ਚੰਡੀਗੜ, 07 ਜੂਨ 2020: ਕਰੋਨਾਵਾਇਰਸ ਦੀ ਮਹਾਂਮਾਰੀ ਦਰਮਿਆਨ ਮਜ਼ਦੂਰਾਂ ਦੀ ਕਮੀ ਦੀ ਸਮੱਸਿਆ ਨਾਲ ਨਜਿੱਠਣ ਲਈ ਪੰਜਾਬ ਦੇ ਕਿਸਾਨਾਂ ਨੇ ਇਸ ਸਾਲ ਝੋਨੇ ਦੀ ਰਵਾਇਤੀ ਲੁਆਈ ਦੀ ਬਜਾਏ ਸਿੱਧੀ ਬਿਜਾਈ ਨੂੰ ਭਰਵਾਂ ਹੰੁਗਾਰਾ ਦਿੱਤਾ ਹੈ ਜਿਸ ਨਾਲ ਸੂਬੇ ਵਿੱਚ ਝੋਨੇ ਦਾ 25 ਫੀਸਦੀ ਰਕਬਾ ਇਸ ਨਵੀਨਤਮ ਤਕਨਾਲੋਜੀ ਹੇਠ ਆਉਣ ਦੀ ਸੰਭਾਵਨਾ ਹੈ। ਇਹ ਕਦਮ ਜਿੱਥੇ ਮਜ਼ਦੂਰਾਂ ਦੇ ਖਰਚੇ ਦੇ ਰੂਪ ਵਿੱਚ ਕਟੌਤੀ ਲਿਆਵੇਗਾ, ਉਥੇ ਹੀ ਪਾਣੀ ਦੀ ਬੱਚਤ ਲਈ ਵੀ ਬਹੁਤ ਸਹਾਈ ਹੋਵੇਗਾ।
ਝੋਨੇ ਦੀ ਸਿੱਧੀ ਬਿਜਾਈ (ਡੀ.ਐਸ.ਆਰ.) ਦੀ ਤਕਨਾਲੋਜੀ ਨੂੰ ਉਤਸ਼ਾਹਤ ਕਰਨ ਅਤੇ ਕਿਸਾਨਾਂ ਨੂੰ ਇਹ ਤਕਨਾਲੋਜੀ ਵੱਡੇ ਪੱਧਰ ’ਤੇ ਅਪਣਾਉਣ ਲਈ ਪ੍ਰੇਰਿਤ ਕਰਨ ਵਾਸਤੇ ਸੂਬੇ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਕਿਸਾਨਾਂ ਨੂੰ 40 ਤੋਂ 50 ਫੀਸਦੀ ਤੱਕ ਸਬਸਿਡੀ ’ਤੇ ਸਿੱਧੀ ਬਿਜਾਈ ਵਾਲੀਆਂ 4000 ਮਸ਼ੀਨਾਂ ਅਤੇ ਝੋਨਾ ਲਾਉਣ ਵਾਲੀਆਂ 800 ਮਸ਼ੀਨਾਂ ਦੇਣ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਖੇਤੀਬਾੜੀ ਸਕੱਤਰ ਕਾਹਨ ਸਿੰਘ ਪੰਨੂੰ ਨੇ ਦੱਸਿਆ ਕਿ ਪੰਜਾਬ ਨੇ ਮੌਜੂਦਾ ਸਾਲ ਦੌਰਾਨ ਸਿੱਧੀ ਲੁਆਈ ਦੀ ਤਕਨੀਕ ਹੇਠ ਲਗਪਗ ਪੰਜ ਲੱਖ ਹੈਕਟੇਅਰ ਰਕਬਾ ਲਿਆਉਣ ਦਾ ਟੀਚਾ ਮਿੱਥਿਆ ਸੀ ਪਰ ਮਜ਼ਦੂਰਾਂ ਦੀ ਕਮੀ ਆਉਣ ਅਤੇ ਕਿਸਾਨਾਂ ਵੱਲੋਂ ਅਗਾਂਹਵਧੂ ਤਕਨਾਲੋਜੀ ਅਪਣਾਉਣ ਲਈ ਦਿਖਾਈ ਡੂੰਘੀ ਦਿਲਚਸਪੀ ਕਾਰਨ 6-7 ਲੱਖ ਹੈਕਟੇਅਰ ਰਕਬਾ ਇਸ ਤਕਨੀਕ ਹੇਠ ਆਉਣ ਦੀ ਸੰਭਾਵਨਾ ਹੈ ਜੋ ਪੰਜਾਬ ਵਿੱਚ ਝੋਨੇ ਦੀ ਕੁੱਲ ਲੁਆਈ ਦਾ 25 ਫੀਸਦੀ ਰਕਬਾ ਬਣਦਾ ਹੈ।
ਉਨਾਂ ਅੱਗੇ ਦੱਸਿਆ ਕਿ ਸਿੱਧੀ ਬਿਜਾਈ ਦੀ ਤਕਨੀਕ ਪਾਣੀ ਦੀ 30 ਫੀਸਦੀ ਬੱਚਤ ਕਰਨ ਤੋਂ ਇਲਾਵਾ ਝੋਨੇ ਦੀ ਲੁਆਈ ਵਿੱਚ ਪ੍ਰਤੀ ਏਕੜ 6000 ਰੁਪਏ ਦੀ ਕਟੌਤੀ ਲਿਆਉਣ ਵਿੱਚ ਮਦਦਗਾਰ ਸਾਬਤ ਹੁੰਦੀ ਹੈ। ਉਨਾਂ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਰਿਪੋਰਟਾਂ ਅਤੇ ਖੋਜ ਮੁਤਾਬਕ ਸਿੱਧੀ ਬਿਜਾਈ ਵਾਲੇ ਝੋਨੇ ਦਾ ਝਾੜ ਵੀ ਰਵਾਇਤੀ ਤਰੀਕੇ ਨਾਲ ਲਾਏ ਗਏ ਝੋਨੇ ਦੇ ਬਰਾਬਰ ਹੀ ਹੁੰਦਾ ਹੈ।
ਸ੍ਰੀ ਪੰਨੂੰ ਨੇ ਅੱਗੇ ਦੱਸਿਆ ਕਿ ਖੇਤੀ ਖੇਤਰ ਵਿੱਚ ਝੋਨੇ ਦੀ ਲੁਆਈ ਹੀ ਇਕ ਅਜਿਹਾ ਕਾਰਜ ਹੈ ਜਿਸ ਲਈ ਮਜ਼ਦੂਰਾਂ ਦੀ ਬਹੁਤ ਲੋੜ ਪੈਂਦੀ ਹੈ ਅਤੇ ਇਸ ਸਾਲ ਮਜ਼ਦੂਰਾਂ ਦੀ ਕਮੀ ਹੋਣ ਕਰਕੇ ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਹਾਲ ਹੀ ਵਿੱਚ ਕੀਤੀਆਂ ਗਈਆਂ ਸਿਫਾਰਸ਼ਾਂ ਮੁਤਾਬਕ ਝੋਨੇ ਦੀ ਸਿੱਧੀ ਬਿਜਾਈ ਕਰਨ ਦੀ ਸਲਾਹ ਦਿੱਤੀ ਹੈ। ਵਿਭਾਗ ਦੇ ਮੁਲਾਜ਼ਮਾਂ ਵੱਲੋਂ ਵੀ ਬਿਹਤਰ ਤਰੀਕਿਆਂ ਨਾਲ ਖੇਤਰ ਵਿੱਚ ਜਾ ਕੇ ਕਿਸਾਨਾਂ ਨੂੰ ਨਵੀਂ ਤਕਨਾਲੋਜੀ ਬਾਰੇ ਸੇਧ ਦਿੱਤੀ ਜਾ ਰਹੀ ਹੈ। ਉਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਸ ਨਵੀਂ ਤਕਨਾਲੋਜੀ ਵਿੱਚ ਸਭ ਤੋਂ ਨਾਜ਼ੁਕ ਪੱਖ ਨਦੀਣ ਨੂੰ ਕੰਟਰੋਲ ਕਰਨਾ ਹੈ ਜਿਸ ਕਰਕੇ ਕਿਸਾਨਾਂ ਨੂੰ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਉਨਾਂ ਕਿਹਾ ਕਿ ਕਿਸਾਨਾਂ ਵੱਲੋਂ ਸਿੱਧੀ ਬਿਜਾਈ ਕਰਨ ਤੋਂ ਪਹਿਲਾਂ ਨਦੀਣਨਾਸ਼ਕ ਦੀ ਖਰੀਦ ਜ਼ਰੂਰ ਕੀਤੀ ਜਾਵੇ ਅਤੇ ਝੋਨੇ ਦੀ ਬਿਜਾਈ ਦੇ 24 ਘੰਟਿਆਂ ਦੇ ਅੰਦਰ-ਅੰਦਰ ਇਸ ਦਾ ਛਿੜਕਾਅ ਕੀਤਾ ਜਾਵੇ।
ਇਹ ਦੱਸਣਯੋਗ ਹੈ ਕਿ ਸੂਬਾ ਭਰ ਦੇ ਕਿਸਾਨਾਂ ਵੱਲੋਂ ਕੁੱਲ 27 ਲੱਖ ਹੈਕਟੇਅਕ ਰਕਬੇ ਵਿੱਚ ਝੋਨਾ ਲਾਇਆ ਜਾਂਦਾ ਹੈ ਜਿਸ ਵਿੱਚ ਵੱਧ ਗੁਣਵੱਤਾ ਵਾਲੀ ਬਾਸਮਤੀ ਦੀ ਕਿਸਮ ਹੇਠ ਆਉਂਦਾ 7 ਲੱਖ ਹੈਕਟੇਅਰ ਰਕਬਾ ਵੀ ਸ਼ਾਮਲ ਹੈ।