ਰੂਪਨਗਰ , 27 ਅਗਸਤ 2020 : ਮਿਸ਼ਨ ਫਤਿਹ ਅਧੀਨ ਜਿੱਥੇ ਇੱਕ ਪਾਸੇ ਸਿਹਤ ਵਿਭਾਗ ਕੋਰੋਨਾ ਨਾਲ ਜੰਗ ਲੜ ਰਿਹਾ ਹੈ, ਉੱਥੇ ਦੂਜੇ ਪਾਸੇ ਬੈਂਕਾ ਵਰਗੇ ਅਦਾਰਿਆਂ ਵੱਲੋਂ ਵੀ ਸਿਹਤ ਵਿਭਾਗ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ।ਇਸੇ ਲੜੀ ਤਹਿਤ ਸਟੇਟ ਬੈਂਕ ਆਫ ਇੰਡੀਆ ਦੇ ਰੀਜਨਲ ਦਫਤਰ ਮੋਹਾਲੀ ਅਤੇ ਬਰਾਂਚ ਦਫਤਰ ਰੂਪਨਗਰ ਵੱਲੋਂ ਸਿਵਲ ਸਰਜਨ ਰੂਪਨਗਰ ਡਾ. ਐਚ.ਐਨ.ਸ਼ਰਮਾ ਦੀ ਮੋਜੂਦਗੀ ਵਿੱਚ ઠ01 ਵੈਂਟੀਲੇਟਰ, 3 ਕੰਟੈਕਟਲੈਸ ਡਿਸਪੈਂਸਰ ਸਮੇਤ ਸਟੈਂਡ, 30 ਲੀਟਰ ਸੈਨੇਟਾਇਜਰ, 25 ਪੀ.ਪੀ.ਈ. ਕਿੱਟਾਂ ਅਤੇ 1600 ਟ੍ਰਿਪਲ ਲੇਅਰ ਮਾਸਕ ਸਿਵਲ ਹਸਪਤਾਲ ਰੂਪਨਗਰ ਵਿਖੇ ਇਸਤੇਮਾਲ ਲਈ ਐਸ.ਐਮ.ਓ. ਸਿਵਲ ਹਸਪਤਾਲ ਰੂਪਨਗਰ ਡਾ. ਪਵਨ ਕੁਮਾਰ ਨੂੰ ਭੇਂਟ ਕੀਤੀਆਂ ਗਈਆਂ।ਇਸ ਮੋਕੇ ਸਿਵਲ ਸਰਜਨ ਰੂਪਨਗਰ ਵੱਲੋਂ ਬੈਂਕ ਦਾ ਧੰਨਵਾਦ ਕਰਦਿਆਂ ਕਿਹਾ ਕਿ ਨਿਸ਼ਚਿਤ ਰੂਪ ਵਿੱਚ ਇਹ ਕਿੱਟਾਂ ਕੋਰੋਨਾਂ ਦਾ ਇਲਾਜ ਕਰ ਰਹੇ ਸਟਾਫ ਦੀ ਜਰੂਰਤ ਪੂਰੀ ਕਰਨਗੀਆਂ। ਇਸ ਮੋਕੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਵਿਰੁੱਧ ਲੜਾਈ ਵਿੱਚ ਸਿਹਤ ਵਿਭਾਗ ਦਾ ਸਹਿਯੋਗ ਕਰਨ ਅਤੇ ਆਪਣੀ ਨੈਤਿਕ ਜਿੰਮੇਵਾਰੀ ਸਮਝਦੇ ਹੋਏ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾਂ ਕਰਨ, ਸਮਾਜਿਕ ਦੂਰੀ ਬਣਾਕੇ ਰੱਖਣ, ਹੱਥਾਂ ਨੂੰ ਵਾਰ-ਵਾਰ ਸਾਬਣ ਨਾਲ ਧੋਣ ਅਤੇ ਕਿਸੇ ਵੀ ਤਰ੍ਹਾਂ ਦੇ ਬੀਮਾਰੀ ਦੇ ਲੱਛਣ ਆਉਣ ਤੇ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਵਿਖੇ ਇਲਾਜ ਲਈ ਜਾਣ।