ਨਵੀਂ ਦਿੱਲੀ – ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਹੈ ਕਿ ਕੇਂਦਰ ਨੂੰ ਪੂਰੀ ਸਰਗਰਮੀ ਨਾਲ ਬੱਚਿਆਂ ਲਈ ਕੋਵਿਡ-19 ਰੋਕੂ ਟੀਕੇ ਖਰੀਦਣੇ ਚਾਹੀਦੇ ਹਨ, ਕਿਉਂਕਿ ਕਈ ਦੇਸ਼ਾਂ ਨੇ ਇਸ ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮਾਹਰਾਂ ਦੀ ਇਸ ਰਾਏ ਦਾ ਹਵਾਲਾ ਦਿੰਦੇ ਹੋਏ ਬੱਚਿਆਂ ਦੀ ਸੁਰੱਖਿਆ ਤੇ ਚਿੰਤਾ ਜ਼ਾਹਰ ਕੀਤੀ ਹੈ ਕਿ ਬੱਚੇ ਕੋਵਿਡ-19 ਦੀ ਸੰਭਾਵਿਤ ਤੀਜੀ ਲਹਿਰ ਤੋਂ ਪ੍ਰਭਾਵਿਤ ਹੋ ਸਕਦੇ ਹਨ।ਉਨ੍ਹਾਂ ਨੇ ਇਕ ਖ਼ਬਰ ਸਾਂਝਾ ਕਰਦੇ ਹੋਏ ਟਵੀਟ ਕੀਤਾ ਕਿ ਦੁਨੀਆ ਨੇ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਟੀਕਿਆਂ ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਕੇਂਦਰ ਸਰਕਾਰ ਨੂੰ ਸਾਡੇ ਬੱਚਿਆਂ ਨੂੰ ਸੁਰੱਖਿਅਤ ਰੱਖਣ ਲਈ ਪੂਰੀ ਸਰਗਰਮੀ ਨਾਲ ਵੱਧ ਤੋਂ ਵੱਧ ਟੀਕੇ ਖਰੀਦਣੇ ਚਾਹੀਦੇ ਹਨ। ਦੇਸ਼ ਵਿੱਚ ਅਜੇ 18 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਹੀ ਕੋਵਿਡ-19 ਰੋਕੂ ਟੀਕੇ ਲਾਏ ਜਾ ਰਹੇ ਹਨ। ਨਵੀਂ ਦਿੱਲੀ ਸਥਿਤ ਏਮਜ਼ ਅਤੇ ਪਟਨਾ ਦੇ ਏਮਜ਼ ਵਿੱਚ ਦੋ ਸਾਲ ਦੇ ਬੱਚਿਆਂ ਤੋਂ ਲੈ ਕੇ 18 ਸਾਲ ਦੇ ਬੱਚਿਆਂ ਦੀ ਕੋਵੈਕਸੀਨ ਟੀਕੇ ਦਾ ਅਸਰ ਪਤਾ ਲਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।