ਰੂਪਨਗਰ, 10 ਜੂਨ 2020 – ਪੱਤਰਕਾਰ ਲਿਖਦਾ ਹੈ, ਪਾਠਕ ਖ਼ਬਰ ਪੜ੍ਹਦਾ ਹੈ, ਇਸ ‘ਚ ਅਖਬਾਰ ਨੂੰ ਪਾਠਕ ਤੱਕ ਪਹੁੰਚਾਉਣ ਦੀ ਮੁੱਖ ਕੜੀ ਹਾਕਰ ਨੂੰ ਗੁੰਮਨਾਮ ਕਰ ਦਿੱਤਾ ਗਿਆ ਹੈ। ਮੂੰਹ ਹਨੇਰੇ ਹਰ ਰੋਜ਼ ਨਵੀਆਂ ,ਤਾਜ਼ੀਆਂ,ਖੁਸ਼ਨੁਮਾ,ਉਦਾਸੀਆਂ ਹਰ ਤਰ੍ਹਾਂ ਦੀਆਂ ਖਬਰਾਂ ਲੈ ਕੇ ਆਉਣ ਵਾਲਾ ਪਾਤਰ ਅਣਗੌਲਿਆ ਹੈ। ਇਸ ਕਿਰਦਾਰ ਦਾ ਕੰਮ ਤੜਕੇ ਦੇ ਹਨੇਰੇ ਵਿਚ ਹੀ ਗਵਾਚ ਜਾਂਦਾ ਹੈ।
ਇਸ ਮਹੱਤਵਪੂਰਨ ਵਿਸ਼ੇ ਨੂੰ ਉਭਾਰਦੀ ਪ੍ਰਸਿੱਧ ਰੰਗਕਰਮੀ ਤੇ ਨਿਰਦੇਸ਼ਕ ਰਮਨ ਮਿੱਤਲ ਦੁਆਰਾ ਨਿਰਦੇਸ਼ਿਤ ਲਘੂ ਫ਼ਿਲਮ ‘ ਅਖ਼ਬਾਰ ਵਾਲ਼ਾ’ ਅੱਜ ਸਥਾਨਕ ਮਹਾਰਾਜਾ ਰਣਜੀਤ ਸਿੰਘ ਬਾਗ਼ ਵਿੱਚ ਚਾਰ ਦਹਾਕਿਆਂ ਤੋਂ ਹਾਕਰ ਵਜੋਂ ਸੇਵਾ ਨਿਭਾ ਰਹੇ ਸੁਰਜੀਤ ਕੁਮਾਰ ਅਤੇ ਰਾਮ ਦੁਲਾਰ ਦੁਆਰਾ ਰਿਲੀਜ਼ ਕੀਤੀ ਗਈ।ਇਸ ਬਾਰੇ ਇਸ ਫ਼ਿਲਮ ਦੇ ਨਿਰਮਾਤਾ ਤੇ ਨਿਰਦੇਸ਼ਕ ਰਮਨ ਮਿੱਤਲ ਨੇ ਕਿਹਾ ਕਿ ਕਰੋਨਾ ਕਾਲ ਦੇ ਦਹਿਸ਼ਤੀ ਮਾਹੌਲ ਵਿਚ ਵੀ ਹਾਕਰਾਂ ਦਾ ਸਾਈਕਲ ਚਲਦਾ ਰਿਹਾ।ਇਹ ਪਾਤਰ ਸਾਡੀ ਜ਼ਿੰਦਗੀ ਦਾ ਹਿੱਸਾ ਹਨ।
ਇਹਨਾਂ ਦੀ ਸਰਕਾਰਾਂ, ਮੀਡਿਆ ਹਾਊਸਾਂ ਨੇ ਕਦੇ ਕੋਈ ਗ਼ੌਰ ਨੀ ਕੀਤੀ।ਰਮਨ ਮਿੱਤਲ ਨੇ ਦੱਸਿਆ ਕਿ ਕਈ ਦਿਨ ਸਾਡੀ ਟੀਮ ਇਸ ਮਹੱਤਵਪੂਰਨ ਵਿਸ਼ੇ ਤੇ ਰਿਸਰਚ ਕਰਦੀ ਰਹੀ ,ਇਸ ਦੇ ਸਿੱਟੇ ਵਜੋਂ ਇਹ ਕਲਾਕ੍ਰਿਤ ਤਿਆਰ ਹੋਈ ਹੈ।ਇਸ ਮੌਕੇ ਤੇ ਫਿਲਮ ਦੇ ਕਲਾਕਾਰ ਅਮਨਪ੍ਰੀਤ ਕੌਰ, ਸੁਖਵੀਰ ਸੁੱਖਾ, ਸੁਖਜਿੰਦਰ ਫ਼ੌਜੀ ਅਤੇ ਸਿਨੇਮਾਟੋਗ੍ਰਾਫਰ ਬਲਰਾਜ ਬੇਲੀ ਨੇ ਦੱਸਿਆ ਕਿ ਇਸ ਵਿਚ ਘੱਟ ਸਮੇਂ ਵਿੱਚ ਇਕ ਕਰੈਕਟਰ ਦੀਆਂ ਕਈ ਪਰਤਾਂ ਖੋਲਣ ਦਾ ਵੱਖਰਾ ਚੈਲੇੰਜ ਸੀ ਜਿਸ ਨੂੰ ਨਿਭਾਉਣ ਦੀ ਪੂਰੀ ਮੇਹਨਤ ਕੀਤੀ ਹੈ। ਇਸ ਫ਼ਿਲਮ ਦੀ ਸ਼ੂਟਿੰਗ ਦੌਰਾਨ ਮਹਿਸੂਸ ਹੋਇਆ ਕਿ ਅਸੀਂ ਇਹਨਾਂ ਨੂੰ ਸਮਾਜ ਵਿਚੋਂ ਮਨਫ਼ੀ ਹੀ ਕੀਤਾ ਹੋਇਆ ਹੈ।
ਅਖਬਰਵਾਲੇ ਦੇ ਪੁੱਤਰ ਦੀ ਭੂਮਿਕਾ ਨਿਭਾਉਣ ਵਾਲੇ ਸੁਖਵੀਰ ਸੁੱਖੇ ਨੇ ਦੱਸਿਆ ਕਿ ਇਹਨਾਂ ਦੀ ਪਹਿਚਾਣ ਤੱਕ ਗੁੰਮ ਹੈ।ਇਹ ਕੋਸ਼ਿਸ਼ ਇਹਨਾਂ ਦੀ ਤਰਾਸਕ ਜ਼ਿਦਗੀ ਨੂੰ ਰੂਪਮਾਨ ਕਰਦੀ ਹੈ। ਮੌਕੇ ਤੇ ਜ਼ਿਲ੍ਹਾ ਪ੍ਰੈਸ ਕਲੱਬਜ਼ ਐਸੋਸੀਏਸ਼ਨ ਦੇ ਪ੍ਰਧਾਨ ਬਹਾਦਰਜੀਤ ਸਿੰਘ,ਰੂਪਨਗਰ ਪ੍ਰੈਸ ਕਲੱਬ ਦੇ ਪ੍ਰਧਾਨ ਅਜੈ ਅਗਨੀਹੋਤਰੀ ਮਾਨਯੋਗ ਸਪੀਕਰ ਵਿਧਾਨਸਭਾ ਪੰਜਾਬ ਦੇ ਮੀਡਿਆ ਸਲਾਹਕਾਰ ਅਮਰਪਾਲ ਬੈਂਸ ਵਲੋਂ ਹਾਕਰਾਂ ਦਾ ਸਨਮਾਨ ਵੀ ਕੀਤਾ ਗਿਆ।