ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠਲੇ ਜਨਰਲ ਸ਼ਿਵਦੇਵ ਸਿੰਘ ਦੀਵਾਨ ਗੁਰਬਚਨ ਸਿੰਘ ਖਾਲਸਾ ਕਾਲਜ ਮੈਨੇਜਿੰਗ ਕਮੇਟੀ ਪਟਿਆਲਾ ਦੀ ਜ਼ਮੀਨ ਉਪਰ ਲੈਂਡ ਮਾਫੀਆ ਵੱਲੋਂ ਨਾਇਜ਼ ਕਬਜ਼ਾ ਕਰਨ ਦੇ ਯਤਨਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਰੋਕਣ ਦੇ ਯਤਨ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਸਾਂਝੀ ਕਰਦਿਆਂ ਦੱਸਿਆ ਕਿ ਜਨਰਲ ਸ਼ਿਵਦੇਵ ਸਿੰਘ ਦੀਵਾਨ ਗੁਰਬਚਨ ਸਿੰਘ ਖਾਲਸਾ ਕਾਲਜ ਮੈਨੇਜਿੰਗ ਕਮੇਟੀ ਪਟਿਆਲਾ ਦਾ ਪ੍ਰਬੰਧ 15 ਮਈ 1991 ਨੂੰ ਸ਼੍ਰੋਮਣੀ ਕਮੇਟੀ ਪਾਸ ਆ ਗਿਆ ਸੀ। ਇਸ ਕਾਲਜ ਦੇ ਨਾਮ 110 ਵਿਘੇ, 15 ਵਿਸਵੇ ਜ਼ਮੀਨ ਹੈ, ਜਿਸ ਵਿਚੋਂ 25 ਵਿਘੇ 9 ਵਿਸਵੇ ਰਕਬੇ ਵਿਚ ਮਾਤਾ ਸਾਹਿਬ ਕੌਰ ਗਰਲਜ਼ ਖਾਲਸਾ ਕਾਲਜ ਧਾਮੋ ਮਾਜਰਾ (ਪਟਿਆਲਾ) ਬਣਿਆ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਕਾਲਜ ਦਾ 57 ਵਿਘੇ 19 ਵਿਸਵੇ ਰਕਬਾ ਜਿਸ ਉਪਰ ਲੈਂਡ ਮਾਫੀਆ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਲੈਂਡ ਮਾਫੀਆ ਵੱਲੋਂ ਨਜਾਇਜ਼ ਕੀਤੇ ਕਬਜ਼ੇ ਵਿਚੋਂ ਕੁਝ ਰਕਬਾ ਛੁਡਵਾ ਕੇ ਸ਼੍ਰੋਮਣੀ ਕਮੇਟੀ ਨੇ ਦੀਵਾਰਾਂ ਕੀਤੀਆਂ ਹਨ। ਬੀਬੀ ਜਗੀਰ ਕੌਰ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਸਹਿਯੋਗ ਨਹੀਂ ਦਿੱਤਾ ਜਾ ਰਿਹਾ ਜਦਕਿ ਲੈਂਡ ਮਾਫੀਏ ਦੀ ਮਦਦ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਿੱਖ ਸੰਸਥਾ ਦੀ ਜਾਇਦਾਦ ਪੰਥ ਦੀ ਅਮਾਨਤ ਹੈ, ਜਿਸ ਉਪਰ ਕਿਸੇ ਦਾ ਵੀ ਨਜਾਇਜ਼ ਕਬਜ਼ਾ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਇਹ ਸਿੱਖ ਸੰਸਥਾ ਤੁਹਾਡੇ ਆਪਣੇ ਸ਼ਹਿਰ ਪਟਿਆਲਾ ਦੀ ਸ਼ਾਨ ਹੈ ਜਿਸ ਦੀ ਜਾਇਦਾਦ ’ਤੇ ਨਜਾਇਜ਼ ਕਬਜ਼ਿਆਂ ਦੇ ਯਤਨ ਹੋ ਰਹੇ ਹਨ। ਉਨ੍ਹਾਂ ਮੁੱਖ ਮੰਤਰੀ ਪਾਸੋਂ ਮੰਗ ਕੀਤੀ ਕਿ ਉਹ ਤੁਰੰਤ ਡੀ.ਜੀ.ਪੀ. ਨੂੰ ਹਦਾਇਤ ਕਰਨ ਕਿ ਉਹ ਉਕਤ ਸਿੱਖ ਸੰਸਥਾ ਦੀ ਜਾਇਦਾਦ ਤੋਂ ਨਜਾਇਜ਼ ਕਬਜ਼ੇ ਹਟਾਉਣ ਲਈ ਸ਼੍ਰੋਮਣੀ ਕਮੇਟੀ ਦਾ ਸਹਿਯੋਗ ਕਰਨ ਲਈ ਪ੍ਰਸ਼ਾਸਨ ਨੂੰ ਆਦੇਸ਼ ਕਰਨ। ਬੀਬੀ ਜਗੀਰ ਕੌਰ ਨੇ ਕਿਹਾ ਕਿ ਜੇਕਰ ਉਕਤ ਸਥਾਨ ’ਤੇ ਕਿਸੇ ਕਿਸਮ ਦਾ ਝਗੜਾ ਹੁੰਦਾ ਹੈ ਤਾਂ ਉਸ ਦੀ ਜ਼ੁੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਸ. ਸਤਵਿੰਦਰ ਸਿੰਘ ਟੌਹੜਾ, ਸ. ਭੁਪਿੰਦਰ ਸਿੰਘ ਭਲਵਾਨ, ਵਧੀਕ ਸਕੱਤਰ ਸ. ਪ੍ਰਤਾਪ ਸਿੰਘ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਸ. ਤੇਜਿੰਦਰ ਸਿੰਘ ਪੱਡਾ, ਸ. ਸਿਮਰਜੀਤ ਸਿੰਘ, ਸੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ ਬਹਿੜਵਾਲ, ਓਐਸਡੀ ਸ. ਅਮਰੀਕ ਸਿੰਘ ਲਤੀਫਪੁਰ, ਸ. ਸੁਖਬੀਰ ਸਿੰਘ ਆਦਿ ਹਾਜ਼ਰ ਸਨ।