ਖਾਲਿਸਤਾਨ ਮਿਲ ਜਾਵੇ ਤਾਂ ਚੰਗਾ ਏ, ਅੰਨਾ ਕੀ ਭਾਲੇ ਦੋ ਨੈਣਾਂ: ਜਥੇਦਾਰ ਗਿਆਨੀ ਹਰਪ੍ਰੀਤ ਸਿੰਘ
– 1984 ਦਾ ਹਮਲਾ ਸਿੱਖ ਮਾਨਸਿਕਤਾ ਤੇ ਹਮਲਾ ਸੀ, ਰਹਿੰਦੀ ਦੁਨੀਆਂ ਤੱਕ ਸਿੱਖ ਕਦੇ ਵੀ ਭੁਲਾ ਨਹੀਂ ਸਕਦੇ: ਗਿਆਨੀ ਹਰਪ੍ਰੀਤ ਸਿੰਘ
– ਅੱਜ ਵੀ ਭਾਰਤ ਸਰਕਾਰ ਦੀ ਪੇਸ਼ਕਾਰੀ ਸਿੱਖ ਵਿਰੋਧੀ ਹੈ
– ਕੌਮ ਅੰਦਰ ਜੋਸ਼ ਹੈਗਾ, ਜੇ ਸਮਾਗਮ ਦੀ ਸਮਾਪਤੀ ਤੋਂ ਬਾਅਦ ਕੋਈ ਨਾਅਰੇ ਲਾਉਂਦਾ ਤੇ ਇਹ ਗਲਤ ਨਹੀਂ
– ਘੱਲੂਘਾਰਾ ਦਿਵਸ ਮੌਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਮੂਹ ਸਿੱਖ ਜਥੇਬੰਦੀਆਂ ਨੂੰ ਇਕ ਜੁੱਟ ਹੋਣ ਦਾ ਸੱਦਾ ਦਿੱਤਾ
ਅੰਮ੍ਰਿਤਸਰ, 6 ਜੂਨ 2020 – ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮਨਾਏ ਜਾ ਰਹੇ 1984 ਦੇ ਘੱਲੂਘਾਰੇ ਸੰਬੰਧੀ ਕਰਵਾਏ ਗਏ ਸਮਾਗਮ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸੰਗਤਾਂ ਦਾ ਧੰਨਵਾਦ ਕਰਦੇ ਸਮੂਹ ਸਿੱਖ ਜਥੇਬੰਦੀਆਂ ਨੂੰ ਇਕ ਜੁੱਟ ਹੋਣ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀ ਦੇਸ਼ਾਂ ਵਿਦੇਸ਼ਾਂ ‘ਚ ਵਸਦੀਆਂ ਸਮੂਹ ਸੰਗਤਾਂ ਨੂੰ ਵਧਾਈ ਦਿੱਤੀ।
ਉਨ੍ਹਾਂ ਕਿਹਾ ਕਿ 6 ਜੂਨ ਨੂੰ ਜੋ ਦੁਖਾਂਤ ਵਾਪਰੀਆਂ ਤੇ ਉਸ ਪ੍ਰਤੀ ਅੱਜ ਅਸੀਂ ਸਾਡੀ ਕੌਮ ਦੇ ਮਹਾਨ ਜਰਨੈਲ ਸੂਰਬੀਰ ਯੋਧੇ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਵਾਲੇ, ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ, ਸ਼ਹੀਦ ਜਰਨਲ ਸੁਬੇਗ ਸਿੰਘ ਜੀ ਉਨ੍ਹਾਂ ਦੀ ਸ਼ਹੀਦੀ ਨੂੰ ਯਾਦ ਕਰਨ ਲਈ ਅਸੀਂ ਅੱਜ ਇਕੱਠੇ ਹੋਏ ਹਾਂ। ਉਨ੍ਹਾਂ ਕਿਹਾ ਕਿ ਸਿੱਖ ਮਾਨਸਿਕਤਾ 1984 ਦਾ ਇਹ ਹਮਲਾ ਸੀ ਜੋ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਇਕ ਸਵਾਲ ਦੇ ਜਵਾਬ ‘ਚ ਕਿਹਾ ਕਿ ਅਗਰ ਭਾਰਤ ਸਰਕਾਰ ਸਾਨੂੰ ਖਾਲਿਸਤਾਨ ਦਿੰਦੀ ਹੈ ਤਾਂ ਜ਼ਰੂਰ ਲਵਾਂਗੇ। ਦੁਨੀਆਂ ਭਰ ਵਿਚ ਕਿਹੜਾ ਸਿੱਖ ਹੈ ਜੋ ਖਾਲਿਸਤਾਨ ਦੀ ਮੰਗ ਨਹੀਂ ਕਰਦਾ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕੌਮ ਅੰਦਰ ਜੋਸ਼ ਹੈਗਾ ਉਹ ਸਮਾਗਮ ਦੀ ਸਮਾਪਤੀ ਤੋਂ ਬਾਅਦ ਜੇਕਰ ਨਾਅਰੇ ਕੋਈ ਲਗਾਉਂਦਾ ਤਾਂ ਇਹ ਗਲਤ ਨਹੀਂ ਪਰ ਸਮਾਗਮ ਦੌਰਾਨ ਨਾਅਰੇ ਲਾ ਕੇ ਵਿਘਨ ਪਾਉਂਦਾ ਇਹ ਗਲਤ ਹੈ ।
ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ 36 ਸਾਲਾ ਅੱਜ ਤੱਕ ਕੋਈ ਵੀ ਤਬਦੀਲੀ ਨਹੀਂ ਆਈ, ਅੱਜ ਵੀ ਭਾਰਤ ਸਰਕਾਰ ਦੀ ਜੋ ਪੇਸ਼ਕਾਰੀ ਹੈ ਸਿੱਖਾਂ ਪ੍ਰਤੀ ਉਹ ਸਿੱਖ ਵਿਰੋਧੀ ਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਧਾਰਮਿਕ ਸਥਾਨ 8 ਜੂਨ ਨੂੰ ਖੋਲ੍ਹਣੇ ਚਾਹੀਦੇ ਹਨ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਹੋਣੇ ਚਾਹੀਦੇ ਹਨ।