ਕੋਲਕਾਤਾ – ਸਿਆਸੀ ਪਾਰਟੀਆਂ ਲਈ ਚੋਣ ਰਣਨੀਤੀ ਬਣਾਉਣ ਵਾਲੇ ਪ੍ਰਸ਼ਾਂਤ ਕਿਸ਼ੋਰ ਦਾ ਕਹਿਣਾ ਹੈ ਕਿ ਉਹ ਹੁਣ ‘ਇਹ ਕੰਮ ਛੱਡ ਰਹੇ ਹਨ।’ ਦੱਸਣਯੋਗ ਹੈ ਕਿ ਤ੍ਰਿਣਮੂਲ ਕਾਂਗਰਸ ਲਈ ਪੱਛਮੀ ਬੰਗਾਲ ਵਿਚ ਚੋਣ ਰਣਨੀਤੀ ਬਣਾਉਣ ਵਾਲੇ ਕਿਸ਼ੋਰ ਨੇ ਦਸੰਬਰ ਵਿਚ ਦਾਅਵਾ ਕੀਤਾ ਸੀ ਕਿ ਭਾਜਪਾ ਸੂਬੇ ਵਿਚ 100 ਸੀਟਾਂ ਜਿੱਤਣ ਲਈ ਵੀ ਸੰਘਰਸ਼ ਕਰੇਗੀ, ਜੇ ਪਾਰਟੀ ਵੱਧ ਸੀਟਾਂ ਜਿੱਤਦੀ ਹੈ ਤਾਂ ਉਹ ਇਹ ਕੰਮ ਛੱਡ ਦੇਣਗੇ। ਪ੍ਰਸ਼ਾਂਤ ਨੇ ਚੋਣ ਕਮਿਸ਼ਨ ਦੀ ਵੀ ਜੰਮ ਕੇ ਨਿਖੇਧੀ ਕੀਤੀ ਹੈ ਤੇ ਦੋਸ਼ ਲਾਇਆ ਕਿ ਇਹ ‘ਭਾਜਪਾ ਦੇ ਅੰਗ ਵਜੋਂ ਕੰਮ ਕਰ’ ਰਿਹਾ ਹੈ। ਮਮਤਾ ਬੈਨਰਜੀ ਦੀ ਅਗਵਾਈ ਵਿਚ ਤ੍ਰਿਣਮੂਲ ਕਾਂਗਰਸ ਨੂੰ ਜ਼ਬਰਦਸਤ ਜਿੱਤ ਮਿਲਣ ਤੋਂ ਬਾਅਦ ਪ੍ਰਸ਼ਾਂਤ ਨੇ ਇਕ ਟੀਵੀ ਚੈਨਲ ਨੂੰ ਦੱਸਿਆ ਕਿ ਉਹ ਹੁਣ ‘ਚੋਣ ਰਣਨੀਤੀ ਬਣਾਉਣ ਦਾ ਕੰਮ ਛੱਡ ਦੇਣਗੇ।’ ਪ੍ਰਸ਼ਾਂਤ ਨੇ ਕਿਹਾ ‘ਮੈਂ ਐਨਾ ਪੱਖਪਾਤੀ ਚੋਣ ਕਮਿਸ਼ਨ ਕਦੇ ਨਹੀਂ ਦੇਖਿਆ, ਭਾਜਪਾ ਨੂੰ ਲਾਹਾ ਦੇਣ ਲਈ ਸਭ ਕੁਝ ਕੀਤਾ ਗਿਆ, ਧਰਮ ਨੂੰ ਵਰਤਣ ਦੀ ਇਜਾਜ਼ਤ ਦੇਣ ਤੋਂ ਲੈ ਕੇ, ਚੋਣਾਂ ਦੀ ਯੋਜਨਾਬੰਦੀ ਕਰਨ ਤੇ ਨੇਮਾਂ ਦੀ ਭੰਨ੍ਹ-ਤੋੜ, ਚੋਣ ਕਮਿਸ਼ਨ ਨੇ ਭਾਜਪਾ ਦੀ ਮਦਦ ਲਈ ਸਭ ਕੀਤਾ।’ ਇਕ ਹੋਰ ਚੈਨਲ ’ਤੇ ਕਿਸ਼ੋਰ ਨੇ ਕਿਹਾ ਕਿ ਭਾਜਪਾ ਪੱਛਮੀ ਬੰਗਾਲ ਵਿਚ ਵੱਡੀ ਤਾਕਤ ਸੀ ਤੇ ਬਣੀ ਰਹੇਗੀ। ਨਤੀਜੇ ਬੇਸ਼ੱਕ ਇਕਪਾਸੜ ਲੱਗ ਸਕਦੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਨੇ ਪਹਿਲਾਂ ਹੀ ਆਪਣੀ ਜਿੱਤ ਨੂੰ ‘ਬਹੁਤ ਵੱਡੇ ਪੱਧਰ ਉਤੇ ਪ੍ਰਚਾਰਨਾ’ ਸ਼ੁਰੂ ਕਰ ਦਿੱਤਾ ਸੀ ਪਰ ਉਨ੍ਹਾਂ ਨੂੰ ਟੀਐਮਸੀ ਦੀ ਜਿੱਤ ਦਾ ਪੂਰਾ ਯਕੀਨ ਸੀ।