ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪ੍ਰਧਾਨ ਮੰਤਰੀ ਨੂੰ 18-44 ਸਾਲ ਦੀ ਉਮਰ ਵਰਗ ਲਈ ਵੈਕਸੀਨ ਖਰੀਦਣ ਅਤੇ ਵੰਡਣ ਲਈ ਕੇਂਦਰ ਸਰਕਾਰ ਦੀ ਇਕਲੌਤੀ ਏਜੰਸੀ ਬਣਾਉਣ ਦੀ ਅਪੀਲ ਕੀਤੀ ਹੈ।ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੇ ਪੱਤਰ ਵਿਚ ਕਿਹਾ,“ਮਹਾਮਾਰੀ ਦੀ ਸਥਿਤੀ ਵਿਚ ਸਮੁੱਚੀ ਯੋਗ ਆਬਾਦੀ ਦਾ ਟੀਕਾਕਰਨ ਕੇਂਦਰ ਸਰਕਾਰ ਦੀ ਜਿੰਮੇਵਾਰੀ ਬਣਦੀ ਹੈ ਕਿਉਂਕਿ ਕਿਸੇ ਤਰ੍ਹਾਂ ਦੀ ਗੈਰ-ਸ਼ਮੂਲੀਅਤ ਬਾਕੀ ਸਮੂਹਿਕ ਯਤਨਾਂ ਨੂੰ ਕਮਜੋਰ ਕਰ ਸਕਦੀ ਹੈ।ਮੁੱਖ ਮੰਤਰੀ ਨੇ ਪਿਛਲੇ ਤਿੰਨ ਹਫ਼ਤਿਆਂ ਦੇ ਤਜਰਬਿਆਂ ਦਾ ਵੀ ਹਵਾਲਾ ਦਿੱਤਾ ਜਦੋਂ ਵੱਖ-ਵੱਖ ਸੂਬਿਆਂ ਵੱਲੋਂ ਘਰੇਲੂ ਉਤਪਾਦਕਾਂ ਦੇ ਨਾਲ-ਨਾਲ ਵਿਦੇਸ਼ਾਂ ਤੋਂ ਵੈਕਸੀਨ ਮੰਗਵਾਉਣ ਲਈ ਆਪਣੇ ਪੱਧਰ ਉਤੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਇਕ ਏਜੰਸੀ ਵਜੋਂ ਸਾਰੀ ਵੈਕਸੀਨ ਦੇ ਵਸੀਲਿਆਂ ਦਾ ਕਾਰਜ ਆਪਣੇ ਹੱਥਾਂ ਵਿਚ ਤੁਰੰਤ ਲੈਣਾ ਚਾਹੀਦਾ ਹੈ। ਭਾਰਤ ਸਰਕਾਰ ਨੂੰ 18-44 ਉਮਰ ਵਰਗ ਦੇ ਸਹੀ ਢੰਗ ਨਾਲ ਟੀਕਾਕਰਨ ਲਈ ਕਲੀਨੀਕਲ ਸਥਾਪਨਾ ਰਾਹੀਂ ਸਾਰੇ ਸੂਬਿਆਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਿਚ ਵੈਕਸੀਨ ਦੀ ਵੰਡ ਯਕੀਨੀ ਬਣਾਉਣੀ ਚਾਹੀਦੀ ਹੈ।ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਵੀ ਸੁਝਾਅ ਦਿੱਤਾ ਕਿ ਸਪਲਾਈ ਚੇਨ ਦੇ ਪ੍ਰਬੰਧਨ ਦੇ ਢੰਗ-ਤਰੀਕਿਆਂ ਦੇ ਮੱਦੇਨਜ਼ਰ ਇਹ ਕਾਰਜਸ਼ੀਲ ਅਤੇ ਵਿੱਤੀ ਤੌਰ ਉਤੇ ਬਹੁਤ ਫਾਇਦਾਮੰਦ ਹੋਵੇਗਾ, ਜੇਕਰ 18-44 ਸਾਲ ਦੀ ਉਮਰ ਵਰਗ ਦੇ ਵਿਅਕਤੀਆਂ ਸਮੇਤ ਸਾਰੇ ਉਮਰ ਵਰਗਾਂ ਲਈ ਵੈਕਸੀਨ ਦੀ ਖਰੀਦ ਅਤੇ ਸਪਲਾਈ ਕੇਂਦਰ ਸਰਕਾਰ ਦੇ ਜ਼ਰੀਏ ਕੀਤੀ ਜਾਂਦੀ ਹੈ ਜਿੱਥੇ ਕਿ ਕੇਂਦਰ ਵੱਲੋਂ ਸੂਬਿਆਂ ਨੂੰ ਸਿੱਧੇ ਤੌਰ ਉਤੇ ਖਰੀਦ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ।