ਕੋਲਕਾਤਾ – ਤ੍ਰਿਣਮੂਲ ਕਾਂਗਰਸ ਦੀ ਸੁਪਰੀਮੋ ਮਮਤਾ ਬੈਨਰਜੀ ਨੇ ਬੁੱਧਵਾਰ ਨੂੰ ਤੀਜੀ ਵਾਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਰਾਜਪਾਲ ਜਗਦੀਪ ਧਨਖੜ ਨੇ ਕੋਵਿਡ-19 ਕਾਰਨ ਰਾਜ ਭਵਨ ਵਿੱਚ ਹੋਏ ਸਧਾਰਨ ਸਮਾਰੋਹ ਵਿੱਚ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਬੈਨਰਜੀ ਨੇ ਬੰਗਲਾ ਭਾਸ਼ਾ ਵਿਚ ਸਹੁੰ ਚੁੱਕੀ। ਇਸ ਮੌਕੇ ਪਾਰਥ ਚੈਟਰਜੀ ਤੇ ਸੁਬ੍ਰਤ ਮੁਖਰਜੀ ਵਰਗੇ ਟੀਐੱਮਸੀ ਨੇਤਾਵਾਂ ਤੋਂ ਇਲਾਵਾ ਪਾਰਟੀ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਪ੍ਰਸ਼ਾਂਤ ਕਿਸ਼ੌਰ ਤੇ ਬੈਨਰਜੀ ਦਾ ਭਤੀਜਾ ਅਭਿਸ਼ੇਕ ਬੈਨਰਜੀ ਮੌਜੂਦ ਸਨ। ਸਹੁੰ ਚੁੱਕਣ ਬਾਅਦ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਪ੍ਰਮੁੱਖਤਾ ਕਰੋਨਾ ਨਾਲ ਨਜਿੱਠਣ ਦੀ ਹੈ। ਉਨ੍ਹਾਂ ਸਿਆਸੀ ਦਲਾਂ ਨੂੰ ਅਪੀਲ ਕੀਤੀ ਕਿ ਉਹ ਰਾਜ ਵਿੱਚ ਸ਼ਾਂਤੀ ਰੱਖਣ ਵਿੱਚ ਸਹਿਯੋਗ ਦੇਣ। ਇਸ ਮੌਕੇ ਰਾਜਪਾਲ ਨੇ ਕਿਹਾ ਕਿ ਰਾਜ ਵਿੱਚ ਸ਼ਾਂਤੀ ਬਹਾਲੀ ਨੂੰ ਪਹਿਲ ਦੇਣਗੇ।