ਜੈਪੁਰ – ਕੇਂਦਰ ਦੀਆਂ ਆਰਥਿਕ ਨੀਤੀਆਂ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸੇਧਦਿਆਂ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਅੱਜ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਸੂਬਿਆਂ ਨੂੰ ਆਰਥਿਕ ਤੌਰ ’ਤੇ ਕਮਜ਼ੋਰ ਬਣਾ ਰਹੀ ਹੈ। ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਜਿਨ੍ਹਾਂ ਨੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਇਕ ਪੱਤਰ ਲਿਖ ਕੇ ਲੋਕਤੰਤਰ ਤੇ ਸੰਵਿਧਾਨ ’ਤੇ ਹੋ ਰਹੇ ਕਥਿਤ ਹਮਲਿਆਂ ’ਤੇ ਚਿੰਤਾ ਜ਼ਾਹਿਰ ਕੀਤੀ ਸੀ, ਦੀ ਹਮਾਇਤ ਕਰਦਿਆਂ ਸ੍ਰੀ ਗਹਿਲੋਤ ਨੇ ਕਿਹਾ ਕਿ ਉਹ ਵੀ ਕੇਂਦਰ ਵੱਲੋਂ ਰਾਜਾਂ ਨਾਲ ਕੀਤੇ ਜਾਂਦੇ ਮਤਰੇਈ ਮਾਂ ਵਾਲੇ ਸਲੂਕ ਦਾ ਮੁੱਦਾ ਵਿਧਾਨ ਸਭਾ ਵਿੱਚ ਉਠਾ ਚੁੱਕੇ ਹਨ। ਉਨ੍ਹਾਂ ਟਵੀਟ ਕੀਤਾ, ‘‘ਇਕ ਪਾਸੇ ਤਾਂ ਪ੍ਰਧਾਨ ਮੰਤਰੀ ਸਹਿਕਾਰੀ ਸੰਘਵਾਦ ਦੀ ਗੱਲ ਕਰਦੇ ਹਨ ਅਤੇ ਦੂਜੇ ਪਾਸੇ ਸੂਬਿਆਂ ਨੂੰ ਆਰਥਿਕ ਤੌਰ ’ਤੇ ਕਮਜ਼ੋਰ ਕੀਤਾ ਜਾ ਰਿਹਾ ਹੈ।’’ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਡੀਜ਼ਲ ਤੇ ਪੈਟਰੋਲ ’ਤੇ ਸੈੱਸ ਲਗਾ ਦਿੱਤਾ, ਮੁੱਢਲਾ ਆਬਕਾਰੀ ਕਰ ਲਗਾਤਾਰ ਘਟਾਇਆ ਜਾ ਰਿਹਾ ਹੈ ਅਤੇ ਵਿਸ਼ੇਸ਼ ਆਬਕਾਰੀ ਕਰ ਤੇ ਵਾਧੂ ਆਬਕਾਰੀ ਕਰ ਵਧਾਇਆ ਜਾ ਰਿਹਾ ਹੈ। ਇਸ ਵਾਸਤੇ ਵੰਡ (ਡਿਵੀਜ਼ੀਬਲ ਪੂਲ) ਵਿੱਚ ਰਾਜਾਂ ਦਾ ਹਿੱਸਾ ਘੱਟ ਜਾਂਦਾ ਹੈ।ਸ੍ਰੀ ਗਹਿਲੋਤ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕੇਂਦਰੀ ਸਪਾਂਸਰਡ ਸਕੀਮਾਂ ਵਿੱਚ ਰਾਜਾਂ ਦਾ ਹਿੱਸਾ ਵਧਾ ਦਿੱਤਾ ਹੈ ਅਤੇ ਕੇਂਦਰ ਦਾ ਹਿੱਸਾ ਘਟਾ ਦਿੱਤਾ ਹੈ ਜਿਸ ਦਾ ਰਾਜਾਂ ਦੇ ਮਾਲੀਏ ’ਤੇ ਕਾਫੀ ਮਾੜਾ ਪ੍ਰਭਾਵ ਪਿਆ ਹੈ। ਉਨ੍ਹਾਂ ਕਿਹਾ ਕਿ ਡਿਵੀਜ਼ੀਬਲ ਪੂਲ ਵਿਚ ਰਾਜਾਂ ਦਾ ਅਸਲ ਹਿੱਸਾ 41 ਫ਼ੀਸਦ ਤੋਂ ਘੱਟ ਕੇ 34 ਫ਼ੀਸਦ ’ਤੇ ਆ ਗਿਆ ਹੈ। ਇਸੇ ਦੌਰਾਨ ਕੇਂਦਰੀ ਸਪਾਂਸਰਡ ਸਕੀਮਾਂ ਵਿੱਚ ਸੂਬਿਆਂ ਦੀ ਹਿੱਸੇਦਾਰੀ ਵਧਾ ਕੇ ਕੇਂਦਰ ਨੇ ਰਾਜਾਂ ’ਤੇ ਵਾਧੂ ਭਾਰ ਪਾ ਦਿੱਤਾ ਹੈ।