ਨਵੀਂ ਦਿੱਲੀ – ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਕਿਹਾ ਹੈ ਕਿ ਮੁਲਕ ਕੋਵਿਡ-19 ਮਹਾਮਾਰੀ ਦੇ ਖ਼ਾਤਮੇ ਵੱਲ ਵੱਧ ਰਿਹਾ ਹੈ ਪਰ ਮੁਕੰਮਲ ਸਫ਼ਲਤਾ ਹਾਸਲ ਕਰਨ ਲਈ ਟੀਕਾਕਰਨ ਮੁਹਿੰਮ ਤੋਂ ਸਿਆਸਤ ਨੂੰ ਦੂਰ ਰਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲੋਕ ਵੈਕਸੀਨ ’ਤੇ ਭਰੋਸਾ ਕਰਨ ਅਤੇ ਇਹ ਯਕੀਨੀ ਬਣਾਉਣ ਕਿ ਪਰਿਵਾਰਕ ਮੈਂਬਰਾਂ ਨੂੰ ਸਮੇਂ ’ਤੇ ਕਰੋਨਾ ਤੋਂ ਬਚਾਅ ਦੇ ਟੀਕੇ ਲੱਗ ਜਾਣ। ਦਿੱਲੀ ਮੈਡੀਕਲ ਐਸੋਸੀਏਸ਼ਨ ਦੀ 62ਵੀਂ ਸਾਲਾਨਾ ਦਿੱਲੀ ਸਟੇਟ ਮੈਡੀਕਲ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹਰਸ਼ ਵਰਧਨ ਨੇ ਕਿਹਾ ਕਿ ਹੁਣ ਤੱਕ 2 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਕੋਵਿਡ-19 ਦੇ ਟੀਕੇ ਲੱਗ ਚੁੱਕੇ ਹਨ ਅਤੇ ਟੀਕਾਕਰਨ ਦੀ ਦਰ ਵੱਧ ਕੇ 15 ਲੱਖ ਰੋਜ਼ਾਨਾ ਹੋ ਗਈ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਦੇ ਪੋਲੀਓ ਮੁਕਤ ਹੋਣ ’ਚ ਨਾਕਾਮ ਰਹਿਣ ਕਰਕੇ ਪੂਰੀ ਦੁਨੀਆ ਦੇ ਬੱਚਿਆਂ ਨੂੰ ਅਜੇ ਵੀ ਪੋਲੀਓ ਦੀ ਖੁਰਾਕ ਲੈਣੀ ਪੈ ਰਹੀ ਹੈ। ‘ਇਸੇ ਤਰ੍ਹਾਂ ਭਾਰਤ ਉਦੋਂ ਤੱਕ ਕਰੋਨਾਵਾਇਰਸ ਤੋਂ ਸੁਰੱਖਿਅਤ ਨਹੀਂ ਹੋ ਸਕਦਾ ਜਦੋਂ ਤੱਕ ਕਿ ਬਾਕੀ ਦੁਨੀਆ ਅਸੁਰੱਖਿਅਤ ਹੈ। ਵੈਕਸੀਨ ਦੀ ਹਰ ਮੁਲਕ ਤੱਕ ਪਹੁੰਚ ਯਕੀਨੀ ਬਣਾਉਣਾ ਸਮੇਂ ਦੀ ਲੋੜ ਹੈ।’ ਉਨ੍ਹਾਂ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਕੋਵਿਡ-19 ਟੀਕਾਕਰਨ ਲਈ ਜਨ ਅੰਦੋਲਨ ਚਲਾਉਣ ਤਾਂ ਜੋ ਹਰ ਕੋਈ ਟੀਕਾ ਲਗਵਾ ਕੇ ਕਰੋਨਾ ਤੋਂ ਬਚ ਸਕੇ।