ਸਰੀ, 7 ਜੂਨ 2020 – “ਮਾਰਕੀਟ ਪਲੇਸ ਐਪਸ” ਤੇ ਹੁਣ ਕੁਝ ਲੁਟੇਰੇ ਅਨਸਰ ਸਰਗਰਮ ਹੋ ਗਏ ਹਨ ਜਿਸ ਕਾਰਨ ਇਸ ਰਾਹੀਂ ਖਰੀਦੋ-ਫਰੋਖ਼ਤ ਕਰਦੇ ਸਮੇਂ ਲੁੱਟ ਖੋਹ ਕਰਨ ਦੀਆਂ ਘਟਨਾਵਾਂ ਵਧ ਰਹੀਆਂ ਹਨ। ਇਹ ਪ੍ਰਗਟਾਵਾ ਕਰਦਿਆਂ ਸਰੀ ਆਰਸੀਐਮਪੀ ਨੇ ਕਿਹਾ ਹੈ ਕਿ ਇਸ ਸਾਲ ਹੁਣ ਤੱਕ ਅਜਿਹੀ ਲੁੱਟ ਖੋਹ ਹੋਣ ਸਬੰਧੀ 13 ਰਿਪੋਰਟਾਂ ਪ੍ਰਾਪਤ ਹੋਈਆਂ ਹਨ ਜਦੋਂ ਕਿ 2019 ਵਿਚ ਸਾਲ ਭਰ ਵਿਚ ਸਿਰਫ 5 ਰਿਪੋਰਟਾਂ ਮਿਲੀਆਂ ਸਨ। ਪੁਲਿਸ ਅਨੁਸਾਰ ਕੁਝ ਘਟਨਾਵਾਂ ਵਿਚ ਲੈਣ-ਦੇਣ ਭਾਵੇਂ ਪਬਲਿਕ ਥਾਵਾਂ ਤੇ ਹੋਇਆ ਫਿਰ ਵੀ ਲੁਟੇਰਿਆਂ ਨੇ ਪੀੜਤ ਲੋਕਾਂ ਨੂੰ ਧਮਕੀਆਂ ਦਿੱਤੀਆਂ ਜਾਂ ਹਮਲਾ ਕੀਤਾ।
ਪੁਲਿਸ ਅਨੁਸਾਰ ਆਨਲਾਈਨ ਖਰੀਦੋ-ਵੇਚ ਐਪਸ ਲੁੱਟ ਦਾ ਸ਼ਿਕਾਰ ਬਣਨ ਵਾਲੇ ਲੋਕਾਂ ਅਤੇ ਅਪਰਾਧੀਆਂ ਨੂੰ ਆਹਮੋ ਸਾਹਮਣੇ ਹੋਣ ਦਾ ਮੌਕਾ ਪ੍ਰਦਾਨ ਕਰਦੇ ਹਨ। ਖਰੀਦਦਾਰਾਂ ਨੂੰ ਲੁਭਾਉਣ ਅਤੇ ਉਨ੍ਹਾਂ ਨੂੰ ਸੌਦਾ ਕਰਨ ਲਈ ਪ੍ਰੇਰਿਤ ਕਰਨ ਵਾਸਤੇ ਇਨ੍ਹਾਂ ਐਪਸ ਉਪਰ ਇਸ਼ਤਿਹਾਰਬਾਜ਼ੀ ਅਕਸਰ ਚੀਜ਼ਾਂ ਦੀ ਅਸਲ ਕੀਮਤ ਨਾਲੋਂ ਕਾਫੀ ਘੱਟ ਕੀਮਤ ‘ਤੇ ਕੀਤੀ ਜਾਂਦੀ ਹੈ। ਖਰੀਦ-ਵੇਚ ਦੇ ਸੌਦੇ ਦੀ ਆੜ ਵਿਚ ਸ਼ੈਤਾਨ ਲੋਕ ਭਾਂਪ ਲੈਂਦੇ ਹਨ ਕਿ ਉਸ ਦੇ ਕਥਿਤ ਸ਼ਿਕਾਰ ਕੋਲ ਕਿੰਨਾ ਕੁ ਕੈਸ਼ ਹੈ ਜਾਂ ਕਿੰਨੀ ਕੁ ਕੀਮਤੀ ਚੀਜ਼ ਹੈ?
ਸਰੀ ਆਰਸੀਐਮਪੀ ਰੌਬਰੀ ਯੂਨਿਟ ਦੇ ਸਾਰਜੈਂਟ ਰਿਆਨ ਫੋਰਬਜ਼ ਨੇ ਕਿਹਾ ਕਿ ਬੇਸ਼ੱਕ ਆਨਲਾਈਨ ਮਾਰਕੀਟ ਪਲੇਸ ਖਰੀਦਦਾਰਾਂ ਅਤੇ ਵੇਚਣ ਵਾਲਿਆਂ ਨੂੰ ਸਹੂਲਤ ਪ੍ਰਦਾਨ ਕਰਦਾ ਹੈ ਪਰ ਇਹ ਯਾਦ ਰੱਖਣਾ ਮਹੱਤਵਪੂਰਣ ਹੈ ਕਿ ਅਜਿਹੇ ਸੌਦੇ ਸਮੇਂ ਦੋ ਅਜਨਬੀ ਇਕ ਦੂਜੇ ਦੇ ਰੂਬਰੂ ਹੁੰਦੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਤੁਸੀਂ ਕਿਸੇ ਜਨਤਕ ਜਗ੍ਹਾ ‘ਤੇ ਮਿਲਦੇ ਹੋ ਫੇਰ ਵੀ ਅਣਜਾਣ ਲੋਕਾਂ ਨਾਲ ਮੁਲਾਕਾਤ ਤੁਹਾਨੂੰ ਜ਼ੋਖਮ ਵਿੱਚ ਪਾ ਸਕਦੀ ਹੈ।
ਇਸ ਐਪ ਰਾਹੀਂ ਚੀਜ਼ਾਂ ਖਰੀਦਣ ਜਾਂ ਵੇਚਣ ਦਾ ਪ੍ਰੋਗਰਾਮ ਬਣਾਉਣ ਵਾਲੇ ਲੋਕਾਂ ਨੂੰ ਸੁਚੇਤ ਕਰਦਿਆਂ ਰੌਬਰੀ ਯੂਨਿਟ ਵੱਲੋਂ ਕਿਹਾ ਗਿਆ ਹੈ ਕਿ ਅਜਿਹਾ ਸੌਦਾ ਦਿਨ ਦੇ ਸਮੇਂ ਕਿਸੇ ਪਬਲਿਕ ਮੀਟਿੰਗ ਵਾਲੀ ਥਾਂ ਤੇ ਕਰੋ, ਜਿਸ ਨੂੰ ਤੁਸੀਂ ਮਿਲਣਾ ਹੈ ਉਸ ਦਾ ਪੂਰਾ ਨਾਮ, ਸੈੱਲ ਫੋਨ ਨੰਬਰ ਅਤੇ ਪੂਰੀ ਜਾਣਕਾਰੀ ਹਾਸਲ ਕਰੋ, ਇਕਾਂਤ ਜਗ੍ਹਾ ਤੇ ਨਾ ਮਿਲੋ ਜਾਂ ਅਜਨਬੀਆਂ ਨੂੰ ਆਪਣੇ ਘਰ ਨਾ ਬੁਲਾਓ, ਮਹਿੰਗੀਆਂ ਚੀਜ਼ਾਂ ਖਰੀਦਣ ਜਾਂ ਵੇਚਣ ਵੇਲੇ ਖਾਸ ਧਿਆਨ ਰੱਖੋ, ਅਜਿਹਾ ਸੌਦਾ ਕਰਨ ਸਮੇਂ ਕਿਸੇ ਦੋਸਤ ਜਾਂ ਪਰਿਵਾਰਕ ਮੈਂਬਰ ਨੂੰ ਦੱਸੋ ਕਿ ਤੁਸੀਂ ਕਿੱਥੇ ਜਾ ਰਹੇ ਹੋ, ਆਪਣਾ ਸੈੱਲ ਫੋਨ ਅਤੇ ਕੋਈ ਦੋਸਤ ਆਪਣੇ ਨਾਲ ਲੈ ਕੇ ਜਾਓ।