ਅਮਰੀਕਾ – ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਮਰੀਕਾ ਦੌਰੇ ਤੇ ਪਹੁੰਚੇ। ਭਾਰਤ ਦੇ ਇਸ ਸਾਲ ਜਨਵਰੀ ਵਿੱਚ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪ੍ਰੀਸ਼ਦ ਦਾ ਗੈਰ-ਸਥਾਈ ਮੈਂਬਰ ਬਣਨ ਤੋਂ ਬਾਅਦ ਵਿਦੇਸ਼ ਮੰਤਰੀ ਦਾ ਅਮਰੀਕਾ ਦਾ ਇਹ ਪਹਿਲਾ ਦੌਰਾ ਹੈ। ਜੈਸ਼ੰਕਰ ਇਸ ਸਮੇਂ ਦੌਰਾਨ ਸੰਯੁਕਤ ਰਾਸ਼ਟਰ ਦੇ ਮੁਖੀ ਐਂਟੋਨੀਓ ਗੁਟਾਰੇਸ ਅਤੇ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕੇਨ ਨਾਲ ਮੁਲਾਕਾਤ ਕਰਨਗੇ। ਵਿਦੇਸ਼ ਮੰਤਰੀ 25 ਮਈ ਨੂੰ ਸਵੇਰੇ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਨਾਲ ਮੁਲਾਕਾਤ ਕਰਨਗੇ ਅਤੇ ਫਿਰ ਵਾਸ਼ਿੰਗਟਨ ਡੀ. ਸੀ. ਜਾਣਗੇ, ਜਿਥੇ ਉਹ ਬਲਿੰਕੇਨ ਨੂੰ ਮਿਲਣਗੇ। ਜਨਵਰੀ ਵਿੱਚ ਰਾਸ਼ਟਰਪਤੀ ਜੋ ਬਾਈਡੇਨ ਦੇ ਅਹੁਦਾ ਸੰਭਾਲਣ ਤੋਂ ਬਾਅਦ ਅਮਰੀਕਾ ਵਿੱਚ ਕਿਸੇ ਸੀਨੀਅਰ ਭਾਰਤੀ ਮੰਤਰੀ ਦਾ ਇਹ ਪਹਿਲਾ ਦੌਰਾ ਹੈ।ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧੀ ਟੀ. ਐੱਸ. ਤਿਰਮੂਰਤੀ ਨੇ ਟਵੀਟ ਕੀਤਾ ਕਿ ਉਹ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪ੍ਰੀਸ਼ਦ ਵਿੱਚ ਭਾਰਤ ਦੇ 1 ਜਨਵਰੀ, 2021 ਨੂੰ ਸ਼ਾਮਲ ਹੋਣ ਤੋਂ ਬਾਅਦ ਨਿਊਯਾਰਕ ਪਹੁੰਚਣ ਤੇ ਡਾ. ਐੱਸ. ਐੱਸ. ਜੈਸ਼ੰਕਰ ਦਾ ਸਵਾਗਤ ਕਰਦੇ ਹਨ। ਜੈਸ਼ੰਕਰ ਦਾ ਦੌਰਾ 28 ਮਈ ਨੂੰ ਸਮਾਪਤ ਹੋਵੇਗਾ। ਇਸ ਸਮੇਂ ਦੌਰਾਨ ਉਹ ਦੋ-ਪੱਖੀ ਸਬੰਧਾਂ ਨੂੰ ਦੇਖ ਰਹੇ ਕੈਬਨਿਟ ਮੈਂਬਰਾਂ ਅਤੇ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨਾਲ ਵੀ ਮੁਲਾਕਾਤ ਕਰਨਗੇ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਵਿਦੇਸ਼ ਮੰਤਰੀ ਦੇ ਦੌਰੇ ਦੌਰਾਨ ਉਨ੍ਹਾਂ ਦਾ ਆਰਥਿਕ ਅਤੇ ਕੋਵਿਡ-19 ਮਹਾਮਾਰੀ ਸਬੰਧੀ ਕਾਰੋਬਾਰੀ ਫੋਰਮਾਂ ਤੇ ਭਾਰਤ ਤੇ ਅਮਰੀਕਾ ਵਿਚਾਲੇ ਗੱਲਬਾਤ ਦਾ ਪ੍ਰੋਗਰਾਮ ਹੈ।