ਵਾਸ਼ਿੰਗਟਨ – ਓਸਾਮਾ ਬਿਨ ਲਾਦੇਨ ਨੂੰ ਪਾਕਿਸਤਾਨ ਵਿਚ ਹਲਾਕ ਕਰਨ ਦੀ ਦਸਵੀਂ ਵਰ੍ਹੇਗੰਢ ਮੌਕੇ ਅੱਜ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਅਮਰੀਕਾ ਮੁੜ ਕਦੇ ਵੀ ਆਪਣੇ ’ਤੇ ਹਮਲਾ ਨਹੀਂ ਹੋਣ ਦੇਵੇਗਾ ਤੇ ਇਸ ਅਹਿਦ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹੈ।ਜ਼ਿਕਰਯੋਗ ਹੈ ਕਿ ਅਲ ਕਾਇਦਾ ਆਗੂ 11 ਸਤੰਬਰ, 2001 ਤੋਂ ਬਾਅਦ ਕਰੀਬ 10 ਸਾਲ ਬਚਦਾ ਰਿਹਾ ਤੇ ਪਹਿਲੀ ਮਈ, 2011 ਨੂੰ ਪਾਕਿਸਤਾਨ ਦੇ ਸ਼ਹਿਰ ਐਬਟਾਬਾਦ ਵਿਚ ਅਮਰੀਕੀ ਬਲਾਂ ਨੇ ਇਕ ਖ਼ੁਫੀਆ ਅਪਰੇਸ਼ਨ ਵਿਚ ਉਸ ਨੂੰ ਮਾਰ ਮੁਕਾਇਆ ਸੀ। ਬਾਇਡਨ ਉਸ ਵੇਲੇ ਉਪ ਰਾਸ਼ਟਰਪਤੀ ਸਨ। ਉਨ੍ਹਾਂ ਦੱਸਿਆ ਕਿ ਜਿਸ ਵੇਲੇ ਅਪਰੇਸ਼ਨ ਸਿਰੇ ਚਾੜ੍ਹਿਆ ਜਾ ਰਿਹਾ ਸੀ, ਉਹ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਵਾਈਟ ਹਾਊਸ ਦੇ ਸਿਚੂਏਸ਼ਨ ਰੂਮ ਵਿਚ ਮੌਜੂਦ ਸਨ। ਬਾਇਡਨ ਨੇ ਕਿਹਾ ਕਿ ਉਹ ਪਲ ਕਦੇ ਵੀ ਭੁੱਲੇ ਨਹੀਂ ਜਾ ਸਕਦੇ।ਮੌਜੂਦਾ ਰਾਸ਼ਟਰਪਤੀ ਬਾਇਡਨ ਨੇ ਖ਼ੁਫੀਆ ਅਫ਼ਸਰਾਂ ਤੇ ਅਪਰੇਸ਼ਨ ਟੀਮ ਦੀ ਸਿਫ਼ਤ ਕਰਦਿਆਂ ਰਾਸ਼ਟਰਪਤੀ ਓਬਾਮਾ ਵੱਲੋਂ ਲਏ ਸਪੱਸ਼ਟ ਫ਼ੈਸਲਿਆਂ ਨੂੰ ਯਾਦ ਕੀਤਾ। ਬਾਇਡਨ ਨੇ ਕਿਹਾ ‘ਲਾਦੇਨ ਨੂੰ ਉਸ ਦੇ ਅੰਜਾਮ ਉਤੇ ਪਹੁੰਚਾ ਕੇ ਅਸੀਂ ਉਨ੍ਹਾਂ ਨਾਲ ਕੀਤਾ ਵਾਅਦਾ ਵਫ਼ਾ ਕੀਤਾ ਜਿਨ੍ਹਾਂ ਆਪਣੇ ਸਨੇਹੀ 9/11 ਦੇ ਹਮਲੇ ਵਿਚ ਗੁਆਏ ਸਨ।’