ਭਾਮੀਆਂ ਕਲਾਂ, 12 ਜੁਲਾਈ – ਲਗਾਤਾਰ ਹੋ ਰਹੀ ਬਰਤਸਾਤ ਦੇ ਚਲਦੇ ਲੁਧਿਆਣਾ ਦੇ ਬੁੱਢੇ ਦਰਿਆ ਵਿਚ ਪਾਣੀ ਦਾ ਵਹਾਅ ਵੱਧਣ ਦੇ ਕਾਰਨ ਬੀਤੇ ਦਿਨ ਪਿੰਡ ਭੂਖੜੀ ਕਲਾਂ ਵਿਖੇ ਸਥਿਤ ਪੁੱਲ ਢਹਿ-ਢੇਰੀ ਹੋ ਗਿਆ। ਉੱਥੇ ਹੀ ਦੇਰ ਰਾਤ ਪਿੰਡ ਭੂਖੜੀ ਖੁਰਦ ਵਿਖੇ ਬਣਿਆ ਹੋਇਆ ਪੁੱਲ ਵੀ ਪਾਣੀ ਦੇ ਵਹਾਅ ਵਿਚ ਰੁੜ੍ਹ ਗਿਆ।
ਪੁੱਲ ਟੁੱਟਣ ਦੇ ਕਾਰਨ ਬੁੱਢੇ ਦਰਿਆ ਦੇ ਦੂਜੇ ਕਿਨਾਰੇ ਬਣੀਆਂ ਹੋਈਆਂ ਡੇਅਰੀਆਂ ਦਾ ਸੰਪਰਕ ਪਿੰਡ ਨਾਲੋਂ ਪੂਰੀ ਤਰ੍ਹਾਂ ਟੁੱਟ ਗਿਆ ਹੈ। ਪਾਣੀ ਦੇ ਤੇਜ਼ ਵਹਾਅ ਕਾਰਨ ਨੇੜੇ ਬਣੀਆਂ ਹੋਈਆਂ ਡੇਅਰੀਆਂ ਵਿੱਚ ਵੀ ਪਾਣੀ ਭਰ ਗਿਆ।
ਦੇਰ ਰਾਤ ਤੋਂ ਹੀ ਥਾਣਾ ਜਮਾਲਪੁਰ ਦੇ ਇੰਚਾਰਜ ਜਸਪਾਲ ਸਿੰਘ ਅਤੇ ਚੌਂਕੀ ਇੰਚਾਰਜ ਬਰਿੰਦਰਜੀਤ ਸਿੰਘ ਪੁਲੀਸ ਦੀਆਂ ਟੀਮਾਂ ਸਮੇਤ ਮੌਕੇ ਤੇ ਮੌਜੂਦ ਹਨ। ਦਰਿਆ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਪਾਣੀ ਪੱਧਰ ਵੱਧਣ ਕਾਰਨ ਡੇਰਿਆਂ ਤੋਂ ਬਾਹਰ ਲਿਜਾਇਆ ਜਾ ਰਿਹਾ ਹੈ।