ਨਵੀਂ ਦਿੱਲੀ – ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਭਾਰਤ ਵਿਚ ਕਰੋਨਾਵਾਇਰਸ ਮਹਾਮਾਰੀ ਤੋਂ ਸਾਰੀ ਦੁਨੀਆ ਚਿੰਤਤ ਹੈ। ਜਿੱਥੇ ਦੇਖੋ ਉੱਥੇ ਕਤਾਰਾਂ ਲੱਗੀਆਂ ਹੋਈਆਂ ਹਨ, ਭਾਵੇਂ ਉਹ ਆਕਸੀਜਨ ਦੇ ਸਿਲੰਡਰਾਂ ਲਈ ਹੋਣ, ਜੀਵਨ ਰੱਖਿਅਕ ਦਵਾਈਆਂ ਲਈ ਹੋਣ, ਹਸਪਤਾਲਾਂ ’ਚ ਬਿਸਤਰਿਆਂ ਲਈ ਹੋਣ ਜਾਂ ਫਿਰ ਸ਼ਮਸ਼ਾਨਘਾਟਾਂ ਦੇ ਬਾਹਰ ਅੰਤਿਮ ਸੰਸਕਾਰਾਂ ਲਈ ਹੋਣ। ਇਹ ਸਭ ਸਰਕਾਰ ਦੀ ਲਾਪ੍ਰਵਾਹੀ ਦਾ ਨਤੀਜਾ ਹੈ ਤੇ ਇਸ ਸਭ ਲਈ ਪ੍ਰਧਾਨ ਮੰਤਰੀ ਜ਼ਿੰਮੇਵਾਰ ਹਨ।ਪੀਟੀਆਈ ਨੂੰ ਦਿੱਤੀ ਇੰਟਰਵਿਊ ਵਿਚ ਸ੍ਰੀ ਗਾਂਧੀ ਨੇ ਦੋਸ਼ ਲਾਇਆ ਕਿ ਸਰਕਾਰ ਗੰਭੀਰ ਹਾਲਾਤ ਦਾ ਅੰਦਾਜ਼ਾ ਲਹੀਂ ਲਗਾ ਸਕਤੀ ਤੇ ਸਥਿਤੀ ਸਰਕਾਰ ਦੇ ਹੱਥੋਂ ਬੇਕਾਬੂ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਵਿਗਿਆਨੀਆਂ ਸਣੇ ਹਰ ਪਾਸਿਓਂ ਪਹਿਲਾਂ ਤੋਂ ਮਿਲ ਰਹੀਆਂ ਚਿਤਾਵਨੀਆਂ ਨੂੰ ਅਣਗੌਲਿਆਂ ਕੀਤਾ ਗਿਆ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ, ‘‘ਹਰ ਰੋਜ਼ ਚੁਫੇਰੇ ਹੁੰਦੀ ਤਬਾਹੀ ਦੇਖ ਕੇ ਮੇਰਾ ਦਿਲ ਟੁੱਟ ਗਿਆ ਹੈ। ਇਹ ਕੋਈ ਲਹਿਰ ਨਹੀਂ ਹੈ ਬਲਕਿ ਸੁਨਾਮੀ ਹੈ ਜਿਸ ਨੇ ਸਭ ਕੁਝ ਤਬਾਹ ਕਰ ਦਿੱਤਾ ਹੈ। ਆਕਸੀਜਨ ਦੇ ਸਿਲੰਡਰ ਲੈਣ ਲਈ ਕਤਾਰਾਂ ਲੱਗੀਆਂ ਹੋਈਆਂ ਹਨ, ਸਿਲੰਡਰ ਭਰਵਾਉਣ ਲਈ ਕਤਾਰਾਂ ਹਨ, ਜੀਵਨ ਰੱਖਿਅਕ ਦਵਾਈਆਂ ਲੈਣ ਲਈ ਕਤਾਰਾਂ ਹਨ, ਹਸਪਤਾਲਾਂ ਵਿਚ ਬਿਸਤਰਿਆਂ ਲਈ ਕਤਾਰਾਂ ਹਨ ਅਤੇ ਹੁਣ ਤਾਂ ਅੰਤਿਮ ਸੰਸਕਾਰ ਕਰਨ ਲਈ ਸ਼ਮਸ਼ਾਨਘਾਟਾਂ ਦੇ ਬਾਹਰ ਵੀ ਕਤਾਰਾਂ ਲੱਗੀਆਂ ਹੋਈਆਂ ਹਨ। ਕੋਵਿਡ ਖ਼ਿਲਾਫ਼ ਲੜਾਈ ਲਈ ਲੋੜੀਂਦੀ ਹਰੇਕ ਚੀਜ਼ ਦੀ ਭਾਰੀ ਘਾਟ ਹੈ।