ਕੈਲੀਫੋਰਨੀਆ – ਅਮਰੀਕਾ ਦੇ ਸੂਬੇ ਕੈਲੀਫੋਰਨੀਆ ਨੇ ਪਿਛਲੇ ਹਫਤੇ ਦੇ ਅਖੀਰ ਵਿੱਚ 10 ਮਿਲੀਅਨ ਲੋਕਾਂ ਨੂੰ ਪੂਰੀ ਤਰ੍ਹਾਂ ਕੋਰੋਨਾ ਵਾਇਰਸ ਦੇ ਵਿਰੁੱਧ ਟੀਕਾ ਲਗਾਇਆ ਹੈ, ਜੋ ਕਿ ਰਾਜ ਦੀ ਆਬਾਦੀ ਦਾ ਇੱਕ ਚੌਥਾਈ ਹਿੱਸਾ ਦਰਸਾਉਂਦਾ ਹੈ। ਇਸਦੇ ਨਾਲ ਹੀ ਹੋਰ 6.5 ਮਿਲੀਅਨ ਫਾਈਜ਼ਰ ਜਾਂ ਮੋਡਰਨਾ ਟੀਕਿਆਂ ਦੀ ਪਹਿਲੀ ਖੁਰਾਕ ਵੀ ਦਿੱਤੀ ਗਈ ਹੈ। ਰਾਜ ਦੇ ਅੰਕੜਿਆਂ ਅਨੁਸਾਰ, ਕੁੱਲ ਮਿਲਾ ਕੇ, ਕੈਲੀਫੋਰਨੀਆਂ ਦੇ 16.8 ਮਿਲੀਅਨ ਤੋਂ ਵੱਧ ਲੋਕ ਵੈਕਸੀਨ ਦੀ ਘੱਟੋ ਘੱਟ ਇੱਕ ਖੁਰਾਕ ਲੈ ਚੁੱਕੇ ਹਨ। ਕੈਲੀਫੋਰਨੀਆ ਦੇ ਪਬਲਿਕ ਹੈਲਥ ਵਿਭਾਗ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਕੈਲੀਫੋਰਨੀਆ ਦੇ ਲੋਕਾਂ ਨੇ ਤਕਰੀਬਨ 25,790,401 ਵੈਕਸੀਨ ਦੀਆਂ ਖੁਰਾਕਾਂ ਲਗਾਈਆਂ ਹਨ ਅਤੇ ਇਹ 31.6 ਮਿਲੀਅਨ ਦਾ 82% ਹੈ ਜੋ ਨਿਰਮਾਤਾਵਾਂ ਦੁਆਰਾ ਪ੍ਰਦਾਨ ਕੀਤਾ ਗਿਆ ਹੈ। ਇਸਦੇ ਇਲਾਵਾ ਜੌਹਨਸਨ ਐਂਡ ਜੌਹਨਸਨ ਦੇ ਇਕੋ ਖੁਰਾਕ ਵਾਲੇ ਟੀਕੇ ਤੇ ਰੋਕ ਬਣੀ ਹੋਈ ਹੈ, ਕਿਉਂਕਿ ਅਮਰੀਕਾ ਦੀਆਂ ਸਿਹਤ ਏਜੰਸੀਆਂ ਇਸ ਸੰਬੰਧੀ ਖੂਨ ਦੇ ਜੰਮ ਜਾਣ ਦੇ ਕੇਸਾਂ ਦੀ ਜਾਂਚ ਕਰ ਰਹੀਆਂ ਹਨ।