ਨਵੀਂ ਦਿੱਲੀ – ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਨੂੰ ਦੇਖਦੇ ਹੋਏ ਦਿੱਲੀ ਵਿੱਚ 19 ਅਪ੍ਰੈਲ ਤੋਂ ਲਾਗੂ ਤਾਲਾਬੰਦੀ ਨੂੰ ਹੁਣ ਦਿੱਲੀ ਸਰਕਾਰ ਵੱਲੋਂ ਹੌਲੀ-ਹੌਲੀ ਅਨਲਾਕ ਕਰਨ ਦੀ ਤਿਆਰੀ ਹੈ। ਤਾਲਾਬੰਦੀ ਕਾਰਨ ਦਿੱਲੀ ਵਿੱਚ ਕੋਰੋਨਾ ਵਾਇਰਸ ਦੀ ਰਫ਼ਤਾਰ ਮੱਠੀ ਹੁੰਦੀ ਨਜ਼ਰ ਆ ਰਹੀ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਹੈ ਕਿ ਬਾਜ਼ਾਰ ਅਤੇ ਮਾਲ ਆਡ-ਈਵਨ ਫਾਰਮੂਲੇ ਨਾਲ ਖੁੱਲ੍ਹਣਗੇ। ਉਨ੍ਹਾਂ ਨੇ ਮੈਟਰੋ ਟਰੇਨ ਸੇਵਾ ਦੀ ਸ਼ੁਰੂਆਤ ਕਰਨ ਦਾ ਵੀ ਐਲਾਨ ਕੀਤਾ ਹੈ। ਬਾਜ਼ਾਰ ਖੁੱਲ੍ਹਣ ਦਾ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 8 ਵਜੇ ਤੱਕ ਦਾ ਹੋਵੇਗਾ। ਜ਼ਰੂਰੀ ਸਮਾਨ ਦੀਆਂ ਦੁਕਾਨਾਂ ਰੋਜ਼ਾਨਾ ਖੁੱਲ੍ਹਣਗੀਆਂ। ਇਸ ਦੇ ਨਾਲ ਹੀ ਦਿੱਲੀ ਮੈਟਰੋ 50 ਫ਼ੀਸਦੀ ਸਮਰੱਥਾ ਨਾਲ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਐਲਾਨ ਕੀਤਾ ਕਿ 7 ਜੂਨ ਨੂੰ ਸਵੇਰੇ 5 ਵਜੇ ਤੱਕ ਤਾਲਾਬੰਦੀ ਜਾਰੀ ਰਹੇਗੀ ਪਰ ਕਈ ਰਿਆਇਤਾਂ ਦਿੱਤੀਆਂ ਜਾ ਰਹੀਆਂ ਹਨ।ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਪਿਛਲੇ 24 ਘੰਟਿਆਂ ਵਿਚ 400 ਕੇਸ ਆਏ ਹਨ ਅਤੇ ਪਾਜ਼ੇਟਿਵਿਟੀ ਦਰ ਕਰੀਬ 0.5 ਫ਼ੀਸਦੀ ਰਹਿ ਗਈ ਹੈ। ਕੋਰੋਨਾ ਦੀ ਡਿੱਗਦੀ ਦਰ ਨੂੰ ਦੇਖਦੇ ਹੋਏ ਸਰਕਾਰੀ ਦਫ਼ਤਰਾਂ ਵਿੱਚ ਗਰੁੱਪ ‘ਏ’ ਅਫ਼ਸਰ 100 ਫ਼ੀਸਦੀ ਅਤੇ ਬਾਕੀ ਇਸ ਦੇ ਹੇਠਾਂ ਵਾਲੇ 50 ਫ਼ੀਸਦੀ ਅਫ਼ਸਰ ਕੰਮ ਕਰਨਗੇ। ਜ਼ਰੂਰੀ ਸੇਵਾਵਾਂ ਵਿੱਚ 100 ਫ਼ੀਸਦੀ ਕਾਮੇ ਕੰਮ ਕਰਨਗੇ। ਪ੍ਰਾਈਵੇਟ ਦਫ਼ਤਰ 50 ਫ਼ੀਸਦੀ ਸਮਰੱਥਾ ਨਾਲ ਖੋਲ੍ਹੇ ਜਾ ਸਕਦੇ ਹਨ।ਉਨ੍ਹਾਂ ਕਿਹਾ ਕਿ ਕੋਰੋਨਾ ਦੀ ਤੀਜੀ ਲਹਿਰ ਕਦੋਂ ਆਵੇਗੀ ਅਤੇ ਕਿੰਨੀ ਭਿਆਨਕ ਹੋਵੇਗੀ, ਇਸ ਬਾਰੇ ਅਜੇ ਕੁਝ ਪਤਾ ਨਹੀਂ ਹੈ ਪਰ ਉਹ ਕੋਰੋਨਾ ਦੀ ਤੀਜੀ ਲਹਿਰ ਨੂੰ ਲੈ ਕੇ ਪੂਰੀ ਤਰ੍ਹਾਂ ਤਿਆਰ ਹਨ। ਮਾਹਿਰਾਂ ਨਾਲ ਗੱਲ ਕਰ ਕੇ ਇਹ ਤੈਅ ਕੀਤਾ ਗਿਆ ਹੈ ਕਿ ਅਗਲੀ ਲਹਿਰ ਦੀ 37,000 ਕੇਸਾਂ ਦੀ ਪੀਕ ਮੰਨ ਕੇ ਤਿਆਰੀ ਸ਼ੁਰੂ ਕੀਤੀ ਜਾਵੇ। 420 ਟਨ ਆਕਸੀਜਨ ਦੀ ਸਟੋਰੇਜ਼ ਸਮਰੱਥਾ ਤਿਆਰ ਕੀਤੀ ਜਾ ਰਹੀ ਹੈ। 25 ਆਕਸੀਜਨ ਟੈਂਕਰ ਖਰੀਦੇ ਜਾ ਰਹੇ ਹਨ ਅਤੇ 64 ਆਕਸੀਜਨ ਪਲਾਂਟ ਲੱਗ ਰਹੇ ਹਨ। ਇਸ ਤੋਂ ਇਲਾਵਾ ਬੈੱਡ, ਦਵਾਈਆਂ, ਆਈ. ਸੀ. ਯੂ. ਦੀ ਕਿੰਨੀ ਲੋੜ ਹੋਵੇਗੀ, ਇਸ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ।