ਖਰੀਦ ਏਜੰਸੀਆਂ ਨੂੰ ਕਣਕ ਦੀ ਲਿਫਟਿੰਗ ਹੋਰ ਤੇਜ਼ ਕਰਨ ਦੇ ਆਦੇਸ਼
ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਖੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਨੂੰ 30 ਅਪ੍ਰੈਲ ਤੱਕ ਹਰ ਹਾਲ ਵਿਚ ਕਿਸਾਨਾਂ ਦੇ ਬਕਾਏ ਦਾ ਨਿਪਟਾਰਾ ਕਰਨ ਦੇ ਹੁਕਮ ਦਿੱਤੇ ਹਨ।ਇਸ ਦੇ ਨਾਲ ਹੀ ਸਾਰੀਆਂ ਖਰੀਦ ਏਜੰਸੀਆਂ ਨੂੰ ਵੀ ਸੂਬਾ ਭਰ ਦੀਆਂ ਮੰਡੀਆਂ ਵਿਚ ਹੁਣ ਤੱਕ ਖਰੀਦੀ ਜਾ ਚੁੱਕੀ ਕਣਕ ਦੀ ਲਿਫਟਿੰਗ ਵਿਚ ਤੇਜੀ ਲਿਆਉਣ ਦੇ ਆਦੇਸ਼ ਦਿੱਤੇ ਹਨ।ਮੁੱਖ ਮੰਤਰੀ ਨੇ ਸਾਰੀਆਂ ਖਰੀਦ ਏਜੰਸੀਆਂ ਦੇ ਮੁਖੀਆਂ ਅਤੇ ਖੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਉਚ-ਪੱਧਰੀ ਮੀਟਿੰਗ ਕਰਕੇ ਕਣਕ ਦੀ ਆਮਦ, ਖਰੀਦ, ਲਿਫਟਿੰਗ ਅਤੇ ਕਿਸਾਨਾਂ ਦੀ ਅਦਾਇਗੀ ਬਾਰੇ ਪ੍ਰਗਤੀ ਦਾ ਜਾਇਜਾ ਲਿਆ।ਮੁੱਖ ਮੰਤਰੀ ਨੇ ਦੱਸਿਆ ਕਿ ਸ਼ੁਰੂਆਤ ਵਿਚ ਸਿੱਧੀ ਅਦਾਇਗੀ ਦੀ ਪ੍ਰਣਾਲੀ ਲਾਗੂ ਹੋਣ ਅਤੇ ਬਾਰਦਾਨੇ ਦੀ ਘਾਟ ਵਰਗੀਆਂ ਔਕੜਾਂ ਪੇਸ਼ ਆਈਆਂ ਸਨ ਪਰ ਹੁਣ ਸਥਿਤੀ ਵਿਚ ਵਰਨਣਯੋਗ ਸੁਧਾਰ ਹੋਇਆ ਹੈ ਅਤੇ ਹੁਣ ਤੱਕ 5.59 ਲੱਖ ਕਿਸਾਨਾਂ ਦੇ ਖਾਤਿਆਂ ਵਿਚ 10,000 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਨੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਭਾਰਤ ਸਰਕਾਰ ਦੇ ‘ਅਨਾਜ ਖਰੀਦ’ ਪੋਰਟਲ ਉਤੇ ਕਿਸਾਨਾਂ ਦੇ ਲੋੜੀਂਦੇ ਦਸਤਾਵੇਜ਼ ਅਪਲੋਡ ਕਰਨ ਵਿਚ ਤੇਜੀ ਲਿਆਂਦੀ ਜਾਵੇ ਤਾਂ ਕਿ ਕਿਸਾਨਾਂ ਨੂੰ ਸਮੇਂ ਸਿਰ ਅਦਾਇਗੀ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਇਕ ਵਾਰ ਇਹ ਰਸਮੀ ਕਾਰਵਾਈਆਂ ਮੁਕੰਮਲ ਹੋਣ ਉਤੇ ਕਿਸਾਨਾਂ ਦੀ 2900 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਵੀ ਅਦਾ ਕਰ ਦਿੱਤੀ ਜਾਵੇਗੀ। ਕਿਸਾਨਾਂ ਦੀ ਫਸਲ ਦਾ ਇਕ-ਇਕ ਦਾਣਾ ਖਰੀਦਣ ਲਈ ਆਪਣੀ ਸਰਕਾਰੀ ਦੀ ਵਚਨਬੱਧਤਾ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮੰਡੀਆਂ ਵਿਚ ਪਹੁੰਚੀ 86.74 ਲੱਖ ਮੀਟਰਕ ਟਨ ਵਿੱਚੋਂ 84.18 ਲੱਖ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ ਜਦਿਕ ਮੰਡੀਆਂ ਵਿਚ ਅਣਵਿਕੀ ਕਣਕ ਨੂੰ ਵੀ ਤੁਰੰਤ ਖਰੀਦਿਆ ਜਾਵੇਗਾ ਤਾਂ ਕਿ ਕਿਸੇ ਵੀ ਕਿਸਾਨ ਨੂੰ ਬਿਨਾਂ ਵਜ੍ਹਾ ਮੰਡੀ ਵਿਚ ਨਾ ਰੁਕਣਾ ਪਵੇ। ਹਾਲਾਂਕਿ, ਉਨ੍ਹਾਂ ਨੇ ਖਰੀਦ ਏਜੰਸੀਆਂ ਨੂੰ ਵੀ ਮੰਡੀਆਂ ਵਿਚ ਜਮ੍ਹਾਂ ਹੋਏ 46 ਲੱਖ ਮੀਟਰਕ ਟਨ ਦੇ ਸਟਾਕ ਨੂੰ ਤੁਰੰਤ ਚੁੱਕਣ ਲਈ ਆਖਿਆ।ਇਸੇ ਦੌਰਾਨ ਵਧੀਕ ਮੁੱਖ ਸਕੱਤਰ ਵਿਕਾਸ ਅਨਿਰੁਧ ਤਿਵਾੜੀ ਨੇ ਦੱਸਿਆ ਕਿ ਪੰਜਾਬ ਮੰਡੀ ਬੋਰਡ ਨੇ ਸੂਬਾ ਭਰ ਦੀਆਂ ਅਨਾਜ ਮੰਡੀਆਂ ਵਿਚ ‘ਕਿਸਾਨ ਸਹਾਇਤਾ ਡੈਸਕ’ ਸਥਾਪਤ ਕੀਤੇ ਹਨ ਜਿੱਥੇ ਆਈ.ਟੀ ਪੇਸ਼ੇਵਾਰ ਅਤੇ ਬੋਰਡ ਦੇ ਮੁਲਾਜ਼ਮ ਨਵੇਂ ਪੋਰਟਲ ਉਤੇ ਰਜਿਸਟਰ ਹੋਣ ਲਈ ਕਿਸਾਨਾਂ ਦੀ ਮਦਦ ਕਰ ਰਹੇ ਹਨ ਤਾਂ ਕਿ ਸਿੱਧੀ ਅਦਾਇਗੀ ਰਾਹੀਂ ਉਨ੍ਹਾਂ ਦੇ ਖਾਤਿਆਂ ਵਿਚ ਭੁਗਤਾਨ ਸਮੇਂ ਸਿਰ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਖੁਰਾਕ ਤੇ ਸਿਵਲ ਸਪਲਾਈਜ਼ ਵਿਭਾਗ 22,000 ਆੜ੍ਹਤੀਆਂ ਦੇ ਖਾਤਿਆਂ ਵਿਚ ਭੁਗਤਾਨ ਕਰ ਦਿੰਦਾ ਸੀ ਜੋ ਅੱਗੇ ਕਿਸਾਨਾਂ ਦੇ ਖਾਤਿਆਂ ਵਿਚ ਟਰਾਂਸਫਰ ਕਰ ਦਿੰਦੇ ਸਨ। ਹਾਲਾਂਕਿ, ਮੌਜੂਦਾ ਖਰੀਦ ਸੀਜ਼ਨ ਤੋਂ ਸਿੱਧੀ ਅਦਾਇਗੀ ਦੀ ਪ੍ਰਣਾਲੀ ਲਾਗੂ ਹੋ ਜਾਣ ਨਾਲ ਖਰੀਦ ਏਜੰਸੀਆਂ ਵੱਲੋਂ ਅਦਾਇਗੀ ਸਿੱਧੀ ਕਿਸਾਨਾਂ ਦੇ ਖਾਤਿਆਂ ਵਿਚ ਤਬਦੀਲ ਕੀਤੀ ਜਾ ਰਹੀ ਹੈ।ਹਾਲ ਹੀ ਵਿਚ ਕੋਵਿਡ ਦੇ ਵਧ ਰਹੇ ਕੇਸਾਂ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਸਾਰੀਆਂ 145 ਮਾਰਕੀਟ ਕਮੇਟੀਆਂ ਵਿਚ ‘ਕੋਵਿਡ ਟੀਕਾਕਰਨ ਕੈਂਪ’ ਸਥਾਪਤ ਕੀਤੇ ਗਏ ਹਨ ਤਾਂ ਕਿ ਮੰਡੀਆਂ ਵਿਚ ਆਉਣ ਵਾਲੇ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਕੋਵਿਡ ਤੋਂ ਬਚਾਅ ਦਾ ਟੀਕਾ ਲਾਇਆ ਜਾ ਸਕੇ ਜਿਸ ਨਾਲ ਕਿਸਾਨਾਂ, ਆੜ੍ਹਤੀਆਂ, ਮਜ਼ਦੂਰਾਂ, ਖਰੀਦ ਏਜੰਸੀਆਂ ਦੇ ਮੁਲਾਜ਼ਮਾਂ ਅਤੇ ਹੋਰ ਧਿਰਾਂ ਦੀ ਸਿਹਤ ਨੂੰ ਯਕੀਨੀ ਬਣਾਇਆ ਜਾ ਸਕੇ।ਲਿਫਟਿੰਗ ਦੇ ਮੁੱਦੇ ਉਤੇ ਖੁਰਾਕ ਤੇ ਸਿਵਲ ਸਪਲਾਈਜ਼ ਦੇ ਪ੍ਰਮੁੱਖ ਸਕੱਤਰ ਕੇ.ਏ.ਪੀ. ਸਿਨਹਾ ਨੇ ਦੱਸਿਆ ਕਿ ਇਸ ਵੇਲੇ ਕਣਕ ਦੀ ਭਰਾਈ ਲਈ 16.84 ਕਰੋੜ ਥੈਲੇ ਪਹਿਲਾਂ ਹੀ ਵਰਤੇ ਜਾ ਚੁੱਕੇ ਹਨ ਅਤੇ ਸੂਬੇ ਦੀਆਂ ਸਾਰੀਆਂ ਅਨਾਜ ਮੰਡੀਆਂ ਵਿਚ ਢੁਕਵੀਂ ਮਾਤਰਾ ਵਿਚ ਬਾਰਦਾਨਾ ਮੁਹੱਈਆ ਕਰਵਾਇਆ ਜਾ ਰਿਹਾ ਹੈ।