ਸਰੀ, 7 ਜੂਨ 2020-ਵੈਨਕੂਵਰ ਦੇ ਜੈਕ ਪੂਲ ਪਲਾਜ਼ਾ ਵਿਖੇ ਬੀਤੀ ਸ਼ਾਮ ਇਕੱਤਰ ਹੋਏ 5 ਹਜ਼ਾਰ ਦੇ ਕਰੀਬ ਲੋਕਾਂ ਨੇ ਨਸਲਵਾਦ ਅਤੇ ਪੁਲਿਸ ਦੀ ਬੇਰਹਿਮੀ ਵਿਰੁੱਧ ਰੋਸ ਮੁਜ਼ਾਹਰਾ ਕੀਤਾ ਅਤੇ ਪ੍ਰਦਰਸ਼ਨਕਾਰੀਆਂ ਨੇ ਅਮਰੀਕਾ ਵਿਚ ਪੁਲਿਸ ਵੱਲੋਂ ਮਾਰੇ ਗਏ ਜਾਰਜ ਫਲੋਇਡ ਨੂੰ ਗੋਡੇ ਪਰਨੇ ਹੋ ਕੇ ਯਾਦ ਕੀਤਾ। ਇਸ ਸ਼ਾਂਤਮਈ ਮੁਜ਼ਾਹਰੇ ਵਿਚ ਜ਼ਿਆਦਾਤਰ ਲੋਕਾਂ ਨੇ ਸਾਵਧਾਨੀ ਵਜੋਂ ਮਾਸਕ ਪਹਿਨੇ ਹੋਏ ਸਨ ਅਤੇ ਬੁਲਾਰਿਆਂ ਵੱਲੋਂ ਵੀ ਲੋਕਾਂ ਨੂੰ ਘੱਟੋ ਘੱਟ ਦੋ ਮੀਟਰ ਦੀ ਦੂਰੀ ਤੇ ਰਹਿਣ ਦੀ ਅਪੀਲ ਵਾਰ ਵਾਰ ਕੀਤੀ ਗਈ।
ਇਸ ਪ੍ਰਦਰਸ਼ਨ ਦੇ ਮੁੱਖ ਬੁਲਾਰੇ ਜੈੱਕਬ ਕਾਲੇਂਡਰ ਪ੍ਰਸਾਦ ਨੇ ਕਿਹਾ ਕਿ ਨਸਲਵਾਦ ਨਾਲ ਨਜਿੱਠਣ ਲਈ ਸਾਂਝੇ ਤੌਰ ਤੇ ਕਿਰਿਆਸ਼ੀਲ ਹੋਣ ਦੀ ਲੋੜ ਹੈ ਕਿਉਂਕਿ ਅਸਲੀਅਤ ਇਹ ਹੈ ਕਿ ਇਹ ਨਸਲੀ ਵਿਤਕਰੇ ਪਹਿਲਾਂ ਹੀ ਤਿਆਰ ਕੀਤੀ ਰੂਪ ਰੇਖਾ ਤਹਿਤ ਕੀਤੇ ਜਾ ਰਹੇ ਹਨ। ਉਸ ਨੇ ਕਿਹਾ ਕਿ ਭਾਵੇਂ ਕਾਲੇ ਅਮਰੀਕੀਆਂ ਖਿਲਾਫ ਪੁਲਿਸ ਹਿੰਸਾ ਦੀਆਂ ਵੱਡੀਆਂ ਘਟਨਾਵਾਂ ਅਮਰੀਕਾ ਵਿਚ ਹੋਈਆਂ ਹਨ ਪਰ ਕੈਨੇਡੀਅਨਾਂ ਨੂੰ ਵੀ ਆਪਣੇ ਦੇਸ਼ ਵਿਚ ਵਾਪਰ ਰਹੇ ਨਸਲਵਾਦ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਉਸ ਨੇ ਉਮੀਦ ਜ਼ਾਹਰ ਕੀਤੀ ਕਿ ਇਹ ਪ੍ਰਦਰਸ਼ਨ ਨਸਲਵਾਦ ਦੇ ਮਸਲੇ ਨੂੰ ਹੱਲ ਕਰਨ ਲਈ ਲੋਕਾਂ ਵਿਚ ਇਹ ਜਾਗਰੂਕਤਾ ਪੈਦਾ ਕਰੇਗਾ ਕਿ ਉਹ ਆਪਣੀ ਰੋਜ਼ਾਨਾ ਜ਼ਿੰਦਗੀ ਵਿਚ ਇਸ ਦਾ ਮੁਕਾਬਲਾ ਕਿਵੇਂ ਕਰ ਸਕਦੇ ਹਨ?
ਵੈਨਕੂਵਰ ਪੁਲਿਸ ਦੀ ਕਾਂਸਟੇਬਲ ਤਾਨੀਆ ਵਿਸਿਨਟਿਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਸ ਵਿਰੋਧ ਪ੍ਰਦਰਸ਼ਨ ਵਿਚ 5,000 ਤੋਂ ਵੱਧ ਲੋਕਾਂ ਨੇ ਸ਼ਮੂਲੀਅਤ ਕੀਤੀ ਅਤੇ ਇਹ ਸਮੁੱਚੇ ਤੌਰ ‘ਤੇ ਸ਼ਾਂਤਮਈ ਰਿਹਾ।
ਇਸੇ ਦੌਰਾਨ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਟੋਰਾਂਟੋ,ਸੇਂਟ ਜੌਨਜ਼,ਕੈਲਗਰੀ,ਫੋਰਟ ਮੈਕਮਰੇ, ਲੰਡਨ ਅਤੇ ਗੌਲਫ ਵਿਚ ਵੀ ਅੱਜ ਨਸਲਪ੍ਰਸਤੀ ਵਿਰੁੱਧ ਰੋਸ ਮੁਜ਼ਾਹਰੇ ਕਰਨ ਦੀਆਂ ਖ਼ਬਰਾਂ ਹਨ।