ਬਠਿੰਡਾ, 15 ਸਤੰਬਰ 2023: ਭਿਖਾਰੀਆਂ ਦੇ ਝੁੰਡਾਂ ਵੱਲੋਂ ਸ਼ਹਿਰ ਵਿੱਚ ਭੀਖ ਮੰਗਣ ਅਤੇ ਇਸ ਦੌਰਾਨ ਮਹੌਲ ਖ਼ਰਾਬ ਕਰਨ ਕਾਰਨ ਵੱਡੇ ਲੀਡਰਾਂ ਦੀ ਸਿਆਸੀ ਰਾਜਧਾਨੀ ਬਠਿੰਡਾ ਨੂੰ ਨਜ਼ਰ ਲੱਗ ਗਈ ਹੈ। ਮਹਾਂਨਗਰ ’ਚ ਬਣੀਆਂ ਕਲੋਨੀਆਂ ਅਤੇ ਪਿੰਡਾਂ ਦੇ ਲੋਕਾਂ ਵੱਲੋਂ ਆਪਣੇ ਰੈਣ ਬਸੇਰੇ ਬਨਾਉਣ ਕਾਰਨ ਵਧੀ ਬਠਿੰਡਾ ਦੀ ਅਬਾਦੀ ਸਦਕਾ ਇੱਥੇ ਭਿਖਾਰੀਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ।ਮਾਮਲੇ ਦਾ ਗੰਭੀਰ ਪਹਿਲੂ ਇਹ ਵੀ ਹੈ ਕਿ ਸ਼ਹਿਰ ਦੇ ਗਲੀ ਮੁਹੱਲਿਆਂ ਵਿੱਚ ਹੱਟੇ ਕਟੇ ਲੋਕ ਵੀ ਭੀਖ ਮੰਗਦੇ ਦਿਖਾਈ ਦਿੰਦੇ ਹਨ ਜਦੋਂ ਕਿ ਵੱਖ ਵੱਖ ਚੌਕਾਂ ‘ਚ ਕਾਰਾਂ ਦੇ ਸ਼ੀਸ਼ੇ ਸਾਫ ਕਰਨ ਦੀ ਆੜ ਵਿੱਚ ਬੱਚਿਆਂ ਵੱਲੋਂ ਭੀਖ ਮੰਗੀ ਜਾ ਰਹੀ ਹੈ।
ਇਸ ਦੌਰਾਨ ਕਾਰਾਂ ਵਿੱਚੋਂ ਕੀਮਤੀ ਸਾਮਾਨ ਆਦਿ ਚੋਰੀ ਹੋਣ ਦੇ ਮਾਮਲੇ ਸਾਹਮਣੇ ਆਏ ਹਨ ਫਿਰ ਵੀ ਪ੍ਰਸ਼ਾਸਨ ਵੱਲੋਂ ਇਨ੍ਹਾਂ ਤੇ ਰੋਕ ਨਹੀਂ ਲਾਈ ਜਾ ਸਕੀ ਹੈ।ਬਠਿੰਡਾ ਦੇ ਹਨੂੰਮਾਨ ਚੌਕ ਵਿੱਚ ਇੱਕ ਕਾਰ ਵਿੱਚੋਂ ਇੱਕ ਬੈਗ ਚੋਰੀ ਹੋ ਗਿਆ ਸੀ ਜਿਸ ਵਿੱਚ ਕਾਫੀ ਕੀਮਤੀ ਸਮਾਨ ਅਤੇ ਨਕਦੀ ਸੀ। ਛੋਟੇ ਛੋਟੇ ਬੱਚਿਆਂ ਵੱਲੋਂ ਵਿਆਹ ਸ਼ਾਦੀਆਂ ‘ਚ ਮੰਗਣ ਜਾਣ ਦੌਰਾਨ ਵੀ ਕੀਮਤੀ ਗਹਿਣੇ ਚੋਰੀ ਹੋਣ ਦੇ ਮਾਮਲੇ ਵੀ ਸਾਹਮਣੇ ਆਏ ਸਨ। ਮੁਹਾਲੀ ਇਲਾਕੇ ਵਿੱਚ ਤਾਂ ਵਿਆਹ ਸ਼ਾਦੀਆਂ ਚੋਂ ਚੋਰੀਆਂ ਚਕਾਰੀਆਂ ਕਰਨ ਵਾਲਾ ਦਾਦੀ ਗਿਰੋਹ ਚਰਚਾ ਦਾ ਵਿਸ਼ਾ ਬਣਿਆ ਸੀ ਜਿਸ ਵਿੱਚ ਉਹਨਾਂ ਦੀ ਅਗਵਾਈ ਕਰਨ ਵਾਲਿਆਂ ਨੂੰ ਛੱਡ ਕੇ ਜਿਆਦਾਤਰ ਬੱਚੇ ਸ਼ਾਮਿਲ ਸਨ। ਬਠਿੰਡਾ ਵਿੱਚ ਤਾਂ ਕਈ ਵਾਰ ਸ਼ਰਾਬ ਵਿੱਚ ਹੋਏ ਭਿਖਾਰੀਆਂ ਨੂੰ ਆਪਸ ਵਿੱਚ ਲੜਾਈ ਝਗੜਾ ਕਰਦੇ ਵੀ ਦੇਖਿਆ ਜਾ ਸਕਦਾ ਹੈ ਜੋ ਕਿ ਅਮਨ ਕਾਨੂੰਨ ਲਈ ਖਤਰਾ ਹੈ।
ਮੰਨਿਆ ਜਾਂਦਾ ਹੈ ਕਿ ਇਸ ਵਰਤਾਰੇ ਨੂੰ ਰੋਕਣ ਲਈ ਬੈਗਰਜ਼ ਐਕਟ ਲਾਗੂ ਨਾ ਹੋਣਾ ਵੀ ਭੀਖ ਮੰਗਣ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਹੋਣ ਲਈ ਜ਼ਿੰਮੇਵਾਰ ਹੈ।ਰਹਿਮਦਿਲੀ ਅਤੇ ਤਰਸ ਕਰਕੇ ਲੋਕਾਂ ਵੱਲੋਂ ਇਨ੍ਹਾਂ ਨੂੰ ਪੈਸੇ ਦੇਣ ਕਾਰਨ ਮੁਫ਼ਤੋ ਮੁਫ਼ਤੀ ਮੇਲਾ ਲੁੱਟਣ ਦਾ ਰੁਝਾਨ ਬਣਨਾ ਵੀ ਮੰਗਤਿਆਂ ਵਿੱਚ ਵਾਧੇ ਲਈ ਕਸੂਰਵਾਰ ਹੈ। ਮਾਲ ਰੋਡ ਦੇ ਇੱਕ ਦੁਕਾਨਦਾਰ ਨੇ ਦੱਸਿਆ ਕਿ ਕਈ ਮੰਗਣ ਵਾਲੇ ਤਾਂ ਸ਼ਰਾਬ ਪੀ ਕੇ ਹੁੱਲੜਬਾਜੀ ਕਰਦੇ ਦੇਖੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਹੀ ਨਹੀਂ ਕਿ ਪੁਲਿਸ ਨੇ ਇਹਨਾਂ ਤੇ ‘ਖਰਖਰਾ’ ਨਹੀਂ ਫੇਰਦੀ ਫਿਰ ਵੀ ਮੁਫਤ ਦੀ ਮਾਇਆ ਕਾਰਨ ਇਹਨਾਂ ਦੀ ਖੜਮਸਤੀ ਘਟਣ ਦਾ ਨਾਮ ਨਹੀਂ ਲੈ ਰਹੀ ਹੈ। ਉਹਨਾਂ ਦੱਸਿਆ ਕਿ ਕਈ ਭੀਖ ਮੰਗਣ ਵਾਲੇ ਤਾਂ ਚੰਗੇ ਹੱਟੇ ਕੱਟੇ ਹੁੰਦੇ ਹਨ ਪਰ ਕੰਮ ਕਰਨ ਦੀ ਥਾਂ ਉਹਨਾਂ ਨੇ ਮੰਗ ਕੇ ਖਾਣ ਨੂੰ ਹੀ ਧੰਦਾ ਬਣਾਇਆ ਹੋਇਆ ਹੈ।
ਬਠਿੰਡਾ ਦੇ ਵੱਖ-ਵੱਖ ਵਰਗਾਂ ਨਾਲ ਸਬੰਧਿਤ ਲੋਕਾਂ ਨੇ ਦੱਸਿਆ ਕਿ ਉਹ ਮੰਗਤਿਆਂ ਤੋਂ ਬਹੁਤ ਦੁਖੀ ਹਨ ਪਰ ਪ੍ਰਸ਼ਾਸ਼ਨ ਕੁੱਝ ਵੀ ਨਹੀਂ ਕਰ ਰਿਹਾ ਹੈ । ਸ਼ਹਿਰ ਦੇ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਵੱਖ-ਵੱਖ ਧਾਰਮਿਕ ਸਥਾਨਾਂ ’ਦੇ ਨੇੇੜੇ-ਤੇੜੇ ਦਰਜਨਾਂ ਦੀ ਗਿਣਤੀ ਵਿੱਚ ਪੱਕੇ ਅਤੇ ਚੱਲਦੇ ਫਿਰਦੇ ਮੰਗਤਿਆਂ ਨੇ ਆਪਣਾ ਨੈਟਵਰਕ ਚਲਾਇਆ ਹੋਇਆ ਹੈ। ਪਤਾ ਲੱਗਾ ਹੈ ਕਿ ਕੁੱਝ ਦਬੰਗ ਕਿਸਮ ਦੇ ਭਿਖਾਰੀਆਂ ਨੇ ਇਲਾਕਿਆਂ ਦੀ ਵੰਡ ਕਰ ਰੱਖੀ ਹੈ ਜਿੱਥੇ ਕੋਈ ਇੱਕ ਦੂਸਰੇ ਦੇ ਖੇਤਰ ’ਚ ਦਖਲ ਨਹੀਂ ਦਿੰਦਾ। ਦਿਲਚਸਪ ਪਹਿਲੂ ਇਹ ਵੀ ਹੈ ਕਿ ਕਮਾਈ ਵਾਲੇ ਅੱਡਿਆਂ ਤੇ ਕਬਜੇ ਦੀ ਦੌੜ ’ਚ ਮੰਗਤੇ ਇੱਕ ਦੂਜੇ ਨਾਲ ਲੜਾਈ ਝਗੜੇ ਵੀ ਕਰ ਲੈਂਦੇ ਹਨ ਪਰ ਪੁਲਿਸ ਕੋਲ ਝਗੜਿਆਂ ਬਾਰੇ ਕੋਈ ਭਾਫ ਵੀ ਨਹੀਂ ਕੱਢਦਾ ਹੈ।ਬਠਿੰਡਾ ਦੇ ਰੇਲ ਜੰਕਸ਼ਨ ਤੋਂ ਗੁਜਰਨ ਵਾਲੀਆਂ ਰੇਲ ਗੱਡੀਆਂ ’ਚ ਦਰਜ਼ਨਾਂ ਮੰਗਤੇ ਭੀਖ ਮੰਗਦੇ ਹਨ।