ਨਵੀਂ ਦਿੱਲੀ – ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰੱਖਿਆ ਨਾਲ ਸਬੰਧਤ ਅਦਾਰਿਆਂ ਡੀਆਰਡੀਓ ਅਤੇ ਆਰਡਨੈਂਸ ਫੈਕਟਰੀ ਬੋਰਡ ਨੂੰ ਸੂਬਿਆਂ ਨੂੰ ਆਕਸੀਜਨ ਸਿਲੰਡਰ ਅਤੇ ਵਾਧੂ ਬੈੱਡ ਮੁਹੱਈਆ ਕਰਾਉਣ ਲਈ ਜੰਗੀ ਪੱਧਰ ’ਤੇ ਕੰਮ ਕਰਨ ਲਈ ਕਿਹਾ ਹੈ। ਫ਼ੌਜ ਨਾਲ ਜੁੜੇ ਚੋਟੀ ਦੇ ਅਧਿਕਾਰੀਆਂ ਨਾਲ ਵਰਚੁਅਲੀ ਮੀਟਿੰਗ ਦੌਰਾਨ ਰਾਜਨਾਥ ਸਿੰਘ ਨੇ ਤਿੰਨੋਂ ਸੈਨਾਵਾਂ ਅਤੇ ਹੋਰ ਰੱਖਿਆ ਏਜੰਸੀਆਂ ਨੂੰ ਮੈਡੀਕਲ ਸਾਜ਼ੋ-ਸਾਮਾਨ ਦੀ ਖ਼ਰੀਦ ਲਈ ਹੰਗਾਮੀ ਵਿੱਤੀ ਤਾਕਤਾਂ ਮਨਜ਼ੂਰ ਕੀਤੀਆਂ ਹਨ। ਰੱਖਿਆ ਮੰਤਰੀ ਨੇ ਸੈਨਾ ਨੂੰ ਕਿਹਾ ਕਿ ਉਹ ਦੇਸ਼ ਦੇ ਸਿਵਲ ਪ੍ਰਸ਼ਾਸਨ ਨਾਲ ਸੰਪਰਕ ਬਣਾ ਕੇ ਰੱਖਣ ਅਤੇ ਹੰਗਾਮੀ ਹਾਲਤ ’ਚ ਲੋੜ ਪੈਣ ’ਤੇ ਉਨ੍ਹਾਂ ਦੀ ਸਹਾਇਤਾ ਕੀਤੀ ਜਾਵੇ। ਇਸ ਦੌਰਾਨ ਸੂਤਰਾਂ ਨੇ ਕਿਹਾ ਕਿ ਰਾਜਨਾਥ ਸਿੰਘ ਦੀ ਅਪੀਲ ’ਤੇ ਥਲ ਸੈਨਾ ਵੱਲੋਂ ਆਪਣੇ ਮੈਡੀਕਲ ਸੰਸਥਾਨਾਂ ’ਚ ਆਮ ਲੋਕਾਂ ਦਾ ਕਰੋਨਾ ਦਾ ਇਲਾਜ ਕਰਨ ਲਈ ਵਿਚਾਰ ਕੀਤਾ ਜਾ ਰਿਹਾ ਹੈ। ਮੀਟਿੰਗ ’ਚ ਰੱਖਿਆ ਸਕੱਤਰ ਅਜੈ ਕੁਮਾਰ, ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਬਿਪਿਨ ਰਾਵਤ, ਜਲ ਸੈਨਾ ਮੁਖੀ ਐਡਮਿਰਲ ਕਰਮਬੀਰ ਸਿੰਘ, ਥਲ ਸੈਨਾ ਮੁਖੀ ਜਨਰਲ ਐੱਮ ਐੱਮ ਨਰਵਾਣੇ, ਆਰਮਡ ਫੋਰਸਿਜ਼ ਮੈਡੀਕਲ ਸਰਵਿਸਿਜ਼ ਦੇ ਡਾਇਰੈਕਟਰ ਜਨਰਲ ਵਾਈਸ ਐਡਮਿਰਲ ਰਜਤ ਦੱਤਾ ਅਤੇ ਡੀਆਰਡੀਓ ਚੇਅਰਮੈਨ ਜੀ ਸਤੀਸ਼ ਰੈੱਡੀ ਨੇ ਹਾਜ਼ਰੀ ਭਰੀ। ਡੀਆਰਡੀਓ ਨੇ ਪਹਿਲਾਂ ਹੀ ਪ੍ਰਾਈਵੇਟ ਸਨਅਤਾਂ ਨਾਲ ਆਕਸੀਜਨ ਸਬੰਧੀ ਤਕਨਾਲੋਜੀ ਸਾਂਝੀ ਕਰ ਲਈ ਹੈ। ਉਨ੍ਹਾਂ ਵੱਲੋਂ ਲਖਨਊ ’ਚ 450 ਬਿਸਤਰਿਆਂ, ਵਾਰਾਨਸੀ ’ਚ 750 ਅਤੇ ਅਹਿਮਦਾਬਾਦ ’ਚ 900 ਬਿਸਤਰਿਆਂ ਦੇ ਹਸਪਤਾਲ ਬਣਾਉਣ ਦਾ ਕੰਮ ਚੱਲ ਰਿਹਾ ਹੈ।