ਕੈਲੀਫੋਰਨੀਆ – ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਮੰਗਲਵਾਰ ਨੂੰ ਵ੍ਹਾਈਟ ਹਾਊਸ ਵਿਖੇ, ਇੱਕ ਗੋਰੇ ਮੂਲ ਦੇ ਮਿਨੀਆਪੋਲਿਸ ਪੁਲਿਸ ਅਧਿਕਾਰੀ ਦੇ ਹੱਥੋਂ ਆਪਣੀ ਜਾਨ ਗਵਾਉਣ ਵਾਲੇ ਕਾਲੇ ਮੂਲ ਦੇ ਵਿਅਕਤੀ ਜਾਰਜ ਫਲੋਇਡ ਦੀ ਮੌਤ ਦੀ ਪਹਿਲੀ ਵਰ੍ਹੇਗੰਢ ਮੌਕੇ ਉਸਦੇ ਪਰਿਵਾਰ ਨਾਲ ਮੁਲਾਕਾਤ ਕਰਨਗੇ। ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਜੇਨ ਪਸਾਕੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਰਾਸ਼ਟਰਪਤੀ ਫਲੋਇਡ ਦੀ ਮੌਤ ਦੀ ਵਰ੍ਹੇਗੰਢ ਮਨਾਉਣਗੇ, ਪਰ ਇਸ ਸੰਬੰਧੀ ਹੋਰ ਯੋਜਨਾਵਾਂ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਹੈ। ਜਿਕਰਯੋਗ ਹੈ ਕਿ ਮਿਨੀਆਪੋਲਿਸ ਦੇ ਸਾਬਕਾ ਪੁਲਿਸ ਅਧਿਕਾਰੀ ਡੈਰੇਕ ਚੌਵਿਨ ਦੁਆਰਾ ਨੌਂ ਮਿੰਟਾਂ ਤੋਂ ਵੱਧ ਸਮੇਂ ਲਈ ਫਲੋਇਡ ਦੀ ਗਰਦਨ ‘ਤੇ ਗੋਡਾ ਰੱਖਣ ਤੋਂ ਬਾਅਦ 25 ਮਈ, 2020 ਨੂੰ ਉਸਦੀ ਮੌਤ ਹੋ ਗਈ ਸੀ। ਉਸਦੀ ਮੌਤ ਦੇ ਕਈ ਮਹੀਨਿਆਂ ਬਾਅਦ ਯੂ ਐਸ ਵਿੱਚ ਪੁਲਿਸ ਅਧਿਕਾਰੀ ਚੌਵਿਨ ਨੂੰ ਕਈ ਦੋਸ਼ਾਂ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ। ਬਾਈਡੇਨ ਦੁਆਰਾ ਫਲੋਇਡ ਦੇ ਪਰਿਵਾਰ ਦਾ ਸਵਾਗਤ ਕੀਤਾ ਜਾਵੇਗਾ, ਹਾਲਾਂਕਿ, ਫਲੋਇਡ ਦੇ ਨਾਮ ਤੇ ਬਣੇ ਪੁਲਿਸ ਸੁਧਾਰ ਬਿੱਲ ‘ਜਾਰਜ ਫਲੋਇਡ ਜਸਟਿਸ ਇਨ ਪੋਲੀਸਿੰਗ ਐਕਟ’ ‘ਤੇ ਵਿਚਾਰ ਵਟਾਂਦਰਾ ਕੈਪੀਟਲ ਹਿੱਲ ‘ਚ ਰੁਕ ਗਿਆ ਹੈ। ਬਾਈਡੇਨ ਨੇ ਇਸ ਤੋਂ ਪਹਿਲਾਂ ਫਲੋਇਡ ਦੀ ਮੌਤ ਦੀ ਵਰ੍ਹੇਗੰਢ ਨੂੰ ਬਿੱਲ ਦੇ ਪਾਸ ਹੋਣ ਦੀ ਅੰਤਿਮ ਤਾਰੀਖ ਵਜੋਂ ਤੈਅ ਕੀਤਾ ਸੀ।