ਦਿੱਲੀ – ਮਹਾਰਾਸ਼ਟਰ ਦੇ ਭੰਡਾਰਾ ਵਿੱਚ ਦੇਰ ਰਾਤ ਇਕ ਦਰਦਨਾਕ ਹਾਦਸਾ ਵਾਪਰਿਆ। ਇੱਥੇ ਇਕ ਸਰਕਾਰੀ ਹਸਪਤਾਲ ਵਿੱਚ ਅੱਗ ਲੱਗਣ ਨਾਲ 10 ਨਵਜੰਮੇ ਬੱਚੇ ਝੁਲਸ ਗਏ ਅਤੇ ਉਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਇਹ ਘਟਨਾ ਦੇਰ ਰਾਤ 2 ਵਜੇ ਦੇ ਕਰੀਬ ਵਾਪਰੀ। ਜਿਸ ਵਾਰਡ ਵਿੱਚ ਅੱਗ ਲੱਗੀ, ਉੱਥੇ ਕਰੀਬ 17 ਬੱਚੇ ਸਨ।ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਹਸਪਤਾਲ ਦੇ ਸਿਕ ਨਿਊਬਾਰਨ ਕੇਅਰ ਯੂਨਿਟ (ਐਸ.ਐਨ.ਸੀ.ਯੂ.) ਵਿੱਚ ਅਚਾਨਕ ਅੱਗ ਲੱਗ ਗਈ। ਇਸ ਵਾਰਡ ਵਿੱਚ ਉਨ੍ਹਾਂ ਬੱਚਿਆਂ ਨੂੰ ਰੱਖਿਆ ਜਾਂਦਾ ਹੈ, ਜਿਨ੍ਹਾਂ ਦੀ ਹਾਲਤ ਨਾਜ਼ੁਕ ਹੁੰਦੀ ਹੈ, ਜਿਨ੍ਹਾਂ ਦਾ ਭਾਰ ਵੀ ਬੇਹੱਦ ਘੱਟ ਹੁੰਦਾ ਹੈ। ਧੂੰਆਂ ਨਿਕਲਦੇ ਦੇਖ ਨਰਸ ਵਾਰਡ ਵਿੱਚ ਪਹੁੰਚੀ ਪਰ ਉਦੋਂ ਤੱਕ 10 ਬੱਚੇ ਅੱਗ ਦੀ ਲਪੇਟ ਵਿੱਚ ਆ ਚੁੱਕੇ ਸਨ। 7 ਬੱਚਿਆਂ ਨੂੰ ਬਚਾ ਲਿਆ ਗਿਆ।ਡਿਊਟੀ ਤੇ ਮੌਜੂਦ ਨਰਸ ਨੇ ਵਾਰਡ ਦਾ ਦਰਵਾਜ਼ਾ ਖੋਲਿ੍ਹਆ ਅਤੇ ਤੁਰੰਤ ਹਸਪਤਾਲ ਦੇ ਅਧਿਕਾਰੀਆਂ ਨੂੰ ਦੱਸਿਆ। ਜਿਸਤੋਂ ਬਾਅਦ ਮੌਕੇ ਤੇ ਪਹੁੰਚੀ ਅੱਗ ਬੁਝਾਊ ਗੱਡੀ ਨੇ ਹਸਪਤਾਲ ਵਿੱਚ ਲੋਕਾਂ ਦੀ ਮਦਦ ਨਾਲ ਬਚਾਅ ਮੁਹਿੰਮ ਸ਼ੁਰੂ ਕੀਤੀ।