾਰਤ ਤਸਕਰ ਸਵੀਟੀ ਸਿੰਘ ਕੋਲੋਂ ਹਥਿਆਰਾਂ ਦੀ ਸਪਲਾਈ ਲੈ ਰਹੇ ਸਨ ਅਤੇ ਡਕੈਤੀਆਂ ਤੇ ਲੁੱਟਮਾਰ , ਪੈਟਰੌਲ ਪੰਪਾਂ ਅਤੇ ਕਿਸਾਨਾਂ ਤੋਂ ਪੈਸੇ ਖੋਹਣ ਦੀ ਸਾਜਿਸ਼ ਰਚ ਰਹੇ ਸਨ।ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਇਸ ਜਾਣਕਾਰੀ ਦੇ ਆਧਾਰ ’ਤੇ ਕਪੂਰਥਲਾ ਪੁਲਿਸ ਨੇ ਸਵੀਟੀ ਸਿੰਘ ਦੇ ਗਿ੍ਰਫਤਾਰੀ ਵਾਰੰਟ ਹਾਸਲ ਕੀਤੇ ਅਤੇ ਐਮ.ਪੀ. ਪੁਲਿਸ ਨਾਲ ਤਾਲਮੇਲ ਉਪਰੰਤ ਕਪੂਰਥਲਾ ਤੋਂ ਇੱਕ ਵਿਸ਼ੇਸ਼ ਪੁਲਿਸ ਟੀਮ ਨੂੰ ਸਵੀਟੀ ਸਿੰਘ ਦੀ ਗਿ੍ਰਫ਼ਤਾਰੀ ਲਈ ਬੜਵਾਨੀ ਜ਼ਿਲੇ ਵਿੱਚ ਭੇਜਿਆ ਗਿਆ।ਉਨਾਂ ਦੱਸਿਆ ਕਿ ਠੋਸ ਕੋਸ਼ਿਸ਼ਾਂ ਤੋਂ ਬਾਅਦ ਪੰਜਾਬ ਪੁਲਿਸ ਦੀ ਟੀਮ ਨੇ ਐਮਪੀ ਪੁਲਿਸ ਨਾਲ ਤਾਲਮੇਲ ਜ਼ਰੀਏ ਸਵੀਟੀ ਸਿੰਘ ਨੂੰ ਗਿ੍ਰਫਤਾਰ ਕਰ ਲਿਆ । ੳਨਾਂ ਇਹ ਵੀ ਦੱਸਿਆ ਕਿ ਸਵੀਟੀ ਸਿੰਘ ਨੇ ਗਿ੍ਰਫ਼ਤਾਰੀ ਤੋਂ ਬਚਣ ਲਈ ਨਰਮਦਾ ਨਦੀ ਪਾਰ ਕਰਕੇ ਮਹਾਰਾਸ਼ਟਰ ਦੀ ਸਰਹੱਦ ਵਿੱਚ ਦਾਖ਼ਲ ਹੋਣ ਦੀ ਇੱਕ ਅਸਫ਼ਲ ਕੋਸ਼ਿਸ਼ ਵੀ ਕੀਤੀ ਸੀ।
ਡੀਜੀਪੀ ਨੇ ਇਨਾਂ ਗੈਰ ਕਾਨੂੰਨੀ ਹਥਿਆਰਾਂ ਦੇ ਨਿਰਮਾਣ ਅਤੇ ਸਪਲਾਈ ਵਿੱਚ ਸ਼ਾਮਲ ਇਕਾਈਆਂ ਅਤੇ ਮਡਿਊਲਾਂ ਦਾ ਪਰਦਾਫਾਸ਼ ਕਰਨ ਵਿੱਚ ਪੰਜਾਬ ਪੁਲਿਸ ਨੂੰ ਸਹਿਯੋਗ ਦੇਣ ਲਈ ਮੱਧ ਪ੍ਰਦੇਸ਼ ਪੁਲਿਸ ਦਾ ਧੰਨਵਾਦ ਕੀਤਾ।ਐਸ.ਐਸ.ਪੀ. ਖੱਖ ਨੇ ਦੱਸਿਆ ਕਿ ਸਵੀਟੀ ਨੇ ਖੁਲਾਸਾ ਕੀਤਾ ਸੀ ਕਿ ਉਹ ਅਤੇ ਉਸਦਾ ਵੱਡਾ ਭਰਾ ਸੁਮੇਰ ਸਿੰਘ ਕਈ ਸਾਲਾਂ ਤੋਂ ਹਥਿਆਰਾਂ ਦੇ ਇਸ ਨਿਰਮਾਣ ਅਤੇ ਸਪਲਾਈ ਕਾਰੋਬਾਰ ਵਿੱਚ ਸ਼ਾਮਲ ਸਨ ਅਤੇ ਉਹ ਆਪਣੇ ਗਾਹਕਾਂ ਨੂੰ ਲੁਭਾਉਣ ਲਈ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਪਿਸਤੌਲਾਂ ਦੀਆਂ ਵੀਡੀਓ ਅਪਲੋਡ ਕਰਦੇ ਸਨ ਅਤੇ ਇਸ ਤਰਾਂ ਪੰਜਾਬ ਦੇ ਲੱੁਟਾਂ ਖੋਹਾਂ ਕਰਨ ਵਾਲੇ ਮੌਜੂਦਾ ਮਡਿਊਲ ਨੇ ਉਨਾਂ ਨਾਲ ਸੰਪਰਕ ਕੀਤਾ।ਉਨਾਂ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਇਹ ਪਤਾ ਚੱਲਿਆ ਹੈ ਕਿ ਸਵੀਟੀ ‘ਅਜ਼ਾਦ ਗਰੁੱਪ ਮੁੰਜਰ’ ਦੇ ਨਾਮ ‘ਤੇ ਇੱਕ ਯੂ-ਟਿਊਬ ਚੈਨਲ ਚਲਾ ਰਿਹਾ ਸੀ ਜਿਸ ‘ਤੇ ਉਹ ਆਪਣੇ ਗੈਰ ਕਾਨੂੰਨੀ ਹਥਿਆਰਾਂ ਦੇ ਕਾਰੋਬਾਰ ਨੂੰ ਪ੍ਰਫੁੱਲਤ ਕਰਦਾ ਸੀ ਅਤੇ ਜਦੋਂ ਖਰੀਦਦਾਰ ਕੀਮਤ ਬਾਰੇ ਪੁੱਛਦੇ ਸਨ ਤਾਂ ਇਹ ਗਰੁੱਪ ਆਪਣਾ ਵਟਸਐਪ ਨੰਬਰ ਸਾਂਝਾ ਕਰਦਾ ਸੀ।ਸ੍ਰੀ ਖੱਖ ਨੇ ਦੱਸਿਆ ਕਿ ਸਵੀਟੀ ਨੇ ਇਹ ਵੀ ਖੁਲਾਸਾ ਕੀਤਾ ਕਿ ਉਨਾਂ ਦੇ ਪਿੰਡ ਉਮਰਤੀ ਵਿੱਚ 40-45 ਦੇ ਕਰੀਬ ਘਰਾਂ ਵਿੱਚੋਂ 20 ਤੋਂ ਵੱਧ ਘਰ ਗੈਰ ਕਾਨੂੰਨੀ ਹਥਿਆਰਾਂ ਖ਼ਾਸਕਰ .30 ਬੋਰ ਅਤੇ .32 ਬੋਰ ਪਿਸਤੌਲਾਂ ਦੇ ਨਿਰਮਾਣ ਅਤੇ ਵਿਕਰੀ ਦੇ ਕਾਰੋਬਾਰ ਵਿੱਚ ਸ਼ਾਮਲ ਹਨ।ਜ਼ਿਕਰਯੋਗ ਹੈ ਕਿ ਪੁਲਿਸ ਥਾਣਾ ਫੱਤੂਢੀਂਗਾ ਕਪੂਰਥਲਾ ਵਿਖੇ ਆਈ.ਪੀ.ਸੀ. ਦੀ ਧਾਰਾ 399 ਅਤੇ 402 ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਐਫ.ਆਈ.ਆਰ. ਨੰ. 81 ਮਿਤੀ 30-06-21 ਪਹਿਲਾਂ ਹੀ ਦਰਜ ਹੈ।