ਦੋਸ਼ੀ ਨੇ ਫਰਾਰ ਹੋਣ ਸਮੇਂ ਗੋਲਡੀ ਬਰਾੜ ਤੋਂ ਗੂਗਲ ਪੇਅ ਐਪ ਰਾਹੀਂ ਪ੍ਰਾਪਤ ਕੀਤੇ ਸਨ ਪੈਸੇ
ਚੰਡੀਗੜ – ਪੰਜਾਬ ਪੁਲਿਸ ਨੇ ਹਿਮਾਚਲ ਪੁਲਿਸ ਨਾਲ ਸਾਂਝੀ ਕਾਰਵਾਈ ਤਹਿਤ ਜੇਲ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕਰੀਬੀ ਨੂੰ ਗਿ੍ਰਫਤਾਰ ਕੀਤਾ, ਜਿਸਨੇ ਲਾਰੈਂਸ ਬਿਸ਼ਨੋਈ ਅਤੇ ਕਨੇਡਾ ਅਧਾਰਤ ਗੋਲਡੀ ਬਰਾੜ ਦੇ ਇਸ਼ਾਰੇ ’ਤੇ ਯੂਥ ਕਾਂਗਰਸ ਨੇਤਾ ਗੁਰਲਾਲ ਸਿੰਘ ਭਲਵਾਨ ਦੇ ਕਤਲ ਦੀ ਯੋਜਨਾ ਬਣਾਉਣ, ਕਤਲ ਨੂੰ ਅੰਜਾਮ ਦੇਣ ਅਤੇ ਕਾਤਲਾਂ ਨੂੰ ਪਨਾਹ ਦੇਣ ਵਿੱਚ ਮੁੱਖ ਭੂਮਿਕਾ ਨਿਭਾਈ ਸੀ।ਗਿ੍ਰਫਤਾਰ ਕੀਤੇ ਦੋਸ਼ੀ ਦੀ ਪਛਾਣ ਗਗਨਦੀਪ ਸਿੰਘ ਉਰਫ ਪੱਡਾ ਉਰਫ ਗਗਨ ਬਰਾੜ,ਉਰਫ ਲਾਭ ਸਿੰਘ ਲੱਭੂ, ਉਰਫ ਗੋਗੀ ਪੁੱਤਰ ਗੁਰਮੀਤ ਸਿੰਘ ਵਾਸੀ ਪੰਜਗਰਾਈ ਕਲਾਂ, ਕੋਟਕਪੂਰਾ, ਫਰੀਦਕੋਟ ਵਜੋਂ ਹੋਈ ਹੈ।ਡੀ.ਜੀ.ਪੀ. ਪੰਜਾਬ ਦਿਨਕਰ ਗੁਪਤਾ ਨੇ ਆਪਣੇ ਪ੍ਰੈਸ ਬਿਆਨ ਰਾਹੀਂ ਕਿਹਾ ਕਿ ਗੋਲਡੀ ਬਰਾੜ ਨੇ ਗੈਂਗਸਟਰ ਬਿਸ਼ਨੋਈ ਦੀ ਮਦਦ ਨਾਲ ਉਸਦੇ ਭਰਾ(ਕਜ਼ਨ) ਗੁਰਲਾਲ ਬਰਾੜ ਦੇ ਕਤਲ ਦਾ ਬਦਲਾ ਲੈਣ ਲਈ ਇਸ ਅਪਰਾਧ ਨੂੰ ਅੰਜਾਮ ਦਿੱਤਾ ਸੀ।ਕਤਲ ਤੋਂ ਕੁਝ ਘੰਟਿਆਂ ਬਾਅਦ ਗੈਂਗਸਟਰ ਲਾਰੈਂਸ ਬਿਸ਼ਨੋਈ, ਜੋ ਇਸ ਸਮੇਂ ਰਾਜਸਥਾਨ ਦੀ ਅਜਮੇਰ ਜੇਲ ਵਿੱਚ ਬੰਦ ਹੈ, ਦੇ ਫੇਸਬੁੱਕ ਪੇਜ ਉੱਤੇ ਇੱਕ ਪੋਸਟ ਪਾਈ ਗਈ ਜਿਸ ਦੇ ਅਧਾਰ ਤੇ ਇਸ ਅਪਰਾਧ ਨੂੰ ਬਿਸ਼ਨੋਈ ਦੇ ਸਹਾਇਕ ਗੁਰਲਾਲ ਬਰਾੜ ਦੀ ਮੌਤ ਨਾਲ ਜੋੜਿਆ ਜਾ ਰਿਹਾ ਹੈ।21 ਫਰਵਰੀ ਨੂੰ ਦਿੱਲੀ ਪੁਲਿਸ ਨੇ ਇਸ ਕਤਲ ਵਿੱਚ ਸ਼ਾਮਲ 3 ਵਿਅਕਤੀਆਂ ਗੁਰਵਿੰਦਰ ਪਾਲ ਉਰਫ ਗੋਰਾ, ਸੁਖਵਿੰਦਰ ਢਿੱਲੋਂ ਅਤੇ ਸੌਰਭ ਵਰਮਾ ਨੂੰ ਗਿ੍ਰਫਤਾਰ ਕੀਤਾ ਸੀ ਅਤੇ ਅਗਲੇ ਹੀ ਦਿਨ ਪੰਜਾਬ ਪੁਲਿਸ ਨੇ ਉਹਨਾਂ ਨੂੰ ਹਥਿਆਰ ਮੁਹੱਈਆ ਕਰਾਉਣ ਦੇ ਮਾਮਲੇ ਵਿੱਚ ਘਣੀਆ ਵਾਲਾ ਪਿੰਡ ਦੇ ਰਹਿਣ ਵਾਲੇ ਗੁਰਪਿੰਦਰ ਸਿੰਘ ਨੂੰ ਗਿ੍ਰਫਤਾਰ ਕੀਤਾ ਸੀ।ਜਾਂਚ ਵਿੱਚ ਪਤਾ ਲੱਗਿਆ ਕਿ ਗੁਰਵਿੰਦਰ ਪਾਲ ਉਰਫ ਗੋਰਾ ਖਰੜ ਵਿਖੇ ਗਗਨ ਬਰਾੜ ਨਾਲ ਕਿਰਾਏ ਦੇ ਇੱਕ ਸਾਂਝੇ ਫਲੈਟ ਵਿੱਚ ਰਹਿੰਦਾ ਸੀ ਅਤੇ ਖਰੜ ਵਿਖੇ ਗਗਨ ਬਰਾੜ ਦੇ ਇਸ ਮਕਾਨ ਵਿੱਚ ਹੀ ਸਾਜਿਸ਼ ਰਚੀ ਗਈ ਸੀ। ਗੋਲਡੀ ਬਰਾੜ ਦਾ ਕਰੀਬੀ ਸਾਥੀ ਹੋਣ ਕਰਕੇ ਗਗਨ ਦਿੱਲੀ ਸਪੈਸ਼ਲ ਸੈੱਲ ਅਤੇ ਫਰੀਦਕੋਟ ਪੁਲਿਸ ਇਸ ਕਤਲ ਮਾਮਲੇ ਵਿੱਚ ਲੋੜੀਂਦਾ ਸੀ ।ਦਿੱਲੀ ਪੁਲਿਸ ਨੇ ਉਸ ਦੇ ਖਰੜ ਦੀ ਕਿਰਾਏ ਵਾਲੀ ਰਿਹਾਇਸ਼ ’ਤੇ ਵੀ ਛਾਪਾ ਮਾਰਿਆ ਪਰ ਗਗਨ ਨੇ ਆਪਣੇ ਸਾਰੇ ਸੰਚਾਰ ਚੈਨਲਾਂ ਨੂੰ ਠੱਪ ਕਰ ਦਿੱਤਾ ਸੀ ਅਤੇ ਛਾਪੇਮਾਰੀ ਤੋਂ ਪਹਿਲਾਂ ਹੀ ਉਹ ਪੁਲਸ ਨੂੰ ਚਕਮਾਂ ਦੇ ਕੇ ਫਰਾਰ ਹੋ ਗਿਆ ਕਿਉਂਕਿ ਉਸਨੂੰ ਦਿੱਲੀ ਪੁਲਿਸ ਵਲੋਂ ਉਨਾਂ ਦੀ ਗਿ੍ਰਫਤਾਰੀ ਦੀ ਭਿਣਕ ਲੱਗ ਗਈ ਸੀ।ਡੀਜੀਪੀ ਗੁਪਤਾ ਨੇ ਦੱਸਿਆ ਕਿ ਵਿਸੇਸ ਸੂਹਾਂ ਦੇ ਅਧਾਰ ‘ਤੇ ਪੰਜਾਬ ਪੁਲਿਸ ਦੀਆਂ ਸੰਗਠਿਤ ਕ੍ਰਾਈਮ ਕੰਟਰੋਲ ਯੂਨਿਟ (ਓ.ਸੀ.ਸੀ.ਯੂ) ਅਤੇ ਕਾਊਂਟਰ ਇੰਟੈਲੀਜੈਂਸ ਯੂਨਿਟਾਂ ਦੀਆਂ ਟੀਮਾਂ ਨੂੰ ਵਧੀਕ ਡੀ.ਜੀ.ਪੀ. (ਏ.ਡੀ.ਜੀ.ਪੀ.) ਅੰਦਰੂਨੀ ਸੁਰੱਖਿਆ ਆਰ.ਐਨ. ਢੋਕੇ ਦੀ ਨਿਗਰਾਨੀ ਹੇਠ ਮੁਲਜਮ ਨੂੰ ਗਿ੍ਰਫਤਾਰ ਕਰਨ ਦਾ ਕੰਮ ਸੌਂਪਿਆ ਗਿਆ। ਇਨਾਂ ਟੀਮਾਂ ਨੇ ਹਿਮਾਚਲ ਪ੍ਰਦੇਸ ਦੇ ਕਾਸੋਲ ਵਿੱਚ ਮੁਲਜਮ ਦੇ ਟਿਕਾਣਿਆਂ ਦਾ ਪਤਾ ਲਗਾਇਆ ਅਤੇ ਹਿਮਾਚਲ ਪੁਲਿਸ ਨਾਲ ਸਾਂਝੇ ਆਪ੍ਰੇਸਨ ਦੌਰਾਨ ਗੈਂਗਸਟਰ ਗਗਨ ਬਰਾੜ ਨੂੰ ਕਾਬੂ ਕੀਤਾ।ਆਪਣੀ ਮੁੱਢਲੀ ਪੁੱਛਗਿੱਛ ਦੌਰਾਨ ਗਗਨ ਬਰਾੜ ਨੇ ਖੁਲਾਸਾ ਕੀਤਾ ਕਿ ਉਹ ਚੰਡੀਗੜ ਦੇ ਨਾਈਟ ਕਲੱਬਾਂ ਵਿੱਚ ਬਾਊਂਸਰ ਵਜੋਂ ਕੰਮ ਕਰ ਰਿਹਾ ਸੀ ਅਤੇ ਪਿਛਲੇ 4-5 ਸਾਲਾਂ ਤੋਂ ਗੋਰਾ ਅਤੇ ਗੁਰਲਾਲ ਬਰਾੜ ਦਾ ਦੋਸਤ ਸੀ। ਉਸ ਨੂੰ ਗੁਰਲਾਲ ਬਰਾੜ ਦੇ ਹਵਾਲੇ ਨਾਲ ਬਾਊਂਸਰ ਦੀ ਨੌਕਰੀ ਮਿਲੀ ਸੀ।ਡੀਜੀਪੀ ਨੇ ਅੱਗੇ ਦੱਸਿਆ ਕਿ ਗੋਰੇ ਨੇ ਉਸ ਨੂੰ ਗੋਲਡੀ ਬਰਾੜ ਨਾਲ ਮਿਲਾਇਆ ਸੀ । ਇਸ ਤੋਂ ਇਲਾਵਾ ਦੋ ਵਿਅਕਤੀਆਂ ਰਾਜਨ ਪਾਂਡੇ ਉਰਫ ਵਿਸ਼ਾਲ ਅਤੇ ਛੋਟੂ ਜੋ ਕਿ ਹਰਿਆਣਾ ਦੇ ਰਹਿਣ ਵਾਲੇ ਜਾਪਦੇ ਹਨ, ਕਰੀਬ 20 ਦਿਨ ਉਨਾਂ ਦੇ ਕਮਰੇ ਵਿੱਚ ਰਹੇ ਅਤੇ ਕਤਲ ਤੋਂ ਦੋ ਦਿਨ ਪਹਿਲਾਂ ਹੀ ਗੋਰੇ ਦਾ ਕਮਰਾ ਛੱਡ ਕੇ ਚਲੇ ਗਏ।ਗੋਲਡੀ ਬਰਾੜ ਦੇ ਨਿਰਦੇਸਾਂ ‘ਤੇ, ਕਤਲ ਤੋਂ ਇਕ ਦਿਨ ਪਹਿਲਾਂ ਗਗਨ ਨੇ ਖਰੜ ਦੇ ਫਰਸਟ ਬਾਈਟ ਪੀਜਾ ਨੇੜੇ ਇਕ ਅਣਪਛਾਤੇ ਵਿਅਕਤੀ ਨੂੰ ਇਕ ਹਥਿਆਰਾਂ ਅਤੇ ਗੋਲੀ-ਸਿੱਕੇ ਨਾਲ ਭਰਿਆ ਬੈਗ ਫੜਾਇਆ ਸੀ । ਇਹ ਬੈਗ ਗੋਰੇ ਨੇੇ ਲਿਆਂਦਾ ਸੀ ਅਤੇ ਆਪਣੇ ਕਮਰੇ ਦੀ ਅਲਮਾਰੀ ਵਿੱਚ ਰੱਖਿਆ ਹੋਇਆ ਸੀ।ਜਦੋਂ ਦਿੱਲੀ ਪੁਲਿਸ ਨੇ ਉਸਦੇ ਕਿਰਾਏ ਦੇ ਮਕਾਨ ‘ਤੇ ਛਾਪਾ ਮਾਰਿਆ ਤਾਂ ਉਸਨੇ ਅਗਲੇ ਦੋ ਦਿਨਾਂ ਲਈ ਖਰੜ ਵਿਖੇ ਇੱਕ ਦੋਸਤ ਦੇ ਫਲੈਟ ਵਿੱਚ ਪਨਾਹ ਲਈ ਅਤੇ ਫਿਰ ਹਰਿਮੰਦਰ ਸਾਹਿਬ ਅੰਮਿ੍ਰਤਸਰ ਚਲਾ ਗਿਆ। ਉੱਥੋਂ ਉਹ ਮਕਲੌਡ ਗੰਜ ਚਲਾ ਗਿਆ ਅਤੇ ਫਿਰ ਹਿਮਾਚਲ ਪ੍ਰਦੇਸ ਦੇ ਕਾਸੋਲ ਪਹੁੰਚ ਗਿਆ।ਫਰਾਰ ਹੋਣ ਸਮੇਂ ਗਗਨ ਬਰਾੜ ਕਈ ਓਟੀਟੀ ਐਪਸ ਜਰੀਏ ਗੋਲਡੀ ਬਰਾੜ ਦੇ ਸੰਪਰਕ ਵਿੱਚ ਰਿਹਾ ਅਤੇ ਗੋਲਡੀ ਬਰਾੜ ਨੇ ਉਸ ਨੂੰ ਗੁਜਾਰੇ ਲਈ ਗੂਗਲ ਪੇਅ ਰਾਹੀਂ ਪੈਸੇ ਭੇਜੇ।ਦੋਸ਼ੀ ਉੱਤੇ ਮੁਕੱਦਮਾ ਨੰਬਰ 44 ਮਿਤੀ 18/2/2021 ਨੂੰ ਆਈਪੀਸੀ ਦੀ ਧਾਰਾ 302, 120-ਬੀ, 34 ਅਤੇ ਅਸਲਾ ਐਕਟ ਦੀ ਧਾਰਾ 25 ਅਧੀਨ ਥਾਣਾ ਸਿਟੀ ਫਰੀਦਕੋਟ ਵਿਖੇ ਮਾਮਲਾ ਦਰਜ ਕਰਕੇ ਗਿ੍ਰਫਤਾਰ ਕੀਤਾ ਗਿਆ ਹੈ। ਪੁਲਿਸ ਟੀਮ ਨੇ ਉਸਨੂੰ ਮੈਜਿਸਟਰੇਟ ਸਾਹਮਣੇ ਪੇਸ਼ ਕੀਤਾ ਅਤੇ ਅਗਲੇਰੀ ਜਾਂਚ ਲਈ ਉਸਨੂੰ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ।