ਬਠਿੰਡਾ, 12 ਜੁਲਾਈ 2020 – ਬਠਿੰਡਾ ਮਲੋਟ ਕੌਮੀ ਸ਼ਾਹਰਾਹ ਮਾਰਗ ਨੂੰ ਚਹੁੰ ਮਾਰਗੀ ਕਰਨ ਲਈ ਰੁੱਖ ਕੱਟਣ ਦਾ ਕੰਮ ਸ਼ੁਰੂ ਹੋ ਗਿਆ ਹੈ। ਮਲੋਟ ਤੋਂ ਅੱਗੇ ਅਬੋਹਰ ਤਰਫ ਪੰਜਾਬ ਵਾਲੇ ਪਾਸੇ ਜੋ ਰੁੱਖ ਕੱਟਣੇ ਹਨ ਉਹ ਇਸ ਤੋਂ ਵੱਖਰੇ ਹਨ। ਇਸ ਸੜਕ ਤੇ ਟਰੈਫਿਕ ਵਧਣ ਕਾਰਨ ਕੇਂਦਰੀ ਸੜਕ ਮੰਤਰਾਲਾ ਇਸ ਪ੍ਰੋਜੈਕਟ ਨੂੰ ਜਲਦੀ ਤੋਂ ਜਲਦੀ ਮੁਕੰਮਲ ਕਰਨਾ ਚਾਹੁੰਦਾ ਹੈ। ਇਸ ਪ੍ਰਜੈਕਟ ਤੇ ਉਸਾਰੀ ਦਾ ਕੰਮ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਵੱਲੋਂ ਕੀਤਾ ਜਾ ਰਿਹਾ ਹੈ। ਰੁੱਖ ਕੱਟਣ ਵਾਲਿਆਂ ਨੂੰ ਜਲਦੀ ਤੋਂ ਜਲਦੀ ਕਟਾਈ ਦਾ ਕੰਮ ਨੇਪਰੇ ਚਾੜਨ ਦੇ ਆਦੇਸ਼ ਜਾਰੀ ਕੀਤੇ ਗਏ ਹਨ ਜਿਸ ਤੋਂ ਬਾਅਦ ਇਸ ਕੰਮ ’ਚ ਤੇਜੀ ਆ ਗਈ ਹੈ। ‘ਬਾਬੂਸ਼ਾਹੀ’ ਨੇ ਮੌਕੇ ਤੇ ਦੇਖਿਆ ਕਿ ਅੱਜ ਭਾਰੀ ਬਾਰਸ਼ ਦੇ ਬਾਵਜੂਦ ਕਾਫੀ ਥਾਵਾਂ ਤੇ ਰੁੱਖ ਕੱਟਣ ਤੇ ਨਾਲ ਹੀ ਕੱਟੇ ਰੁੱਖਾਂ ਨੂੰ ਚੁੱਕਣ ਦਾ ਕੰਮ ਚੱਲ ਰਿਹਾ ਸੀ। ਬਠਿੰਡਾ ਜਿਲੇ ’ਚ ਤਾਂ ਕਾਫੀ ਰਕਬੇ ‘ਚ ਇਸ ਸੜਕ ਦੇ ਦੋਵੇਂ ਤਰਫ ਧਰਤੀ ਗੰਜੀ ਦਿਖਾਈ ਦੇਣ ਲੱਗ ਪਈ ਹੈ।
ਹਾਲਾਂਕਿ ਆਖਿਆ ਜਾ ਰਿਹਾ ਹੈ ਕਿ ਇਹ ਸੜਕ ਚਹੁੰ ਮਾਰਗੀ ਹੋਣ ਨਾਲ ਸਫਰ ਕਾਫੀ ਸੌਖਾਲਾ ਹੋ ਜਾਏਗਾ ਅਤੇ ਇਸ ਸੜਕ ਤੇ ਆਵਾਜਾਈ ਜਾਮ ਰਹਿਣ ਵਰਗੇ ਰੋਗ ਸਦਾ ਲਈ ਕੱਟੇ ਜਾਣਗੇ ਪਰ ਮਾੜਾ ਪੱਖ ਹੈ ਕਿ ਇਸ ਨਾਲ ਮੀਲਾਂ ਦੂਰ ਹਰੀ ਪੱਟੀ ਨਜ਼ਰ ਆਉਣੋ ਹਟ ਜਾਏਗੀ। ਬਠਿੰਡਾ ਖਿੱਤੇ ’ਚ ਸਿਰਫ ਇਹੋ ਸੜਕ ਬਚੀ ਹੋਈ ਸੀ ਜਿਸ ਤੇ ਚਾਰੇ ਪਾਸੇ ਹਰਿਆਲੀ ਸੀ। ਇਸ ਸੜਕ ਤੇ ਕਾਫੀ ਪੁਰਾਣੇ ਰੁੱਖ ਵੀ ਲੱਗੇ ਹੋਏ ਹਨ ਜੋ ਸੜਕ ਦੀ ਭੇਂਟ ਚੜ ਜਾਣਗੇ। ਸੜਕ ਦੀ ਹਰੀ ਪੱਟੀ ਦਾ ਸ਼ਹਿਰਾਂ ਵਾਲਾ ਹਿੱਸਾ ਤਾਂ ਪਹਿਲਾਂ ਹੀ ਵਪਾਰਕ ਅਦਾਰਿਆਂ ਦੀ ਭੇਂਟ ਚੜ ਚੁੱਕਿਆ ਹੈ। ਜਾਣਕਾਰੀ ਅਨੁਸਾਰ ਬਠਿੰਡਾ ਤੋਂ ਅਬੋਹਰ ਤੇ ਅੱਗਿਓਂ ਰਾਜਸਥਾਨ ਦੀ ਹੱਦ ਤੱਕ ਚਹੁੰਮਾਰਗੀ ਕੀਤੇ ਜਾਣ ਨਾਲ ਕਰੀਬ 150 ਕਿੱਲੋਮੀਟਰ ਰਕਬਾ ਹਰਿਆਲੀ ਭਰਪੂਰ ਦਰਖਤਾਂ ਹੇਠੋਂ ਨਿਕਲ ਜਾਵੇਗਾ। ਬਠਿੰਡਾ ਤੋਂ ਮਲੋਟ ਤੱਕ ਛੋਟੇ ਵੱਡੇ ਰੁੱਖਾਂ ਸਮੇਤ ਕਰੀਬ 15 ਹਜਾਰ ਰੁੱਖਾਂ ਦੀ ਕਟਾਈ ਕੀਤੀ ਜਾਣੀ ਹੈ ਜਦੋਂਕਿ ਇਸ ਤੋਂ ਅੱਗੇ ਵੱਖਰੀ ਹੈ।
ਬਠਿੰਡਾ ਇਲਾਕੇ ’ਚ ਤਾਂ ਪਹਿਲਾਂ ਹੀ ਰੁੱਖਾਂ ਦੀ ਕਮੀ ਚੱਲ ਰਹੀ ਹੈ। ਸਰਕਾਰੀ ਅਤੇ ਪ੍ਰਾਈਵੇਟ ਵਿਕਾਸ ਨੇ ਹਰਿਆਲੀ ਨੂੰ ਸੱਟ ਮਾਰੀ ਹੈ । ਨਵੀਆਂ ਕਲੋਨੀਆਂ ਅਤੇ ਹੋਰ ਮੈਗਾ ਪ੍ਰੋਜੈਕਟ ਆਏ ਹਨ ਜਿਨਾਂ ਕਰਕੇ ਜੰਗਲਾਤ ਦਾ ਰਕਬਾ ਘੱਟ ਹੋਇਆ ਹੈ। ਰਿਫਾਇਨਰੀ ਬਠਿੰਡਾ ਏਅਰਪੋਰਟ ਖਾਤਰ ਵੀ ਦਰਖਤ ਕੱਟਣੇ ਪਏ ਹਨ । ਸੜਕਾਂ ਦੇ ਚਹੁੰ ਮਾਰਗੀ ਬਣਾਏ ਜਾਣ ਅਤੇ ਚੌੜੀਆਂ ਕੀਤੀਆਂ ਜਾਣ ਕਰਕੇ ਵੀ ਜੰਗਲਾਤ ਪੱਟੀ ਖਤਮ ਹੋਈ ਹੈ । ਬਠਿੰਡਾ ਦੀਆਂ ਝੀਲਾਂ ਦੇ ਨਜ਼ਦੀਕ ਐਨ ਥਰਮਲ ਪਲਾਂਟ ਕੋਲ ਰੇਲ ਫਾਟਕ ਤੇ ਬਨਣ ਵਾਲਾ ਓਵਰਬਰਿੱਜ ਵੀ ਕੰਢਿਆਂ ਤੋਂ ਹਰਿਆਲੀ ਖਾ ਗਿਆ ਹੈ। ਝੀਲਾਂ ਦੇ ਨਾਲ ਸੈਰਗਾਹ ਵਜੋਂ ਵਿਕਸਤ ਕੀਤੀ ਗਈ ਹਰੀ ਪੱਟੀ ਵੀ ਖਤਮ ਹੋ ਗਈ ਹੈ। ਜ਼ੀਰਕਪੁਰ-ਬਠਿੰਡਾ ਅਤੇ ਅੰਮਿ੍ਰਤਸਰ ਬਠਿੰਡਾ ਸੜਕ ਨੂੰ ਹੁਣ ਚਹੁੰ-ਮਾਰਗੀ ਬਣਾਇਆ ਗਿਆ ਹੈ। ਇਹ ਸੜਕਾਂ ਹੋਰਨਾਂ ਕੌਮੀ ਮਾਰਗਾਂ ਦੇ ਮੁਕਾਬਲੇ ਜਿਆਦਾ ਹਰੀਆਂ ਭਰੀਆਂ ਸਨ। ਦਰਖਤਾਂ ਦੀ ਛਤਰੀ ਵਰਗੀ ਸੰਘਣੀ ਛਾਂ ਕਾਰਨ ਗਰਮੀਆਂ ‘ਚ ਹੋਰਨਾਂ ਥਾਵਾਂ ਨਾਲੋਂ ਇੱਕ ਡਿਗਰੀ ਤਾਪਮਾਨ ਘੱਟ ਰਹਿੰਦਾ ਸੀ
ਸੂਤਰਾਂ ਮੁਤਾਬਕ ਪੰਜਾਬ ਹੁਣ ਦਰਖਤਾਂ ਦੀ ਕਟਾਈ ਦੇ ਮਾਮਲੇ ਵਿੱਚ ਦੇਸ਼ ਦਾ ਪੰਜਵਾਂ ਅਜਿਹਾ ਸੂਬਾ ਬਣ ਗਿਆ ਹੈ ਜਿਥੇ ਸਭ ਤੋਂ ਵੱਧ ਹਰਿਆਲੀ ਕੰਕਰੀਟ ਵਿੱਚ ਤਬਦੀਲ ਹੋਈ ਹੈ ।ਉੱਤਰੀ ਭਾਰਤ ‘ਚੋਂ ਪੰਜਾਬ ਦਰਖਤਾਂ ਦੀ ਕਟਾਈ ਵਿੱਚ ਪਹਿਲੇ ਨੰਬਰ ‘ਤੇ ਹੈ। ਕੇਂਦਰ ਸਰਕਾਰ ਤੋਂ ਪ੍ਰਵਾਨਗੀ ਲੈਣ ਮਗਰੋਂ ਇਸ ਵੱਡੇ ਜੰਗਲਾਤੀ ਰਕਬੇ ਨੂੰ ਗੈਰ ਜੰਗਲਾਤੀ ਕੰਮਾਂ ਲਈ ਤਬਦੀਲ ਕੀਤਾ ਗਿਆ ਹੈ। ਵਾਤਾਵਰਨ ਪ੍ਰੇਮੀ ਧਿਰਾਂ ਦਾ ਕਹਿਣਾ ਹੈ ਕਿ ਮਾਲਵੇ ’ਚ ਪਹਿਲਾਂ ਹੀ ਰੁੱਖਾਂ ਦੀ ਕਾਫੀ ਕਮੀ ਸੀ ਅਤੇ ਹੋਰ ਵੱਡੇ ਪਾਵਰ ਪ੍ਰਜੈਕਟ ਲੱਗਣ ਕਰਕੇ ਜਿਆਦਾ ਤੋਂ ਜਿਆਦਾ ਰੱਖ ਲਾਉਣ ਦੀ ਜਰੂਰਤ ਸੀ ਪ੍ਰੰਤੂ ਸੜਕਾਂ ਨਿਰਮਾਣ ਲਈ ਮੁੜ ਰੁੱਖ ਕੱਟਣ ਦੀ ਪ੍ਰਕਿਰਿਆ ਚੱਲ ਪਈ ਹੈ।
ਬੇਲੋੜਾ ਵਿਨਾਸ਼ ਨਾਂ ਹੋਵੇ:ਕੁਸਲਾ
ਵਾਤਾਵਰਣ ਪ੍ਰੇਮੀ ਅਤੇ ਸਮਾਜਿਕ ਕਾਰਕੁੰਨ ਸਾਧੂ ਰਾਮ ਕੁਸਲਾ ਦਾ ਕਹਿਣਾ ਸੀ ਕਿ ਪ੍ਰਜੈਕਟ ਇਸ ਤਰਾਂ ਬਣਾਏ ਜਾਣ ਤਾਂ ਕਿ ਹਰਿਆਲੀ ਘੱਟ ਪ੍ਰਭਾਵਿਤ ਹੋਵੇ ਬਲਕਿ ਵੱਡੇ ਰੁੱਖਾਂ ਦਾ ਤਾਂ ਬੇਲੋੜਾ ਵਿਨਾਸ਼ ਨਹੀਂ ਕੀਤਾ ਜਾਣਾ ਚਾਹੀਦਾ ਹੈ। ਉਨਾਂ ਆਖਿਆ ਕਿ ਬਠਿੰਡਾ ਤਾਂ ਪਹਿਲਾਂ ਹੀ ਦੂਸ਼ਤ ਵਾਤਾਵਰਨ ਦੇ ਸੰਕਟ ਨਾਲ ਜੂਝ ਰਿਹਾ ਹੈ ਉੱਪਰੋਂ ਨਵੇਂ ਪ੍ਰਜੈਕਟ ਰੁੱਖਾਂ ਨੂੰ ਖਾਣ ਲੱਗੇ ਹਨ।
ਪ੍ਰਵਾਨਗੀ ਉਪਰੰਤ ਕਟਾਈ:ਪ੍ਰੋਜੈਕਟ ਡਾਇਰੈਕਟਰ
ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦੇ ਪ੍ਰੋਜੈਕਟ ਡਾਇਰੈਕਟਰ ਵਿਪੁਲ ਗੁਪਤਾ ਦਾ ਕਹਿਣਾ ਸੀ ਕਿ ਸਰਕਾਰ ਤੋਂ ਪ੍ਰਵਾਨਗੀ ਹਾਸਲ ਕਰਨ ਉਪਰੰਤ ਹੀ ਰੁੱਖਾਂ ਦੀ ਕਟਾਈ ਸ਼ੁਰੂ ਕੀਤੀ ਗਈ ਹੈ। ਉਨਾਂ ਦੱਸਿਆ ਕਿ ਜਿੰਨੇ ਵੀ ਰੁੱਖ ਕੱਟੇ ਜਾਂਦੇ ਹਨ ਉਨਾਂ ਲਈ ਜੰਗਾਲਤ ਵਿਭਾਗ ਨੂੰ ਅਦਾਇਗੀ ਕੀਤੀ ਜਾਂਦੀ ਹੈ ਤਾਂ ਜੋ ਨਵੇਂ ਰੁੱਖ ਲਾਏ ਜਾ ਸਕਣ। ਉਨਾਂ ਦੱਸਿਆ ਕਿ ਰੁੱਖਾਂ ਦੀ ਕਟਾਈ ਮੁਕੰਮਲ ਹੋਣ ਤੋਂ ਬਾਅਦ ਅਗਲਾ ਕੰਮ ਸ਼ੁਰੂ ਕੀਤਾ ਜਾਣਾ ਹੈ।