ਗੁਰਦਾਸਪੁਰ, 10 ਜੂਨ 2020 – ਸੂਬੇ ਅੰਦਰ ਅੱਜ ਤੋਂ ਝੋਨੇ ਦੀ ਬਿਜਾਈ ਰਸਮੀ ਤੌਰ ‘ਤੇ ਸ਼ੁਰੂ ਹੋ ਚੁੱਕੀ ਹੈ ਅਤੇ ਇਸ ਦੇ ਨਾਲ ਹੀ ਪੰਜਾਬ ਦੇ ਕਿਸਾਨਾਂ ਨੇ ਆਪਣੇ ਆਪਣੇ ਖੇਤਾਂ ਵਿਖੇ ਝੋਨਾ ਲਾਉਣਾ ਸ਼ੁਰੂ ਕਰ ਦਿੱਤਾ ਹੈ। ਉੱਥੇ ਦੂਜੇ ਪਾਸੇ ਕੁਦਰਤ ਵੀ ਗੁਰਦਾਸਪੁਰ ਦੇ ਕਿਸਾਨਾਂ ਤੇ ਮਿਹਰਬਾਨ ਹੁੰਦੀ ਵਿਖਾਈ ਦੇ ਰਿਹਾ ਹੈ। ਕਿਉਂਕਿ ਬੀਤੇ ਦਿਨਾਂ ਦੌਰਾਨ ਜ਼ਿਲ੍ਹੇ ਅੰਦਰ ਹੋਈ ਬਾਰਸ਼ ਦੇ ਨਾਲ ਨਾਲ ਬਿਜਾਈ ਦੇ ਪਹਿਲੇ ਦਿਨ ਬੁੱਧ ਵਾਰ ਨੂੰ ਵੀ ਤੇਜ਼ ਬਰਸਾਤ ਕਾਰਨ ਜ਼ਿਲ੍ਹੇ ਦੇ ਖੇਤ ਝੋਨੇ ਦੀ ਬਿਜਾਈ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੋ ਚੁੱਕੇ ਹਨ। ਹਾਲਾਂ ਕਿ ਪ੍ਰਵਾਸੀ ਲੇਬਰ ਦੇ ਵਾਪਸ ਚਲੇ ਜਾਣ ਮਗਰੋਂ ਸੂਬੇ ਦੇ ਕਿਸਾਨਾਂ ਅਤੇ ਲੋਕਲ ਲੇਬਰ ਨੇ ਇਸ ਵਾਰ ਝੋਨੇ ਦੀ ਬਿਜਾਈ ਆਪ ਕਰਨ ਦਾ ਫ਼ੈਸਲਾ ਲਿਆ ਹੈ ਅਤੇ ਪੰਜਾਬੀਆਂ ਦੇ ਇਸ ਫ਼ੈਸਲੇ ਨਾਲ ਜਿੱਥੇ ਫ਼ਸਲ ਦੀ ਬਿਜਾਈ ਸਬੰਧੀ ਕਿਸਾਨਾਂ ਦੀ ਲਾਗਤ ਵਿੱਚ ਕਮੀ ਆਈ ਹੈ। ਉੱਥੇ ਹੀ ਦੂਜੇ ਪਾਸੇ ਮੌਜੂਦਾ ਸਮੇਂ ਦੌਰਾਨ ਲਾਕ ਡਾਊਨ ਕਾਰਨ ਵਿਹਲੀ ਬੈਠੀ ਸਥਾਨਕ ਲੇਬਰ ਨੂੰ ਵੀ ਰੋਜ਼ਗਾਰ ਮਿਲਣ ਨਾਲ ਫ਼ਾਇਦਾ ਹੁੰਦਾ ਵਿਖਾਈ ਦੇ ਰਿਹਾ ਹੈ।
ਪਰ ਸਮੇਂ ਸਿਰ ਹੋਈ ਬਰਸਾਤ ਕਾਰਨ ਬਿਜਾਈ ਸਬੰਧੀ ਖੇਤ ਤਿਆਰ ਹੋ ਜਾਣ ਮਗਰੋਂ ਹੁਣ ਹਰੇਕ ਕਿਸਾਨ ਆਪਣੇ ਖੇਤਾਂ ਦੀ ਬਿਜਾਈ ਨੂੰ ਜਲਦੀ ਤੋਂ ਜਲਦੀ ਮੁਕੰਮਲ ਕਰਨ ਦੀ ਕੋਸ਼ਿਸ਼ ਵਿੱਚ ਲੱਗ ਚੁੱਕਾ ਹੈ। ਜਿਸ ਕਾਰਨ ਲੇਬਰ ਦੀ ਘਾਟ ਮਹਿਸੂਸ ਹੋਣਾ ਲਾਜ਼ਮੀ ਹੈ। ਕੁੱਲ ਮਿਲਾ ਕੇ ਕਿਸੇ ਨਾ ਕਿਸੇ ਤਰੀਕੇ ਝੋਨੇ ਦੀ ਬਿਜਾਈ ਸਬੰਧੀ ਪੇਸ਼ ਆ ਰਹੀ ਲੇਬਰ ਦੀ ਇਸ ਮੁਸ਼ਕਿਲ ਨੂੰ ਵੀ ਹੱਲ ਕਰ ਲਿਆ ਜਾਵੇਗਾ। ਪਰ ਜੇਕਰ ਜ਼ਿਲ੍ਹੇ ਦੇ ਮੌਜੂਦਾ ਹਾਲਾਤ ਦੀ ਗੱਲ ਕੀਤੀ ਜਾਵੇ ਤਾਂ ਗੁਰਦਾਸਪੁਰ ਦੇ ਕਿਸਾਨ ਅਤੇ ਲੋਕਲ ਲੇਬਰ ਝੋਨੇ ਦੀ ਬਿਜਾਈ ਨੂੰ ਲੈ ਕੇ ਕਾਫ਼ੀ ਖ਼ੁਸ਼ ਨਜ਼ਰ ਆ ਰਹੇ ਹਨ।
ਉਪਰੋਕਤ ਮਸਲੇ ਸਬੰਧੀ ਗੱਲ ਬਾਤ ਕਰਨ ‘ਤੇ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਘੁਮਾਣ ਅਧੀਨ ਆਉਂਦੇ ਪਿੰਡ ਬੱਦੋਵਾਲ ਦੇ ਕਿਸਾਨ ਬਲਵਿੰਦਰ ਸਿੰਘ ਨੰਬਰਦਾਰ ਅਤੇ ਹਰਜੀਤ ਸਿੰਘ ਨੇ ਕਿਹਾ ਕਿ ਲਾਕ ਡਾਊਨ ਦੌਰਾਨ ਪ੍ਰਵਾਸੀ ਲੇਬਰ ਦੇ ਪਰਤ ਜਾਣ ਕਾਰਨ ਝੋਨੇ ਦੀ ਬਿਜਾਈ ਸਬੰਧੀ ਮੁਸ਼ਕਿਲ ਪੇਸ਼ ਆਉਣਾ ਸੁਭਾਵਿਕ ਸੀ। ਪਰ ਹੁਣ ਪਰਵਾਸੀ ਮਜ਼ਦੂਰਾਂ ਦੀ ਜਗ੍ਹਾ ਸਥਾਨਕ ਮਜ਼ਦੂਰਾਂ ਦਾ ਸਾਥ ਮਿਲ ਰਿਹਾ ਹੈ। ਕਿਉਂ ਕਿ ਇਹ ਖੇਤ ਮਜ਼ਦੂਰ ਹੀ ਨਹੀਂ ਬਲਕਿ ਕਿਸਾਨਾਂ ਦੇ ਨਾਲ ਭਾਈਚਾਰਕ ਸਾਂਝ ਵੀ ਰੱਖਦੇ ਹਨ। ਉਨ੍ਹਾਂ ਕਿਹਾ ਕਿ ਜਿੱਥੇ ਪਰਵਾਸੀ ਮਜ਼ਦੂਰ ਝੋਨੇ ਦੀ ਲਵਾਈ 4 ਤੋਂ 6 ਹਾਜ਼ਰ ਰੁਪਏ ਪ੍ਰਤੀ ਏਕੜ ਤੱਕ ਮੰਗਦੇ ਸਨ। ਉੱਥੇ ਹੀ ਇਹ ਸਥਾਨਕ ਮਜ਼ਦੂਰ ਕਰੀਬ 3500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਣਾ ਮਿਹਨਤਾਨਾ ਲੈ ਰਹੇ ਹਨ। ਜਿਸ ਕਾਰਨ ਫ਼ਸਲ ਦੀ ਕਾਸ਼ਤ ਸਬੰਧੀ ਆਉਣ ਵਾਲੀ ਲਾਗਤ ਵਿਚ ਕਮੀ ਆਏਗੀ।