ਸਰੀ, 6 ਜੂਨ 2020-ਸਰੀ ਦੇ ਗਰੇਡ 12 ਵਿਚ ਪੜ੍ਹਦੇ ਵਿਦਿਆਰਥੀ ਹਰਜੋਤ ਬੱਲ ਨੇ ਟੀਡੀ ਬੈਂਕ ਵੱਲੋਂ ਕਮਿਊਨਿਟੀ ਲੀਡਰਸ਼ਿਪ ਲਈ ਸਾਲ 2020 ਟੀਡੀ ਸਕਾਲਰਸ਼ਿਪ ਹਾਸਲ ਕਰ ਕੇ ਸਿਰਫ ਆਪਣਾ ਹੀ ਨਹੀਂ ਸਗੋਂ ਸਮੁੱਚੇ ਪੰਜਾਬੀ ਭਾਈਚਾਰੇ ਦਾ ਮਾਣ ਵਧਾਇਆ ਹੈ। ਇਹ ਸਮਾਲਰਸ਼ਿਕ ਟੀਡੀ ਬੈਂਕ ਵੱਲੋਂ ਕਮਿਊਨਿਟੀ ਵਿਚ ਸ਼ਾਨਦਾਰ ਯੋਗਦਾਨ ਪਾਉਣ ਵਾਲੇ ਨੌਜਵਾਨ ਨੂੰ ਦਿੱਤੀ ਜਾਂਦੀ ਹੈ ਜਿਸ ਤਹਿਤ ਹਰਜੋਤ ਬੱਲ ਨੂੰ 70,000 ਹਜਾਰ ਡਾਲਰ ਮਿਲਣਗੇ। ਇਸ ਐਵਾਰਡ ਵਿਚ ਸਾਲਾਨਾ 10,000 ਡਾਲਰ ਟਿਊਸ਼ਨ ਫੀਸ ਅਤੇ ਹਰ ਸਾਲ 7,500 ਡਾਲਰ ਰਹਿਣ-ਸਹਿਣ ਦੇ ਖਰਚੇ ਸ਼ਾਮਲ ਹਨ ਜੋ ਚਾਰ ਸਾਲ ਮਿਲਦੇ ਰਹਿਣਗੇ।
ਟਮੈਨਵਿਸ ਸੈਕੰਡਰੀ ਸਕੂਲ ਸਰੀ ਦੇ ਵਿਦਿਆਰਥੀ ਹਰਜੋਤ ਬੱਲ ਨੂੰ ਇਹ ਐਵਾਰਡ, ਨਸਲੀ ਘੱਟ ਗਿਣਤੀਆਂ ਦੀ ਸਹਾਇਤਾ ਲਈ ਸਥਾਪਿਤ ਕੀਤੀ “ਵਨ ਬਲੱਡ ਫਾਰ ਲਾਈਫ ਫਾਊਂਡੇਸ਼ਨ” ਸਦਕਾ ਪ੍ਰਾਪਤ ਹੋਇਆ ਹੈ। ਇਹ ਫਾਊਂਡੇਸ਼ਨ ਹੈਲਥ ਐਮਰਜੈਂਸੀ ਵਿੱਚ ਖੂਨ ਅਤੇ ਸਟੈਮ ਸੈੱਲ ਦਾ ਦਾਨ ਲੱਭਣ ਲਈ ਸੰਘਰਸ਼ ਕਰ ਰਹੇ ਘੱਟ ਗਿਣਤੀ ਲੋਕਾਂ ਦੀ ਬੇਹੱਦ ਮਦਦਗਾਰ ਸਾਬਤ ਹੋ ਰਹੀ ਹੈ।
ਜ਼ਿਕਰਯੋਗ ਹੈ ਕਿ ਹਰਜੋਤ ਬੱਲ ਨੇ ਇਸ ਫਾਊਂਡੇਸ਼ਨ ਰਾਹੀਂ ਸੈਂਕੜੇ ਨੌਜਵਾਨਾਂ ਨੂੰ ਉਮਰ ਭਰ ਖੂਨਦਾਨ ਕਰਨ ਲਈ ਉਤਸ਼ਾਹਤ ਕੀਤਾ ਹੈ ਅਤੇ 440 ਵਲੰਟੀਅਰਾਂ ਦਾ ਨੈੱਟਵਰਕ ਬਣਾਉਣ ਵਿਚ ਮਦਦ ਕੀਤੀ ਹੈ। ਇਸ ਦੇ ਨਤੀਜੇ ਵਜੋਂ ਫਾਊਂਡੇਸ਼ਨ ਕੋਲ ਖੂਨਦਾਨ ਲਈ 3,550 ਅਤੇ ਨਵੇਂ ਤੇ ਨਸਲੀ ਸਟੈਮ ਸੈੱਲ ਲਈ 1,540 ਰਜਿਸਟ੍ਰੇਸ਼ਨਾਂ ਹੋ ਚੁੱਕੀਆਂ ਹਨ।
ਵਰਨਣਯੋਗ ਇਹ ਵੀ ਹੈ ਕਿ ਹਰਜੋਤ ਬੱਲ ਨੂੰ 2018 ਵਿੱਚ, 15 ਸਾਲ ਦੀ ਉਮਰ ਵਿੱਚ ਸਰੀ ਦੇ ‘ਟੌਪ 25 ਅੰਡਰ 25,’ ਵਿੱਚ ਚੁਣੇ ਜਾਣ ਦਾ ਵੀ ਫ਼ਖ਼ਰ ਹਾਸਲ ਹੈ। ਇਸ ਸਮੇਂ ਉਹ “ਵਨ ਬਲੱਡ ਫਾਰ ਲਾਈਫ ਫਾਊਂਡੇਸ਼ਨ” ਦਾ ਸੀਈਓ ਹੈ ਅਤੇ ਇਕ ਹੋਰ ਗੈਰ-ਮੁਨਾਫਾ ਪ੍ਰੋਜੈਕਟ “ਬਲੂ ਹੈਂਡਜ਼ ਸੁਸਾਇਟੀ” ਦਾ ਯੂਥ ਪ੍ਰੋਗਰਾਮ ਲੀਡਰ ਵੀ ਹੈ।