ਅਯੁੱਧਿਆ, 3 ਅਗਸਤ, 2020 : ਅਯੁੱਧਿਆ ਵਿਚ ਰਾਮ ਮੰਦਿਰ ਦੇ ਨਿਰਮਾਣ ਲਈ ਭੂਮੀ ਪੂਜਨ ਪ੍ਰੋਗਰਾਮ ਦਾ ਪਹਿਲਾ ਸੱਦਾ ਕਾਰਡ ਇਕਬਾਲ ਅੰਸਾਰੀ ਨੂੰ ਮਿਲਿਆ ਹੈ ਜੋ ਅਯੁੱਧਿਆ ਜ਼ਮੀਨ ਵਿਵਾਦ ਕੇਸ ਦਾਇਰ ਕਰਨ ਵਾਲੇ ਪਟੀਸ਼ਨਰਾਂ ਵਿਚੋਂ ਇਕ ਸੀ।
ਕਾਰਡ ਮਿਲਣ ਮਗਰੋਂ ਅੰਸਾਰੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੇਰਾ ਮੰਨਣਾ ਹੈ ਕਿ ਇਹ ਭਗਵਾਨ ਰਾਮ ਦੀ ਇੱਛਾ ਸੀ ਕਿ ਪਹਿਲਾ ਸੱਦਾ ਕਾਰਡ ਮੈਨੂੰ ਮਿਲੇ, ਮੈਂ ਇਸਨੂੰ ਪ੍ਰਵਾਨ ਕਰਦਾ ਹਾਂ। ਉਸਨੇ ਕਿਹਾ ਕਿ ਅਯੁੱਧਿਆ ਵਿਚ ਹਿੰਦੂ ਤੇ ਮੁਸਲਿਮ ਸਦਭਾਵਨਾ ਨਾਲ ਰਹਿੰਦੇ ਹਨ। ਰਾਮ ਮੰਦਿਰ ਦੀ ਜ਼ਮੀਨ ਦੀ ਪੂਜਾ ਹੋ ਰਹੀ ਹੈ ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਇਸ ਮੌਕੇ ਪੁੱਜ ਰਹੇ ਹਨ। ਉਸਨੇ ਕਿਹਾ ਕਿ ਜਦੋਂ ਮੰਦਿਰ ਬਣ ਜਾਵੇਗਾ ਤਾਂ ਅਯੁੱਧਿਆ ਦੀ ਤਕਦੀਰ ਵੀ ਬਦਲ ਜਾਵੇਗੀ। ਅਯੁੱਧਿਆ ਹੋਰ ਸੋਹਣਾ ਬਣ ਜਾਵੇਗਾ ਤੇ ਇਥੇ ਸਥਾਨਕ ਲੋਕਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ ਕਿਉਂਕਿ ਦੁਨੀਆਂ ਭਰ ਤੋਂ ਸ਼ਰਧਾਲੂ ਇਸ ਸ਼ਹਿਰ ਵਿਚ ਆਇਆ ਕਰਨਗੇ। ਉਸਨੇ ਕਿਹਾ ਕਿ ਅਸੀਂ ਗੰਗਾ-ਯਮੁਨੀ ਸਭਿਅਤਾ ‘ਤੇ ਚਲਦੇ ਹਾਂ ਤੇ ਸਾਡੇ ਵਿਚ ਕਿਸੇ ਪ੍ਰਤੀ ਕੋਈ ਨਫਰਤ ਨਹੀਂ ਹੈ।