ਨਵੀਂ ਦਿੱਲੀ – ਦੇਸ਼ ਵਿੱਚ ਕੋਰੋਨਾ ਦਾ ਕਹਿਰ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਗੰਗਾ ਨਦੀ ਵਿੱਚ ਸੈਂਕੜੇ ਲਾਸ਼ਾਂ ਦੇ ਵਹਿਨ ਦੇ ਮਾਮਲੇ ਵੀ ਸਾਹਮਣੇ ਆਉਣ ਲੱਗੇ ਹਨ। ਇਸ ਤੇ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹਮਲਾ ਬੋਲਿਆ ਹੈ। ਉਨ੍ਹਾਂ ਨੇ ਟਵੀਟ ਕਰ ਕੇ ਲਿਖਿਆ ਕਿ ਜੋ ਕਹਿੰਦੇ ਸਨ ਕਿ ਉਨ੍ਹਾਂ ਨੂੰ ਗੰਗਾ ਨੇ ਬੁਲਾਇਆ ਹੈ, ਉਸੇ ਨੇ ਮਾਂ ਗੰਗਾ ਨੂੰ ਰੁਲਾਇਆ ਹੈ।ਉਨ੍ਹਾਂ ਨੇ ਆਪਣੇ ਇਸ ਟਵੀਟ ਨਾਲ ਇਕ ਖ਼ਬਰ ਵੀ ਸ਼ੇਅਰ ਕੀਤੀ ਹੈ। ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਗੰਗਾ ਕਿਨਾਰੇ 1140 ਕਿਲੋਮੀਟਰ ਵਿੱਚ 2 ਹਜ਼ਾਰ ਤੋਂ ਵੱਧ ਲਾਸ਼ਾਂ ਮਿਲੀਆਂ ਹਨ। ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕਾਨਪੁਰ ਦੇ ਸ਼ੇਰੇਸ਼ਵਰ ਘਾਟ ਤੇ ਅੱਧੇ ਕਿਲੋਮੀਟਰ ਦੇ ਏਰੀਆ ਵਿੱਚ ਵੀ 400 ਲਾਸ਼ਾਂ ਦਫ਼ਨ ਹਨ। ਇਕ ਦਿਨ ਪਹਿਲਾਂ ਕਾਂਗਰਸ ਦੀ ਜਨਰਲ ਸਕੱਤਰ ਪ੍ਰਿੰਯਕਾ ਗਾਂਧੀ ਵਾਡਰਾ ਨੇ ਵੀ ਟਵੀਟ ਕੀਤਾ ਸੀ। ਉਨ੍ਹਾਂ ਨੇ ਟਵੀਟ ਕੀਤਾ ਸੀ ਕਿ ਬਲੀਆ ਅਤੇ ਗਾਜ਼ੀਪੁਰ ਵਿੱਚ ਗੰਗਾ ਵਿੱਚ ਲਾਸ਼ਾਂ ਤੈਰ ਰਹੀਆਂ ਹਨ। ਰਿਪੋਰਟ ਵਿੱਚ ਓਨਾਵ ਵਿੱਚ ਨਦੀ ਕਿਨਾਰੇ ਵੱਡੀ ਗਿਣਤੀ ਤੇ ਲਾਸ਼ਾਂ ਦਫ਼ਨਾਉਣ ਦੀਆਂ ਖ਼ਬਰਾਂ ਆ ਰਹੀਆਂ ਹਨ। ਲਖਨਊ, ਗੋਰਖਪੁਰ, ਝਾਂਸੀ ਅਤੇ ਕਾਨਪੁਰ ਵਰਗੇ ਸ਼ਹਿਰਾਂ ਤੋਂ ਅਧਿਕਾਰਤ ਗਿਣਤੀ ਘੱਟ ਦੱਸੀ ਜਾ ਰਹੀ ਹੈ।