ਨਵੀਂ ਦਿੱਲੀ – ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ। ਇਕ ਦਿਨ ਵਿੱਚ 3,26,089 ਵਿਅਕਤੀਆਂ ਵਿੱਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਣ ਤੋਂ ਬਾਅਦ ਮਾਮਲੇ ਵੱਧ ਕੇ 2,43,72,907 ਹੋ ਗਏ ਹਨ, ਜਦਕਿ 3,890 ਹੋਰ ਮਰੀਜ਼ਾਂ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਮ੍ਰਿਤਕਾਂ ਦਾ ਅੰਕੜਾ ਵੱਧ ਕੇ 2,66,207 ਹੋ ਗਿਆ ਹੈ। ਅੰਕੜਿਆਂ ਮੁਤਾਬਕ ਕੋਰੋਨਾ ਲਾਗ ਤੋਂ ਸਿਹਤਮੰਦ ਹੋਣ ਵਾਲਿਆਂ ਦੀ ਗਿਣਤੀ 2,04,32,898 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲਾ ਵੱਲੋਂ ਸਵੇਰੇ ਜਾਰੀ ਅੰਕੜਿਆਂ ਮੁਤਾਬਕ ਕੋਵਿਡ-19 ਦਾ ਇਲਾਜ ਕਰਵਾ ਰਹੇ ਮਰੀਜ਼ਾਂ ਦੀ ਗਿਣਤੀ ਘੱਟ ਕੇ 36,73,802 ਹੋ ਗਈ, ਜੋ ਕਿ ਵਾਇਰਸ ਦੇ ਕੁੱਲ ਮਾਮਲਿਆਂ ਦਾ 15.07 ਫ਼ੀਸਦੀ ਹੈ, ਜਦਕਿ ਕੋਵਿਡ-19 ਤੋਂ ਸਿਹਤਮੰਦ ਹੋਣ ਦੀ ਰਾਸ਼ਟਰੀ ਦਰ ਸੁਧਰ ਕੇ 83.83 ਫ਼ੀਸਦੀ ਹੋ ਗਈ ਹੈ। ਰਾਹਤ ਦੀ ਖ਼ਬਰ ਇਹ ਵੀ ਹੈ ਕਿ ਇਕ ਦਿਨ ਵਿਚ 3,53,299 ਵਿਅਕਤੀ ਸਿਹਤਯਾਬ ਵੀ ਹੋਏ ਹਨ।ਦੇਸ਼ ਵਿੱਚ 4 ਮਈ ਨੂੰ ਗੰਭੀਰ ਸਥਿਤੀ ਤੇ ਪਹੁੰਚਦੇ ਹੋਏ 2 ਕਰੋੜ ਮਾਮਲਿਆਂ ਦਾ ਅੰਕੜਾ ਪਾਰ ਕਰ ਲਿਆ ਸੀ। ਭਾਰਤੀ ਮੈਡੀਕਲ ਖੋਜ ਪਰੀਸ਼ਦ (ਆਈ. ਸੀ. ਐੱਮ. ਆਰ.) ਮੁਤਾਬਕ 14 ਮਈ ਤੱਕ 31,30,17,193 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ, ਜਿਸ ਵਿੱਚੋਂ 6,93,093 ਨਮੂਨਿਆਂ ਦੀ ਜਾਂਚ ਬੀਤੇ ਦਿਨ ਵੀ ਕੀਤੀ ਗਈ। ਜੇਕਰ ਟੀਕਾਕਰਨ ਦੀ ਗੱਲ ਕੀਤੀ ਜਾਵੇ ਤਾਂ 16 ਜਨਵਰੀ 2021 ਤੋਂ ਲੈ ਕੇ 14 ਮਈ ਤੱਕ 18,04,57,579 ਵਿਅਕਤੀਆਂ ਨੂੰ ਕੋਰੋਨਾ ਵੈਕਸੀਨ ਲੱਗ ਚੁੱਕੀ ਹੈ।ਉੱਥੇ ਹੀ ਵਾਇਰਸ ਦੇ ਮਾਮਲੇ ਦੇਸ਼ ਵਿੱਚ ਕਰਨਾਟਕ, ਮਹਾਰਾਸ਼ਟਰ, ਕੇਰਲ, ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ਟੌਪ-5 ਵਿੱਚ ਸ਼ਾਮਲ ਹਨ। ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 695 ਵਿਅਕਤੀਆਂ ਦੀ ਮੌਤ ਹੋ ਗਈ ਹੈ, ਉੱਥੇ ਹੀ ਕਰਨਾਟਕ ਵਿਚ 373 ਵਿਅਕਤੀਆਂ ਦੀ ਵਾਇਰਸ ਕਾਰਨ ਜਾਨ ਗਈ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਹਲਾਤਾਂ ਵਿਚ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ ਅਤੇ ਇੱਥੇ ਸਰਗਰਮ ਕੇਸਾਂ ਦੀ ਗਿਣਤੀ ਵਿੱਚ ਵੀ ਵੱਡੀ ਕਮੀ ਆਈ ਹੈ।